
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ

ਵਕੀਲ ਮਹਿਰੋਂ ਪੰਜਾਬੀ ਜਾਗਰਣ ਮੋਗਾ: ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ ਜਿੱਥੇ ਭੈਣਾਂ ਆਪਣੇ ਭਰਾਵਾਂ ਦੀ ਕਲਾਈ ’ਤੇ ਪਿਆਰ ਅਤੇ ਭਾਈਚਾਰੇ ਦੀ ਨਿਸ਼ਾਨੀ ਵਜੋਂ ਰੱਖੜੀ ਬੰਨ੍ਹਣ ਲਈ ਤਿਆਰੀਆਂ ਕਰ ਰਹੀਆਂ ਹਨ, ਉੱਥੇ ਹੀ ਵਧਦੀ ਮਹਿੰਗਾਈ ਨੇ ਇਸ ਖੁਸ਼ੀ ਦੇ ਤਿਉਹਾਰ ’ਤੇ ਵੀ ਆਮ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਖਾਸ ਕਰਕੇ ਖੰਡ ਦੇ ਰੇਟਾਂ ਵਿੱਚ ਹੋਏ ਵਾਧੇ ਦਾ ਸਿੱਧਾ ਅਸਰ ਮਠਿਆਈਆਂ ਦੀਆਂ ਕੀਮਤਾਂ ’ਤੇ ਪਿਆ ਹੈ। ਮਠਿਆਈਆਂ ਦੇ ਰੇਟ ਵਧਣ ਕਾਰਨ ਹੁਣ ਆਮ ਅਤੇ ਮੱਧ ਵਰਗੀ ਪਰਿਵਾਰਾਂ ਲਈ ਤਿਉਹਾਰ ਮੌਕੇ ਆਪਣੀ ਪਸੰਦ ਦੀ ਮਠਿਆਈ ਖਰੀਦਣਾ ਵੀ ਮਹਿੰਗਾ ਸੌਦਾ ਬਣਦਾ ਜਾ ਰਿਹਾ ਹੈ। ਮਠਿਆਈ ਵਿਕਰੇਤਾਵਾਂ ਅਨੁਸਾਰ ਖੰਡ ਦੇ ਵਧੇ ਹੋਏ ਭਾਅ ਕਾਰਨ ਮਠਿਆਈਆਂ ਤਿਆਰ ਕਰਨ ਦੀ ਲਾਗਤ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਦਾ ਨਤੀਜਾ ਇਹ ਨਿਕਲ ਰਿਹਾ ਹੈ ਕਿ ਰੱਖੜੀ ਦੇ ਤਿਉਹਾਰ ਮੌਕੇ ਮਠਿਆਈਆਂ ਦੀਆਂ ਕੀਮਤਾਂ ਪਹਿਲਾਂ ਨਾਲੋਂ ਕਾਫ਼ੀ ਵਧ ਗਈਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਤਿਉਹਾਰਾਂ ਦੇ ਮੌਕੇ ਮਠਿਆਈ ਖ਼ਰੀਦਣਾ ਸਾਡੀ ਪਰੰਪਰਾ ਦਾ ਹਿੱਸਾ ਹੈ ਪਰ ਵਧਦੀਆਂ ਕੀਮਤਾਂ ਕਾਰਨ ਹੁਣ ਹਰ ਕੋਈ ਆਪਣੀ ਸਮਰੱਥਾ ਅਨੁਸਾਰ ਹੀ ਮਠਿਆਈ ਖ਼ਰੀਦਣ ਲਈ ਮਜ਼ਬੂਰ ਹੈ। ਰੱਖੜੀ ਦੇ ਤਿਉਹਾਰ ਮੌਕੇ ਮਠਿਆਈ ਖ਼ਰੀਦਣ ਲਈ ਆਈ ਪਰਮਜੀਤ ਕੌਰ ਧੱਲੇਕੇ ਨੇ ਕਿਹਾ ਕਿ ਅੱਜਕੱਲ੍ਹ ਮਠਿਆਈਆਂ ਦੇ ਰੇਟ ਇੰਨੇ ਵਧ ਗਏ ਹਨ ਕਿ ਆਮ ਪਰਿਵਾਰ ਲਈ ਤਿਉਹਾਰ ਮੌਕੇ ਮਠਿਆਈ ਖ਼ਰੀਦਣਾ ਵੀ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਰੱਖੜੀ ਦਾ ਤਿਉਹਾਰ ਭੈਣ-ਭਰਾ ਦੇ ਪਿਆਰ ਦਾ ਤਿਉਹਾਰ ਹੈ ਅਤੇ ਇਸ ਮੌਕੇ ਭੈਣਾਂ ਵੱਲੋਂ ਆਪਣੇ ਭਰਾਵਾਂ ਲਈ ਰੱਖੜੀ ਦੇ ਨਾਲ ਮਠਿਆਈ ਲੈ ਕੇ ਜਾਣ ਦੀ ਰਵਾਇਤ ਹੈ, ਪਰ ਮਹਿੰਗਾਈ ਕਾਰਨ ਹੁਣ ਮਠਿਆਈ ਖ਼ਰੀਦਣ ਤੋਂ ਪਹਿਲਾਂ ਕਈ ਵਾਰ ਸੋਚਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਵਧਦੀ ਮਹਿੰਗਾਈ ’ਤੇ ਕਾਬੂ ਪਾਉਣ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਤਿਉਹਾਰਾਂ ਮੌਕੇ ਆਮ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ। ਇਸ ਮੌਕੇ ਗੁਰੂ ਰਾਮਦਾਸ ਡੇਅਰੀ ਦੇ ਮਾਲਕ ਗੁਰਮੇਲ ਸਿੰਘ ਨੇ ਦੱਸਿਆ ਕਿ ਮਠਿਆਈਆਂ ਦੇ ਰੇਟ ਵਧਾਉਣਾ ਉਨ੍ਹਾਂ ਦੀ ਮਰਜ਼ੀ ਨਹੀਂ, ਸਗੋਂ ਖੰਡ ਸਮੇਤ ਹੋਰ ਕੱਚੇ ਮਾਲ ਦੀਆਂ ਕੀਮਤਾਂ ਵਧਣ ਕਾਰਨ ਉਨ੍ਹਾਂ ਨੂੰ ਮਜ਼ਬੂਰਨ ਮਠਿਆਈਆਂ ਦੇ ਰੇਟ ਵਧਾਉਣੇ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਜਿਹੜੀ ਖੰਡ ਪਹਿਲਾਂ ਉਨ੍ਹਾਂ ਨੂੰ ਲਗਭਗ 40-45 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਮਿਲ ਜਾਂਦੀ ਸੀ, ਉਸ ਦੇ ਰੇਟ ਹੁਣ ਵਧ ਕੇ ਕਰੀਬ 70 ਰੁਪਏ ਪ੍ਰਤੀ ਕਿੱਲੋ ਤੱਕ ਪਹੁੰਚ ਗਏ ਹਨ। ਗੁਰਮੇਲ ਸਿੰਘ ਨੇ ਕਿਹਾ ਕਿ ਮਠਿਆਈ ਤਿਆਰ ਕਰਨ ਵਿੱਚ ਖੰਡ ਇੱਕ ਮਹੱਤਵਪੂਰਨ ਸਮੱਗਰੀ ਹੈ। ਜਦੋਂ ਇਸ ਦੀ ਕੀਮਤ ਵਿੱਚ ਵੱਡਾ ਵਾਧਾ ਹੁੰਦਾ ਹੈ ਤਾਂ ਇਸ ਦਾ ਸਿੱਧਾ ਅਸਰ ਮਠਿਆਈ ਦੀ ਲਾਗਤ ’ਤੇ ਪੈਂਦਾ ਹੈ। ਇਸ ਤੋਂ ਇਲਾਵਾ ਦੁੱਧ, ਘਿਓ, ਸੁੱਕੇ ਮੇਵੇ ਅਤੇ ਹੋਰ ਸਮੱਗਰੀ ਦੇ ਰੇਟਾਂ ਵਿਚ ਵੀ ਉਤਾਰ-ਚੜ੍ਹਾਅ ਰਹਿੰਦਾ ਹੈ। ਅਜਿਹੇ ਹਾਲਾਤਾਂ ਵਿਚ ਦੁਕਾਨਦਾਰਾਂ ਲਈ ਪੁਰਾਣੇ ਰੇਟਾਂ ’ਤੇ ਮਠਿਆਈ ਵੇਚਣਾ ਮੁਸ਼ਕਲ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਦੁਕਾਨਦਾਰ ਵੀ ਚਾਹੁੰਦੇ ਹਨ ਕਿ ਗਾਹਕਾਂ ਨੂੰ ਵਾਜਬ ਕੀਮਤ ’ਤੇ ਵਧੀਆ ਅਤੇ ਤਾਜ਼ੀ ਮਠਿਆਈ ਮਿਲੇ, ਪਰ ਜਦੋਂ ਕੱਚੇ ਮਾਲ ਦੀ ਲਾਗਤ ਵਧਦੀ ਹੈ ਤਾਂ ਮਠਿਆਈਆਂ ਦੇ ਰੇਟਾਂ ਵਿੱਚ ਵੀ ਕੁਝ ਵਾਧਾ ਕਰਨਾ ਪੈਂਦਾ ਹੈ। ਰੱਖੜੀ ਦੇ ਤਿਉਹਾਰ ਤੋਂ ਪਹਿਲਾਂ ਮਠਿਆਈਆਂ ਦੇ ਵਧੇ ਰੇਟਾਂ ਨੇ ਜਿੱਥੇ ਆਮ ਲੋਕਾਂ ਦੀ ਚਿੰਤਾ ਵਧਾਈ ਹੈ, ਉੱਥੇ ਹੀ ਮਠਿਆਈ ਵਿਕਰੇਤਾਵਾਂ ਦਾ ਕਹਿਣਾ ਹੈ ਕਿ ਜੇਕਰ ਖੰਡ ਅਤੇ ਹੋਰ ਕੱਚੇ ਮਾਲ ਦੀਆਂ ਕੀਮਤਾਂ ਵਿਚ ਕਮੀ ਆਉਂਦੀ ਹੈ ਤਾਂ ਇਸ ਦਾ ਲਾਭ ਗਾਹਕਾਂ ਨੂੰ ਵੀ ਦਿੱਤਾ ਜਾ ਸਕਦਾ ਹੈ। ਫਿਲਹਾਲ ਤਿਉਹਾਰ ਦੀਆਂ ਖੁਸ਼ੀਆਂ ਦੇ ਨਾਲ-ਨਾਲ ਮਹਿੰਗਾਈ ਦਾ ਬੋਝ ਵੀ ਲੋਕਾਂ ਨੂੰ ਆਪਣੀ ਜੇਬ ’ਤੇ ਝੱਲਣਾ ਪੈ ਰਿਹਾ ਹੈ।