- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤੀ ਫੌਜ ਵੱਲੋਂ ਦੇਸ਼ ਭਗਤੀ,

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਭਾਰਤੀ ਫੌਜ ਵੱਲੋਂ ਦੇਸ਼ ਭਗਤੀ, ਅਨੁਸ਼ਾਸਨ, ਸਰੀਰਕ ਤੰਦਰੁਸਤੀ ਅਤੇ ਨੌਜਵਾਨਾਂ ਵਿਚ ਰਾਸ਼ਟਰ ਪ੍ਰਤੀ ਸਮਰਪਣ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕੱਢੀ ਗਈ ਆਲ ਪੰਜਾਬ ਸਾਈਕਲ ਰੈਲੀ ਜਦੋਂ ਆਪਣੇ ਸਫ਼ਰ ਦੌਰਾਨ ਮਖੂ ਪਹੁੰਚੀ ਤਾਂ ਉੱਥੇ ਸਾਬਕਾ ਸੈਨਿਕਾਂ ਵੱਲੋਂ ਰੈਲੀ ਵਿਚ ਸ਼ਾਮਲ ਨੌਜਵਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਐਕਸ ਸਰਵਿਸਮੈਨ ਵੈੱਲਫੇਅਰ ਐਸੋਸੀਏਸ਼ਨ ਮੋਗਾ-ਫਰੀਦਕੋਟ ਦੀ ਦੇਖ-ਰੇਖ ਹੇਠ ਇਕ ਵਿਸ਼ੇਸ਼ ਮਿਲਣੀ ਸਮਾਰੋਹ ਕਰਵਾਇਆ ਗਿਆ, ਜਿਸ ਦੌਰਾਨ ਸਾਈਕਲ ਰੈਲੀ ਦੇ ਨੌਜਵਾਨਾਂ ਨੂੰ ਸਨਮਾਨਿਤ ਕਰਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ। ਇਸ ਸਮਾਗਮ ਨੇ ਮੌਜੂਦਾ ਸੈਨਿਕਾਂ ਅਤੇ ਸਾਬਕਾ ਸੈਨਿਕਾਂ ਵਿਚਕਾਰ ਆਪਸੀ ਸਾਂਝ, ਸਤਿਕਾਰ ਅਤੇ ਭਾਈਚਾਰੇ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ ਦਾ ਸੁਨੇਹਾ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਕਸ ਸਰਵਿਸਮੈਨ ਵੈੱਲਫੇਅਰ ਐਸੋਸੀਏਸ਼ਨ ਮੋਗਾ-ਫ਼ਰੀਦਕੋਟ ਦੇ ਚੇਅਰਮੈਨ ਨਾਇਬ ਸੂਬੇਦਾਰ ਜਗਜੀਵਨ ਸਿੰਘ ਨੇ ਦੱਸਿਆ ਕਿ ਆਲ ਪੰਜਾਬ ਸਾਈਕਲ ਰੈਲੀ ਦਾ ਆਯੋਜਨ ਇੰਡੀਅਨ ਆਰਮੀ ਵੱਲੋਂ ਕੀਤਾ ਗਿਆ ਹੈ। ਇਸ ਰੈਲੀ ਤਹਿਤ ਤਕਰੀਬਨ 10 ਜ਼ਿਲ੍ਹਿਆਂ ਨੂੰ ਕਵਰ ਕੀਤਾ ਜਾਣਾ ਹੈ। ਰੈਲੀ ਵਿਚ ਸ਼ਾਮਲ ਨੌਜਵਾਨ ਆਪਣੇ ਸਾਈਕਲਾਂ ਰਾਹੀਂ ਵੱਖ-ਵੱਖ ਜ਼ਿਲ੍ਹਿਆਂ ਦਾ ਸਫ਼ਰ ਤੈਅ ਕਰਦਿਆਂ ਲੋਕਾਂ ਨਾਲ ਸੰਪਰਕ ਕਰ ਰਹੇ ਹਨ। ਪੰਜਵੇਂ ਜ਼ਿਲ੍ਹੇ ਨੂੰ ਕਵਰ ਕਰਨ ਉਪਰੰਤ ਰੈਲੀ ਦੇ ਮਖੂ ਪਹੁੰਚਣ ’ਤੇ ਸਾਬਕਾ ਸੈਨਿਕਾਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ। ਉਨ੍ਹਾਂ ਕਿਹਾ ਕਿ ਅਜਿਹੀਆਂ ਸਾਈਕਲ ਰੈਲੀਆਂ ਨੌਜਵਾਨਾਂ ਨੂੰ ਸਰੀਰਕ ਤੌਰ ’ਤੇ ਤੰਦਰੁਸਤ ਰਹਿਣ, ਅਨੁਸ਼ਾਸਨ ਵਿਚ ਜੀਵਨ ਬਤੀਤ ਕਰਨ ਅਤੇ ਆਪਣੇ ਟੀਚਿਆਂ ਪ੍ਰਤੀ ਸਮਰਪਿਤ ਰਹਿਣ ਲਈ ਪ੍ਰੇਰਿਤ ਕਰਦੀਆਂ ਹਨ। ਮਖੂ ਵਿਖੇ ਕਰਵਾਏ ਗਏ ਮਿਲਣੀ ਸਮਾਰੋਹ ਦੌਰਾਨ ਐਕਸ ਸਰਵਿਸਮੈਨ ਵੈੱਲਫੇਅਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਰੈਲੀ ਵਿਚ ਸ਼ਾਮਲ ਨੌਜਵਾਨਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਸਨਮਾਨ ਕਰਦਿਆਂ ਉਨ੍ਹਾਂ ਨੂੰ ਭਵਿੱਖ ਵਿਚ ਵੀ ਇਸੇ ਤਰ੍ਹਾਂ ਮਿਹਨਤ, ਲਗਨ ਅਤੇ ਅਨੁਸ਼ਾਸਨ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸੂਬੇਦਾਰ ਮੇਜਰ ਸੂਬਾ ਸਿੰਘ, ਸੂਬੇਦਾਰ ਰਣਜੀਤ ਸਿੰਘ, ਨਾਇਬ ਸੂਬੇਦਾਰ ਸੁਰਿੰਦਰ ਸਿੰਘ, ਨਾਇਬ ਸੂਬੇਦਾਰ ਜਗਜੀਵਨ ਸਿੰਘ, ਹੌਲਦਾਰ ਉਜਾਗਰ ਸਿੰਘ, ਹੌਲਦਾਰ ਹਰਬੰਸ ਸਿੰਘ ਅਤੇ ਹੌਲਦਾਰ ਜਗਦੇਵ ਸਿੰਘ ਸਮੇਤ ਹੋਰ ਸਾਬਕਾ ਸੈਨਿਕ ਮੌਜੂਦ ਸਨ। ਸਾਰੇ ਮੈਂਬਰਾਂ ਨੇ ਇਸ ਉਪਰਾਲੇ ਵਿੱਚ ਆਪਣੀ ਭਾਗੀਦਾਰੀ ਨਿਭਾਈ ਅਤੇ ਰੈਲੀ ਵਿਚ ਸ਼ਾਮਲ ਨੌਜਵਾਨਾਂ ਨਾਲ ਮਿਲ ਕੇ ਸਮਾਰੋਹ ਨੂੰ ਯਾਦਗਾਰੀ ਬਣਾਇਆ। ਇਸ ਮੌਕੇ ਐਕਸ ਸਰਵਿਸਮੈਨ ਵੈੱਲਫੇਅਰ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਸਮੂਹ ਪਰਬਤ ਅਲੀ ਬਟਾਲੀਅਨ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ।