- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਰਸਿੰਗ ਦੀ ਪੜ੍ਹਾਈ ਕਰਨ ਦੇ ਚਾਹਵਾਨ

ਵਕੀਲ ਮਹਿਰੋਂ, ਨਿੱਜੀ ਪੰਜਾਬੀ ਜਾਗਰਣ ਮੋਗਾ: ਨਰਸਿੰਗ ਦੀ ਪੜ੍ਹਾਈ ਕਰਨ ਦੇ ਚਾਹਵਾਨ ਵਿਦਿਆਰਥੀਆਂ ਲਈ ਰਾਹਤ ਦੀ ਖ਼ਬਰ ਹੈ। ਪੰਜਾਬ ਦੇ ਨਰਸਿੰਗ ਕਾਲਜਾਂ ਵਿਚ ਬੀਐੱਸਸੀ ਨਰਸਿੰਗ ਦੇ ਦਾਖ਼ਲਿਆਂ ਦੌਰਾਨ ਖਾਲੀ ਰਹਿ ਰਹੀਆਂ ਸੀਟਾਂ ਨੂੰ ਭਰਨ ਲਈ ਇੰਡੀਅਨ ਨਰਸਿੰਗ ਕੌਂਸਲ ਵੱਲੋਂ ਦਾਖ਼ਲਾ ਨਿਯਮਾਂ ਵਿਚ 10 ਪਰਸੈਂਟਾਈਲ ਦੀ ਛੋਟ ਦਿੱਤੀ ਗਈ ਹੈ। ਇਸ ਫ਼ੈਸਲੇ ਨਾਲ ਵੱਡੀ ਗਿਣਤੀ ਵਿਚ ਉਨ੍ਹਾਂ ਵਿਦਿਆਰਥੀਆਂ ਨੂੰ ਨਰਸਿੰਗ ਦੀ ਪੜ੍ਹਾਈ ਕਰਨ ਦਾ ਮੌਕਾ ਮਿਲ ਸਕਦਾ ਹੈ, ਜਿਹੜੇ ਦਾਖ਼ਲਾ ਪ੍ਰੀਖਿਆ ਵਿਚ ਨਿਰਧਾਰਤ ਮਾਪਦੰਡ ਪੂਰੇ ਨਾ ਕਰ ਸਕਣ ਕਾਰਨ ਇਸ ਕੋਰਸ ਵਿਚ ਦਾਖ਼ਲਾ ਲੈਣ ਤੋਂ ਵਾਂਝੇ ਰਹਿ ਰਹੇ ਸਨ। ਨਰਸਿੰਗ ਟ੍ਰੇਨਿੰਗ ਇੰਸਟੀਚਿਊਟਸ ਐਸੋਸੀਏਸ਼ਨ ਦੇ ਪ੍ਰਧਾਨ ਗੁਰਦਿਆਲ ਸਿੰਘ ਬੁੱਟਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਵੱਲੋਂ ਬੀਐੱਸਸੀ ਨਰਸਿੰਗ ਦੇ ਦਾਖ਼ਲਿਆਂ ਲਈ ਤਿੰਨ ਕੌਂਸਲਿੰਗ ਪ੍ਰਕਿਰਿਆਵਾਂ ਪੂਰੀਆਂ ਕੀਤੀਆਂ ਜਾ ਚੁੱਕੀਆਂ ਸਨ ਪਰ ਇਸ ਦੇ ਬਾਵਜੂਦ ਪੰਜਾਬ ਦੇ ਕਈ ਨਰਸਿੰਗ ਕਾਲਜਾਂ ਵਿਚ ਸੀਟਾਂ ਖਾਲੀ ਰਹਿ ਗਈਆਂ ਸਨ। ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ (ਡਾ.) ਰਾਜਿੰਦਰ ਕੁਮਾਰ ਬਾਂਸਲ ਵੱਲੋਂ ਇੰਡੀਅਨ ਨਰਸਿੰਗ ਕੌਂਸਲ, ਨਵੀਂ ਦਿੱਲੀ ਨੂੰ ਪੱਤਰ ਲਿਖ ਕੇ ਦਾਖ਼ਲਾ ਨਿਯਮਾਂ ਵਿਚ ਛੋਟ ਦੇਣ ਦੀ ਮੰਗ ਕੀਤੀ ਗਈ ਸੀ। ਸ. ਬੁੱਟਰ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਕੀਤੀ ਗਈ ਇਸ ਪਹਿਲ ਦਾ ਮੁੱਖ ਉਦੇਸ਼ ਪੰਜਾਬ ਦੇ ਨਰਸਿੰਗ ਕਾਲਜਾਂ ਦੀਆਂ ਖਾਲੀ ਸੀਟਾਂ ਨੂੰ ਭਰਨਾ ਅਤੇ ਸੂਬੇ ਦੇ ਵਿਦਿਆਰਥੀਆਂ ਨੂੰ ਆਪਣੇ ਹੀ ਸੂਬੇ ਵਿਚ ਰਹਿ ਕੇ ਨਰਸਿੰਗ ਦੀ ਸਿੱਖਿਆ ਹਾਸਲ ਕਰਨ ਦਾ ਮੌਕਾ ਦੇਣਾ ਸੀ। ਇੰਡੀਅਨ ਨਰਸਿੰਗ ਕੌਂਸਲ ਵੱਲੋਂ ਇਸ ਮੰਗ ’ਤੇ ਵਿਚਾਰ ਕਰਦਿਆਂ ਬੀਐੱਸਸੀ ਨਰਸਿੰਗ ਦੇ ਦਾਖ਼ਲਿਆਂ ਲਈ 10 ਪਰਸੈਂਟਾਈਲ ਦੀ ਛੋਟ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਸ. ਗੁਰਦਿਆਲ ਸਿੰਘ ਬੁੱਟਰ ਨੇ ਦੱਸਿਆ ਕਿ ਇੰਡੀਅਨ ਨਰਸਿੰਗ ਕੌਂਸਲ ਵੱਲੋਂ ਦਿੱਤੀ ਗਈ ਰਾਹਤ ਅਨੁਸਾਰ ਜਨਰਲ ਵਰਗ ਦੇ ਵਿਦਿਆਰਥੀ 45 ਅੰਕ ਪ੍ਰਾਪਤ ਕਰਕੇ ਅਤੇ ਐੱਸਸੀ ਤੇ ਓਬੀਸੀ ਵਰਗ ਦੇ ਵਿਦਿਆਰਥੀ 42 ਅੰਕ ਪ੍ਰਾਪਤ ਕਰਕੇ ਬੀਐੱਸਸੀ ਨਰਸਿੰਗ ਵਿਚ ਦਾਖ਼ਲਾ ਲੈਣ ਦੇ ਯੋਗ ਹੋ ਸਕਦੇ ਹਨ। ਹਾਲਾਂਕਿ ਵਿਦਿਆਰਥੀਆਂ ਨੂੰ ਦਾਖ਼ਲੇ ਸਮੇਂ ਲਾਗੂ ਨਿਯਮਾਂ, ਯੋਗਤਾ ਦੀਆਂ ਸ਼ਰਤਾਂ ਅਤੇ ਯੂਨੀਵਰਸਿਟੀ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨੀ ਹੋਵੇਗੀ। ਨਰਸਿੰਗ ਟ੍ਰੇਨਿੰਗ ਇੰਸਟੀਚਿਊਟਸ ਐਸੋਸੀਏਸ਼ਨ ਦੇ ਪ੍ਰਧਾਨ ਜੀਐੱਸ ਬੁੱਟਰ ਨੇ ਕਿਹਾ ਕਿ ਪੰਜਾਬ ਵਿਚ ਸਰਕਾਰੀ ਅਤੇ ਨਿੱਜੀ ਨਰਸਿੰਗ ਕਾਲਜਾਂ ਨੂੰ ਮਿਲਾ ਕੇ ਬੀਐੱਸਸੀ ਨਰਸਿੰਗ ਦੀਆਂ ਲਗਭਗ 6,200 ਤੋਂ 6,500 ਸੀਟਾਂ ਹਨ, ਜਦਕਿ ਇਸ ਕੋਰਸ ਵਿਚ ਦਾਖ਼ਲਾ ਲੈਣ ਦੇ ਚਾਹਵਾਨ ਵਿਦਿਆਰਥੀਆਂ ਦੀ ਗਿਣਤੀ ਕਰੀਬ 15,500 ਹੈ। ਉਨ੍ਹਾਂ ਕਿਹਾ ਕਿ ਜਦੋਂ ਇੰਨੀ ਵੱਡੀ ਗਿਣਤੀ ਵਿਚ ਵਿਦਿਆਰਥੀ ਨਰਸਿੰਗ ਦੀ ਪੜ੍ਹਾਈ ਕਰਨ ਦੇ ਇੱਛੁਕ ਹਨ ਤਾਂ ਨਿਯਮਾਂ ਅਨੁਸਾਰ ਯੋਗ ਵਿਦਿਆਰਥੀਆਂ ਨੂੰ ਦਾਖ਼ਲੇ ਦੇ ਮੌਕੇ ਮਿਲਣੇ ਚਾਹੀਦੇ ਹਨ ਅਤੇ ਕਾਲਜਾਂ ਦੀਆਂ ਸੀਟਾਂ ਵੀ ਖਾਲੀ ਨਹੀਂ ਰਹਿਣੀਆਂ ਚਾਹੀਦੀਆਂ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਇਸ ਛੋਟ ਦੇ ਬਾਵਜੂਦ ਵੀ ਪੰਜਾਬ ਦੇ ਨਰਸਿੰਗ ਕਾਲਜਾਂ ਵਿਚ ਸੀਟਾਂ ਖਾਲੀ ਰਹਿ ਜਾਂਦੀਆਂ ਹਨ ਤਾਂ ਐਸੋਸੀਏਸ਼ਨ ਵੱਲੋਂ ਇੰਡੀਅਨ ਨਰਸਿੰਗ ਕੌਂਸਲ ਨੂੰ ਮੁੜ ਬੇਨਤੀ ਪੱਤਰ ਲਿਖਿਆ ਜਾਵੇਗਾ। ਇਸ ਦਾ ਮਕਸਦ ਸੂਬੇ ਦੇ ਸਾਰੇ ਨਰਸਿੰਗ ਕਾਲਜਾਂ ਦੀਆਂ ਸੀਟਾਂ ਭਰਨ ਲਈ ਲੋੜੀਂਦੀ ਰਾਹਤ ਪ੍ਰਾਪਤ ਕਰਨਾ ਹੋਵੇਗਾ ਤਾਂ ਜੋ ਵਿਦਿਆਰਥੀਆਂ ਨੂੰ ਨਰਸਿੰਗ ਦੀ ਸਿੱਖਿਆ ਹਾਸਲ ਕਰਨ ਦੇ ਵੱਧ ਤੋਂ ਵੱਧ ਮੌਕੇ ਮਿਲ ਸਕਣ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਵਿਦਿਆਰਥੀਆਂ ਦੇ ਭਵਿੱਖ ਅਤੇ ਨਰਸਿੰਗ ਸਿੱਖਿਆ ਦੇ ਮਿਆਰ ਨੂੰ ਧਿਆਨ ਵਿਚ ਰੱਖਦਿਆਂ ਕੰਮ ਕਰ ਰਹੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇੰਡੀਅਨ ਨਰਸਿੰਗ ਕੌਂਸਲ ਵੱਲੋਂ ਦਿੱਤੀ ਗਈ ਛੋਟ ਨਾਲ ਪੰਜਾਬ ਦੇ ਵਿਦਿਆਰਥੀਆਂ ਨੂੰ ਲਾਭ ਮਿਲੇਗਾ ਅਤੇ ਨਰਸਿੰਗ ਕਾਲਜਾਂ ਵਿੱਚ ਦਾਖ਼ਲਾ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਵਿਚ ਮਦਦ ਮਿਲੇਗੀ।