- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀਮਤੀ ਨੀਲਮ ਅਰੋੜਾ ਜ਼ਿਲ੍ਹਾ

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ: ਸ੍ਰੀਮਤੀ ਨੀਲਮ ਅਰੋੜਾ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਦੀ ਅਗਵਾਈ ਹੇਠ ਸਿਮਰਨ ਸਿੰਘ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਸਮੇਤ ਬੋਰਡ ਆਫ਼ ਵਿਜ਼ਿਟਰਜ਼ ਵੱਲੋਂ ਸਬ ਜੇਲ੍ਹ ਮੋਗਾ ਦਾ ਬਰੀਕੀ ਨਾਲ ਨਿਰੀਖਣ ਕੀਤਾ ਗਿਆ। ਇਹ ਨਿਰੀਖਣ ਜੇਲ੍ਹਾਂ ਵਿਚ ਬੁਨਿਆਦੀ ਸਹੂਲਤਾਂ ਦੀ ਜਾਂਚ ਲਈ ਨਿਯਮਤ ਨਿਰੀਖਣ ਕਰਨ ਦੇ ਉਦੇਸ਼ ਨਾਲ ਕੀਤਾ ਗਿਆ। ਨਿਰੀਖਣ ਦੌਰਾਨ ਬੋਰਡ ਵੱਲੋਂ ਜੇਲ੍ਹ ਦੀਆਂ ਵੱਖ-ਵੱਖ ਬੈਰਕਾਂ, ਲੰਗਰ/ਕਿਚਨ ਅਤੇ ਮੈਡੀਕਲ ਦੀਆਂ ਸਹੂਲਤਾਂ ਦਾ ਬਾਰੀਕੀ ਨਾਲ ਨਿਰੀਖਣ ਕੀਤਾ ਗਿਆ। ਇਸ ਮੌਕੇ ਜੇਲ੍ਹ ਵਿਚ ਬੁਨਿਆਦੀ ਸਹੂਲਤਾਂ, ਸਫ਼ਾਈ, ਬੰਦੀਆਂ ਦੀ ਰਿਹਾਇਸ਼, ਭੋਜਨ, ਸੁਰੱਖਿਆ, ਅਨੁਸ਼ਾਸਨ, ਮੈਡੀਕਲ ਸਹੂਲਤਾਂ, ਅਤੇ ਬੰਦੀਆਂ ਦੀ ਭਲਾਈ ਸਬੰਧੀ ਪ੍ਰਬੰਧਾਂ ਦੀ ਸਮੀਖਿਆ ਕੀਤੀ ਗਈ। ਬੋਰਡ ਵੱਲੋਂ ਬੰਦੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀ ਭਲਾਈ ਅਤੇ ਸਮੱਸਿਆਵਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਗਈ। ਬੋਰਡ ਵੱਲੋਂ ਜੇਲ੍ਹ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਗਈ ਕਿ ਜੇਲ੍ਹ ਅੰਦਰ ਜਾਤੀ, ਲਿੰਗ, ਅਪੰਗਤਾ ਜਾਂ ਕਿਸੇ ਹੋਰ ਆਧਾਰ ’ਤੇ ਕਿਸੇ ਵੀ ਤਰ੍ਹਾਂ ਦਾ ਭੇਦਭਾਵ ਨਾ ਹੋਣ ਨੂੰ ਯਕੀਨੀ ਬਣਾਇਆ ਜਾਵੇ ਅਤੇ ਇਸ ਦੇ ਨਾਲ ਹੀ ਸਫ਼ਾਈ, ਸੁਰੱਖਿਆ, ਅਨੁਸ਼ਾਸਨ, ਭੋਜਨ ਦੀ ਗੁਣਵੱਤਾ, ਮੈਡੀਕਲ ਦੇਖਭਾਲ ਅਤੇ ਬੰਦੀਆਂ ਦੀ ਭਲਾਈ ਦੇ ਮਿਆਰਾਂ ਨੂੰ ਲਗਾਤਾਰ ਕਾਇਮ ਰੱਖਿਆ ਜਾਵੇ ਅਤੇ ਬੰਦੀਆਂ ਦੀਆਂ ਜਾਇਜ਼ ਸ਼ਿਕਾਇਤਾਂ ਦਾ ਸਮੇਂ ਸਿਰ ਨਿਪਟਾਰਾ ਕੀਤਾ ਜਾਵੇ। ਇਸ ਮੌਕੇ ਜਸਪਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ ਮੋਗਾ, ਮਮਤਾ ਕੱਕੜ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਮੋਗਾ, ਡਾ. ਜਯੋਤੀ ਸਹਾਇਕ ਸਿਵਲ ਸਰਜਨ ਮੋਗਾ, ਬਲਰਾਜ ਸਿੰਘ ਕੈਰੀਅਰ ਕਾਊਂਸਲਰ ਮੋਗਾ, ਤੇਜਿੰਦਰ ਸਿੰਘ ਸੀਨੀਅਰ ਇੰਡਸਟਰੀਅਲ ਪ੍ਰੋਮੋਸ਼ਨ ਅਫਸਰ ਮੋਗਾ, ਅਸ਼ੀਸ਼ ਕੁਮਾਰ ਸ਼ਰਮਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਮੋਗਾ ਅਤੇ ਪ੍ਰੀਤਮਪਾਲ ਸਿੰਘ ਡਿਪਟੀ ਸੁਪਰਡੈਂਟ ਸਬ ਜੇਲ੍ਹ ਮੋਗਾ ਹਾਜ਼ਰ ਸਨ। ਨਿਰੀਖਣ ਤਸੱਲੀਬਖਸ਼ ਢੰਗ ਨਾਲ ਸੰਪੰਨ ਹੋਇਆ। ਬੋਰਡ ਵੱਲੋਂ ਜੇਲ੍ਹ ਪ੍ਰਸ਼ਾਸਨ ਨੂੰ ਬੰਦੀਆਂ ਲਈ ਸਾਫ਼-ਸੁਥਰਾ, ਸੁਰੱਖਿਅਤ, ਸਿਹਤਮੰਦ ਅਤੇ ਭੇਦਭਾਵ-ਰਹਿਤ ਮਾਹੌਲ ਬਣਾਈ ਰੱਖਣ ਦੇ ਨਿਰਦੇਸ਼ ਦਿੱਤੇ ਗਏ।