- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੋਗਾ ਦੀ ਨਾਮਵਰ ਵਿੱਦਿਅਕ

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ: ਮੋਗਾ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਖੇ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਕਮਲ ਸੈਣੀ ਦੀ ਅਗਵਾਈ ਹੇਠ ਵਿਦਿਆਰਥੀਆਂ ਨੂੰ ਸੰਗੀਤ ਦੀ ਮਹੱਤਤਾ, ਇਸ ਦੀਆਂ ਵੱਖ-ਵੱਖ ਵਿਧਾਵਾਂ ਅਤੇ ਮਨੁੱਖੀ ਜੀਵਨ ’ਤੇ ਇਸ ਦੇ ਪ੍ਰਭਾਵ ਤੋਂ ਜਾਣੂੰ ਕਰਵਾਉਣ ਲਈ ਅੰਤਰਰਾਸ਼ਟਰੀ ਸੰਗੀਤ ਦਿਵਸ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਵੱਲੋਂ ਸੰਗੀਤ ਨਾਲ ਸਬੰਧਤ ਸੁੰਦਰ ਚਾਰਟ ਤਿਆਰ ਕੀਤੇ ਗਏ ਅਤੇ ਇਸ ਦਿਵਸ ਦੀ ਮਹੱਤਤਾ ਬਾਰੇ ਜਾਣਕਾਰੀ ਭਰਪੂਰ ਲੇਖ ਵੀ ਪੇਸ਼ ਕੀਤੇ ਗਏ। ਵਿਦਿਆਰਥੀਆਂ ਨੇ ਦੱਸਿਆ ਕਿ ਸੰਗੀਤ ਮਨੁੱਖੀ ਜੀਵਨ ਦਾ ਅਟੁੱਟ ਹਿੱਸਾ ਹੈ। ਇਹ ਭਾਸ਼ਾ ਅਤੇ ਸਰਹੱਦਾਂ ਤੋਂ ਪਰੇ ਜਾ ਕੇ ਲੋਕਾਂ ਨੂੰ ਆਪਸ ਵਿਚ ਜੋੜਦਾ ਹੈ ਅਤੇ ਖੁਸ਼ੀ, ਸ਼ਾਂਤੀ, ਭਾਵਨਾਵਾਂ ਅਤੇ ਰਚਨਾਤਮਕਤਾ ਦਾ ਪ੍ਰਗਟਾਵਾ ਕਰਨ ਦਾ ਪ੍ਰਭਾਵਸ਼ਾਲੀ ਮਾਧਿਅਮ ਹੈ। ਅੰਤਰਰਾਸ਼ਟਰੀ ਸੰਗੀਤ ਦਿਵਸ ਸੰਗੀਤ ਦੀ ਵਿਸ਼ਵ ਪੱਧਰੀ ਮਹੱਤਤਾ ਨੂੰ ਉਜਾਗਰ ਕਰਨ ਅਤੇ ਹਰ ਉਮਰ ਦੇ ਲੋਕਾਂ ਨੂੰ ਸੰਗੀਤ ਨਾਲ ਜੁੜਨ ਲਈ ਪ੍ਰੇਰਿਤ ਕਰਨ ਦਾ ਇਕ ਵਿਸ਼ੇਸ਼ ਮੌਕਾ ਹੈ। ਇਸ ਮੌਕੇ ਸਕੂਲ ਦੀ ਕੋਇਰ ਟੀਮ ਵੱਲੋਂ ਸਟੇਜ ’ਤੇ ਸ਼ਾਨਦਾਰ ਇੰਸਟਰੂਮੈਂਟਲ ਪਰਫਾਰਮੈਂਸ ਪੇਸ਼ ਕੀਤੀ ਗਈ। ਵਿਦਿਆਰਥੀਆਂ ਨੇ ਵੱਖ-ਵੱਖ ਸਾਜ਼ਾਂ ਦੀ ਸੁਰੀਲੀ ਪੇਸ਼ਕਾਰੀ ਰਾਹੀਂ ਸੰਗੀਤ ਦੀ ਤਾਕਤ ਅਤੇ ਇਸ ਦੀ ਵਿਭਿੰਨਤਾ ਨੂੰ ਦਰਸਾਇਆ। ਇਸ ਦੌਰਾਨ ਗਿਟਾਰ, ਤਬਲਾ, ਕੀਬੋਰਡ, ਹਾਰਮੋਨੀਅਮ, ਜਲ ਤਰੰਗ, ਢੋਲਕੀ, ਡਰਮ ਸੈੱਟ, ਕੋਂਗੋ ਆਦਿ ਸਾਜ਼ਾਂ ਦੀਆਂ ਮਨਮੋਹਕ ਧੁੰਨਾਂ ਨੇ ਮਾਹੌਲ ਨੂੰ ਸੰਗੀਤਮਈ ਬਣਾ ਦਿੱਤਾ। ਵਿਦਿਆਰਥੀਆਂ ਦੀ ਪੇਸ਼ਕਾਰੀ ਨੇ ਇਹ ਸੰਦੇਸ਼ ਦਿੱਤਾ ਕਿ ਸੰਗੀਤ ਕੇਵਲ ਮਨੋਰੰਜਨ ਦਾ ਸਾਧਨ ਨਹੀਂ, ਸਗੋਂ ਇਹ ਵਿਦਿਆਰਥੀਆਂ ਵਿਚ ਅਨੁਸ਼ਾਸਨ, ਇਕਾਗਰਤਾ, ਰਚਨਾਤਮਕਤਾ, ਟੀਮ ਵਰਕ ਅਤੇ ਆਤਮ-ਵਿਸ਼ਵਾਸ ਵਰਗੇ ਗੁਣਾਂ ਦਾ ਵਿਕਾਸ ਕਰਨ ਵਿਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਬਲੂਮਿੰਗ ਬਡਜ਼ ਸਕੂਲ ਵੱਲੋਂ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਅਤੇ ਕਲਾ ਨੂੰ ਪ੍ਰਗਟ ਕਰਨ ਲਈ ਲਗਾਤਾਰ ਵੱਖ-ਵੱਖ ਮੰਚ ਅਤੇ ਮੌਕੇ ਪ੍ਰਦਾਨ ਕੀਤੇ ਜਾਂਦੇ ਹਨ। ਚਾਹੇ ਉਹ ਸੰਗੀਤ, ਖੇਡਾਂ, ਕਲਾ, ਸੱਭਿਆਚਾਰਕ ਗਤੀਵਿਧੀਆਂ, ਭਾਸ਼ਣ ਜਾਂ ਹੋਰ ਰਚਨਾਤਮਕ ਖੇਤਰ ਹੋਣ, ਸਕੂਲ ਦਾ ਉਦੇਸ਼ ਹਰ ਵਿਦਿਆਰਥੀ ਦੀ ਅੰਦਰੂਨੀ ਪ੍ਰਤਿਭਾ ਨੂੰ ਪਛਾਣ ਕੇ ਉਸ ਨੂੰ ਨਿਖਾਰਨਾ ਹੈ। ਵਿਦਿਆਰਥੀਆਂ ਨੂੰ ਆਪਣੀ ਕਲਾ ਦਰਸ਼ਕਾਂ ਸਾਹਮਣੇ ਪੇਸ਼ ਕਰਨ ਦੇ ਅਜਿਹੇ ਮੌਕੇ ਮਿਲਣ ਨਾਲ ਉਨ੍ਹਾਂ ਦੇ ਆਤਮ-ਵਿਸ਼ਵਾਸ ਅਤੇ ਸ਼ਖ਼ਸੀਅਤ ਦਾ ਵਿਕਾਸ ਹੁੰਦਾ ਹੈ। ਇਹ ਬਲੂਮਿੰਗ ਬਡਜ਼ ਸਕੂਲ ਦੀ ਬੱਚੇ ਦੇ ਸਰਵਪੱਖੀ ਵਿਕਾਸ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਸ ਮੌਕੇ ਸਕੂਲ ਪ੍ਰਿਸੀਪਲ ਡਾ. ਹਮੀਲੀਆ ਰਾਣੀ ਵੱਲੋਂ ਵਿਦਿਆਰਥੀਆਂ ਦੀ ਸ਼ਾਨਦਾਰ ਪੇਸ਼ਕਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਗਿਆ ਕਿ ਸਿੱਖਿਆ ਦਾ ਮਕਸਦ ਕੇਵਲ ਅਕਾਦਮਿਕ ਗਿਆਨ ਪ੍ਰਦਾਨ ਕਰਨਾ ਹੀ ਨਹੀਂ, ਸਗੋਂ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਰੁਚੀਆਂ ਅਤੇ ਪ੍ਰਤਿਭਾਵਾਂ ਅਨੁਸਾਰ ਅੱਗੇ ਵਧਣ ਲਈ ਉਚਿਤ ਮੌਕੇ ਪ੍ਰਦਾਨ ਕਰਨਾ ਵੀ ਹੈ।