ਬਾਬਾ ਈਸ਼ਰ ਸਿੰਘ ਸਕੂਲ ਵਿਖੇ ਆਜ਼ਾਦੀ ਦਿਵਸ ਮਨਾਇਆ ਸੰਤ ਬਾਬਾ ਗੁਰਜੀਤ ਸਿੰਘ
Publish Date: Sun, 16 Aug 2026 04:14 PM (IST)
Updated Date: Sun, 16 Aug 2026 04:14 PM (IST)
ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ: ਸੰਤ ਬਾਬਾ ਗੁਰਜੀਤ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਦੀ ਅਗਵਾਈ ਹੇਠ ਚੱਲ ਰਹੀ ਇਲਾਕੇ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਬਾਬਾ ਈਸ਼ਰ ਸਿੰਘ ਨਾਨਕਸਰ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮੁਹਾਰ ਮੰਦਰ ਵਿਖੇ ਦੇਸ਼ ਦਾ ਆਜ਼ਾਦੀ ਦਿਹਾੜਾ ਬੜੇ ਉਤਸ਼ਾਹ, ਸ਼ਰਧਾ ਅਤੇ ਦੇਸ਼-ਭਗਤੀ ਦੀ ਭਾਵਨਾ ਨਾਲ ਮਨਾਇਆ ਗਿਆ। ਇਸ ਸਮਾਗਮ ਦੌਰਾਨ ਪੂਰੇ ਸਕੂਲ ਕੰਪਲੈਕਸ ਨੂੰ ਤਿਰੰਗੇ ਝੰਡਿਆਂ ਅਤੇ ਗੁਬਾਰਿਆਂ ਨਾਲ ਦੁਲਹਨ ਵਾਂਗ ਸਜਾਇਆ ਗਿਆ ਸੀ, ਜਿਸ ਨਾਲ ਹਰ ਪਾਸੇ ਦੇਸ਼-ਭਗਤੀ ਦਾ ਮਾਹੌਲ ਬਣਿਆ ਹੋਇਆ ਸੀ। ਸਮਾਗਮ ਦੀ ਸ਼ੁਰੂਆਤ ਸਕੂਲ ਦੇ ਪ੍ਰਬੰਧਕੀ ਮੈਂਬਰਾਂ, ਪ੍ਰਿੰਸੀਪਲ ਅਤੇ ਸਟਾਫ਼ ਵੱਲੋਂ ਸਾਂਝੇ ਤੌਰ ਤੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਨਾਲ ਹੋਈ, ਜਿਸ ਤੋਂ ਬਾਅਦ ਸਮੂਹ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਮਿਲ ਕੇ ਰਾਸ਼ਟਰੀ ਗਾਣ ਗਾਇਆ। ਇਸ ਉਪਰੰਤ ਸਕੂਲੀ ਬੱਚਿਆਂ ਵੱਲੋਂ ਸ਼ਾਨਦਾਰ ਮਾਰਚ ਪਾਸਟ ਕੀਤਾ ਗਿਆ ਅਤੇ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ ਗਈ। ਸੱਭਿਆਚਾਰਕ ਪ੍ਰੋਗਰਾਮ ਦੌਰਾਨ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਅਧਿਆਪਕ ਰਾਜਵਿੰਦਰ ਕੌਰ ਦੁਆਰਾ ਤਿਆਰ ਕਰਵਾਏ ਗਏ ਦੇਸ਼-ਭਗਤੀ, ਗੀਤ, ਕਵਿਤਾਵਾਂ, ਕੋਰੀਓਗ੍ਰਾਫੀ ਅਤੇ ਨਾਟਕ ਪੇਸ਼ ਕੀਤੇ, ਜਿਨ੍ਹਾਂ ਰਾਹੀਂ ਆਜ਼ਾਦੀ ਦੀ ਸੰਗਰਾਮ ਵਿਚ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਸ਼ਹੀਦ ਊਧਮ ਸਿੰਘ ਅਤੇ ਹੋਰ ਅਣਗਿਣਤ ਦੇਸ਼ ਭਗਤਾਂ ਵੱਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਨੂੰ ਯਾਦ ਕੀਤਾ ਗਿਆ। ਛੋਟੇ-ਛੋਟੇ ਬੱਚਿਆਂ ਵੱਲੋਂ ਪੇਸ਼ ਕੀਤੇ ਗਏ ਗਿੱਧੇ ਅਤੇ ਭੰਗੜੇ ਨੇ ਸਮਾਗਮ ਵਿਚ ਮੌਜੂਦ ਸਾਰੇ ਲਹਿਰਾਂ-ਬਹਿਰਾਂ ਲਗਾ ਦਿੱਤੀਆਂ। ਸਕੂਲ ਪ੍ਰਬੰਧਕਾਂ ਨੇ ਸੰਤ ਬਾਬਾ ਗੁਰਜੀਤ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਦੇ ਦਿਸ਼ਾ-ਨਿਰਦੇਸ਼ਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਸੰਸਥਾ ਵਿਦਿਆਰਥੀਆਂ ਨੂੰ ਉੱਚ ਮਿਆਰੀ ਵਿਦਿਆ ਦੇਣ ਦੇ ਨਾਲ-ਨਾਲ ਉਨ੍ਹਾਂ ਵਿਚ ਧਾਰਮਿਕ, ਨੈਤਿਕ ਅਤੇ ਦੇਸ਼-ਭਗਤੀ ਦੇ ਸੰਸਕਾਰ ਭਰਨ ਲਈ ਵਚਨਬੱਧ ਹੈ। ਉਨ੍ਹਾਂ ਆਪਣੇ ਸੰਬੋਧਨ ਵਿਚ ਵਿਦਿਆਰਥੀਆਂ ਨੂੰ ਨਸ਼ਿਆਂ ਅਤੇ ਸਮਾਜਿਕ ਬੁਰਾਈਆਂ ਤੋਂ ਦੂਰ ਰਹਿ ਕੇ ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿਚ ਆਪਣੇ ਸਕੂਲ ਅਤੇ ਦੇਸ਼ ਦਾ ਨਾਂ ਰੋਸ਼ਨ ਕਰਨ ਦੀ ਪ੍ਰੇਰਨਾ ਦਿੱਤੀ। ਪ੍ਰੋਗਰਾਮ ਦੇ ਅੰਤ ਵਿਚ ਵਿਦਿਅਕ, ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਵਿਚ ਮੋਹਰੀ ਰਹਿਣ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਸਮਾਗਮ ਦਾ ਸਮਾਪਨ ਰਾਸ਼ਟਰੀ ਭਾਵਨਾਵਾਂ ਨਾਲ ਭਰੇ ਨਾਅਰਿਆਂ ਅਤੇ ਵਿਦਿਆਰਥੀਆਂ ਵਿੱਚ ਮਿਠਾਈਆਂ ਵੰਡਣ ਨਾਲ ਹੋਇਆ। ਇਸ ਮੌਕੇ ਵਾਈਸ ਪ੍ਰਿੰਸੀਪਲ ਬਲਜੀਤ ਕੌਰ ਨੇ ਬੱਚਿਆਂ ਨੂੰ ਆਜ਼ਾਦੀ ਦਿਵਸ ਬਾਰੇ ਚਾਨਣਾ ਪਾਇਆ। ਇਸ ਪ੍ਰੋਗਰਾਮ ਦੌਰਾਨ ਪ੍ਰਿੰਸੀਪਲ ਹਰਪ੍ਰੀਤ ਸਿੰਘ, ਬਲਵੀਰ ਸਿੰਘ, ਵੀਰਪਾਲ ਕੌਰ, ਕੋਮਲਪ੍ਰੀਤ ਕੌਰ, ਨਿਰਮਲਜੀਤ ਸਿੰਘ ਅਤੇ ਗੁਰਮੀਤ ਕੌਰ, ਚਰਨਜੀਤ ਰਾਣੀ, ਕੁਲਵਿੰਦਰ ਕੌਰ,ਨਵਜੋਤ ਕੌਰ, ਜਸਦੀਪ ਕੌਰ ਆਦਿ ਹਾਜ਼ਰ ਸਨ।