ਦਸਮੇਸ਼ ਸਕੂਲ ਬਿਲਾਸਪੁਰ 'ਚ ਮਨਾਇਆ ਅੰਤਰਰਾਸ਼ਟਰੀ ਸ਼ਾਂਤੀ ਦਿਵਸ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ
Publish Date: Tue, 15 Sep 2026 04:53 PM (IST)
Updated Date: Wed, 16 Sep 2026 04:05 AM (IST)
ਅਧਿਆਪਕਾਂ ਤੇ ਵਿਦਿਆਰਥੀਆਂ ਨੇ ਲਿਆ ਸ਼ਾਂਤੀ ਅਹਿਦ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ ਨਿਹਾਲ ਸਿੰਘ ਵਾਲਾ : ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਜ਼ਿਲ੍ਹਾ ਮੋਗਾ ਦਵਿੰਦਰ ਸਿੰਘ ਲੋਟੇ ਅਤੇ ਤਰਨਜੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਾਮਵਰ ਸਿੱਖਿਆ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਦੇ ਭਾਈ ਘਨ੍ਹੱਈਆ ਕੌਮੀ ਸੇਵਾ ਯੂਨਿਟ ਦੇ ਵਲੰਟੀਅਰਾਂ ਵੱਲੋਂ ਅੰਤਰਰਾਸ਼ਟਰੀ ਸ਼ਾਂਤੀ ਦਿਵਸ ਉਤਸ਼ਾਹ ਪੂਰਬਕ ਮਨਾਇਆ ਗਿਆ। ਸਮਾਗਮ ਦਾ ਆਗਾਜ਼ ਅਧਿਆਪਕਾਂ ਅਤੇ ਵਲੰਟੀਅਰਾਂ ਨੇ ਸ਼ਾਂਤੀ ਅਹਿਦ ਰਾਹੀਂ ਕੀਤਾ। ਪ੍ਰੋਗਰਾਮ ਅਫ਼ਸਰ ਗੁਰਚਰਨ ਸਿੰਘ ਰਾਮਾਂ ਨੇ ਕਿਹਾ ਕਿ ਅੱਜ ਦਾ ਦਿਨ ਦੁਨੀਆ ਭਰ ਵਿਚ ਸ਼ਾਂਤੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਅਸੀਂ ਵਿਸ਼ਵ ਸ਼ਾਂਤੀ ਲਈ ਦੁਆਵਾਂ ਕਰਦੇ ਹਾਂ। ਪ੍ਰਿੰਸੀਪਲ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਸੰਯੁਕਤ ਮਹਾਂ ਸਭਾ ਨੇ 1981 ਤੋਂ ਇਸ ਦਿਨ ਦੀ ਸ਼ੁਰੂਆਤ ਕੀਤੀ ਅਤੇ 1982 ਤੋਂ ਹਰ ਸਾਲ 15 ਸਤੰਬਰ ਨੂੰ ਇਹ ਦਿਹਾੜਾ ਕੌਮਾਂਤਰੀ ਪੱਧਰ ’ਤੇ ਮਨਾਇਆ ਜਾਂਦਾ ਹੈ। ਮੈਨੇਜਿੰਗ ਡਾਇਰੈਕਟਰ ਪ੍ਰਿੰਸੀਪਲ ਮਹਿੰਦਰ ਕੌਰ ਢਿੱਲੋਂ ਅਤੇ ਬਾਨੀ ਪ੍ਰਿੰਸੀਪਲ ਭੁਪਿੰਦਰ ਸਿੰਘ ਢਿੱਲੋਂ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਅਜੋਕੇ ਯੁੱਗ ਵਿਚ ਸਮੁੱਚਾ ਵਿਸ਼ਵ ਇਕ ਗਲੋਬਲ ਪਿੰਡ ਦਾ ਰੂਪ ਧਾਰਨ ਕਰ ਚੁੱਕਿਆ ਹੈ। ਇਹੋ ਕਾਰਨ ਹੈ ਕਿ ਅਮਰੀਕਾ, ਇਜਰਾਇਲ ਅਤੇ ਈਰਾਨ ਵਿਚਕਾਰ ਚੱਲ ਰਹੀ ਜੰਗ ਦਾ ਅਸਰ ਸਾਰੇ ਸੰਸਾਰ ਤੇ ਮਹਿੰਗਾਈ ਦੇ ਰੂਪ ਵਿਚ ਦੇਖਣ ਨੂੰ ਮਿਲ ਰਿਹਾ ਹੈ। ਵਾਈਸ ਪ੍ਰਿੰਸੀਪਲ ਮੀਨਾ ਜੈਨ ਨੇ ਕਿਹਾ ਕਿ ਸਾਡੇ ਗੁਰੂ ਸਾਹਿਬਾਨ ਨੇ ਸਰਬੱਤ ਦੇ ਭਲੇ ਦਾ ਪੈਗ਼ਾਮ ਦਿੱਤਾ ਹੈ ਜਿਸ ’ਤੇ ਚੱਲਦਿਆਂ ਵਿਸ਼ਵ ਸ਼ਾਂਤੀ ਸਥਾਪਿਤ ਕਰਨ ਦੀ ਲੋੜ ਹੈ। ਇਸ ਸਮੇਂ ਕੁਲਦੀਪ ਸਿੰਘ ਧਾਲੀਵਾਲ, ਅਰਵਿੰਦਰ ਸਿੰਘ ਸੇਖੋਂ, ਜਗਦੇਵ ਸਿੰਘ ਧਾਲੀਵਾਲ, ਸੁਨਿਧੀ ਮਿੱਤਲ, ਬਲਜੀਤ ਕੌਰ, ਹਰਪ੍ਰੀਤ ਕੌਰ, ਜਸਪ੍ਰੀਤ ਕੌਰ, ਮਨਪ੍ਰੀਤ ਕੌਰ, ਵੀਰਪਾਲ ਬੌਡੇ, ਤਰਸੇਮਪਾਲ ਕੌਰ, ਰੁਪਿੰਦਰ ਕੌਰ, ਸਰਬਜੀਤ ਕੌਰ, ਇੰਦਰਜੀਤ ਕੌਰ, ਪ੍ਰਦੀਪ ਕੌਰ ਆਦਿ ਨੇ ਵਿਸ਼ਵ ਸ਼ਾਂਤੀ ਦਿਵਸ ਮੌਕੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸੰਸਾਰ ਭਰ ਦੀ ਤਰੱਕੀ ਲਈ ਸ਼ਾਂਤੀ ਦੀ ਸਥਾਪਤੀ ਬਹੁਤ ਜ਼ਰੂਰੀ ਹੈ। ਇਸ ਸਮੇਂ ਵਲੰਟੀਅਰਾਂ ਨੇ ਚੇਤਨਾ ਰੈਲੀ ਵੀ ਕੱਢੀ।