
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮੋਗਾ ਦੇ ਡਿਪਟੀ ਕਮਿਸ਼ਨਰ ਦਫ਼ਤਰ

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਮੋਗਾ : ਮੋਗਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਵਿਚ ਲਿਫ਼ਟ ਬੰਦ ਹੋਣ ਕਾਰਨ ਕਰਮਚਾਰੀਆਂ ਦੇ ਨਾਲ-ਨਾਲ ਆਪਣੇ ਕੰਮ ਕਰਵਾਉਣ ਲਈ ਦਫ਼ਤਰ ਪਹੁੰਚ ਰਹੇ ਆਮ ਲੋਕਾਂ ਨੂੰ ਵੀ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਫ਼ਤਰ ਦੀ ਇਮਾਰਤ ਵਿਚ ਚਾਰ ਮੰਜ਼ਿਲਾਂ ਤੱਕ ਸਰਕਾਰੀ ਦਫ਼ਤਰ ਹੋਣ ਕਾਰਨ ਲਿਫ਼ਟ ਬੰਦ ਰਹਿਣ ਨਾਲ ਕਰਮਚਾਰੀਆਂ ਅਤੇ ਫ਼ਰਿਆਦੀਆਂ ਨੂੰ ਪੌੜੀਆਂ ਰਾਹੀਂ ਉੱਪਰ ਜਾਣਾ ਪੈ ਰਿਹਾ ਹੈ। ਲਿਫ਼ਟ ਬੰਦ ਹੋਣ ਕਾਰਨ ਜਦੋਂ ਕਰਮਚਾਰੀ ਪੌੜੀਆਂ ਚੜ੍ਹ ਕੇ ਉੱਪਰਲੀਆਂ ਮੰਜ਼ਿਲਾਂ ’ਤੇ ਆਪਣੇ ਦਫ਼ਤਰਾਂ ਵਿਚ ਪਹੁੰਚੇ ਤਾਂ ਕਈ ਕਰਮਚਾਰੀ ਬੁਰੀ ਤਰ੍ਹਾਂ ਥੱਕੇ ਹੋਏ ਨਜ਼ਰ ਆਏ। ਕੁਝ ਕਰਮਚਾਰੀਆਂ ਨੇ ਦੱਸਿਆ ਕਿ ਲਗਾਤਾਰ ਚਾਰ ਮੰਜ਼ਿਲਾਂ ਦੀਆਂ ਪੌੜੀਆਂ ਚੜ੍ਹਨ ਕਾਰਨ ਉਨ੍ਹਾਂ ਦਾ ਸਾਹ ਫੁੱਲ ਗਿਆ ਅਤੇ ਉਹ ਕੁਝ ਸਮਾਂ ਬੈਠ ਕੇ ਆਰਾਮ ਕਰਨ ਤੋਂ ਬਾਅਦ ਹੀ ਆਪਣੇ ਕੰਮ ’ਤੇ ਲੱਗ ਸਕੇ। ਜਿਨ੍ਹਾਂ ਕਰਮਚਾਰੀਆਂ ਨੂੰ ਜੋੜਾਂ ਵਿਚ ਦਰਦ ਜਾਂ ਹੋਰ ਸਰੀਰਕ ਤਕਲੀਫ਼ ਹੈ, ਉਨ੍ਹਾਂ ਲਈ ਇਹ ਸਮੱਸਿਆ ਹੋਰ ਵੀ ਗੰਭੀਰ ਬਣ ਜਾਂਦੀ ਹੈ। ਦਫ਼ਤਰ ਵਿਚ ਆਪਣੇ ਕੰਮ ਕਰਵਾਉਣ ਲਈ ਆਉਣ ਵਾਲੇ ਫ਼ਰਿਆਦੀਆਂ ਨੂੰ ਵੀ ਲਿਫ਼ਟ ਬੰਦ ਹੋਣ ਕਾਰਨ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖ਼ਾਸ ਕਰਕੇ ਬਜ਼ੁਰਗਾਂ ਅਤੇ ਸਰੀਰਕ ਤੌਰ ’ਤੇ ਕਮਜ਼ੋਰ ਲੋਕਾਂ ਲਈ ਚਾਰ ਮੰਜ਼ਿਲਾਂ ਦੀਆਂ ਪੌੜੀਆਂ ਚੜ੍ਹਨਾ ਕਿਸੇ ਵੱਡੀ ਚੁਣੌਤੀ ਤੋਂ ਘੱਟ ਨਹੀਂ ਹੈ। ਕਈ ਲੋਕ ਪੌੜੀਆਂ ਚੜ੍ਹਦੇ ਸਮੇਂ ਵਿਚਕਾਰ ਰੁਕ ਕੇ ਸਾਹ ਲੈਂਦੇ ਅਤੇ ਫਿਰ ਅੱਗੇ ਵਧਦੇ ਦੇਖੇ ਗਏ। ਕਰਮਚਾਰੀਆਂ ਦਾ ਕਹਿਣਾ ਹੈ ਕਿ ਖ਼ਾਸ ਕਰਕੇ ਬਜ਼ੁਰਗ ਕਰਮਚਾਰੀ ਜਾਂ ਸਰੀਰਕ ਸਮੱਸਿਆਵਾਂ ਨਾਲ ਜੂਝ ਰਹੇ ਲੋਕ ਜਦੋਂ ਚਾਰ ਮੰਜ਼ਿਲਾਂ ਦੀਆਂ ਪੌੜੀਆਂ ਚੜ੍ਹ ਕੇ ਆਪਣੇ ਦਫ਼ਤਰਾਂ ਵਿਚ ਪਹੁੰਚਦੇ ਹਨ ਤਾਂ ਉਨ੍ਹਾਂ ਨੂੰ ਕਾਫ਼ੀ ਥਕਾਵਟ ਮਹਿਸੂਸ ਹੁੰਦੀ ਹੈ। ਕਈ ਵਾਰ ਉਹ ਪੌੜੀਆਂ ਚੜ੍ਹਨ ਤੋਂ ਬਾਅਦ ਤੁਰੰਤ ਕੰਮ ਕਰਨ ਦੀ ਸਥਿਤੀ ਵਿੱਚ ਨਹੀਂ ਰਹਿੰਦੇ ਅਤੇ ਉਨ੍ਹਾਂ ਨੂੰ ਕੁਝ ਸਮਾਂ ਆਰਾਮ ਕਰਨਾ ਪੈਂਦਾ ਹੈ। ਰੱਖੜੀ ਦੇ ਤਿਉਹਾਰ ਕਾਰਨ ਸ਼ੁੱਕਰਵਾਰ ਨੂੰ ਦਫ਼ਤਰ ਦਾ ਸਮਾਂ ਸਵੇਰੇ 11 ਵਜੇ ਤੋਂ ਰੱਖਿਆ ਗਿਆ ਸੀ। ਇਸ ਦੇ ਬਾਵਜੂਦ ਦਫ਼ਤਰ ਵਿਚ ਪਹੁੰਚਣ ਵਾਲੇ ਕਰਮਚਾਰੀਆਂ ਅਤੇ ਆਮ ਲੋਕਾਂ ਨੂੰ ਲਿਫ਼ਟ ਬੰਦ ਹੋਣ ਕਾਰਨ ਪੌੜੀਆਂ ਦੀ ਵਰਤੋਂ ਕਰਨੀ ਪਈ। ਕਰਮਚਾਰੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਲਿਫ਼ਟ ਦੀ ਸਮੱਸਿਆ ਦਾ ਸਥਾਈ ਹੱਲ ਕੀਤਾ ਜਾਵੇ ਅਤੇ ਇਸ ਨੂੰ ਨਿਯਮਤ ਤੌਰ ’ਤੇ ਚਾਲੂ ਰੱਖਣ ਲਈ ਲੋੜੀਂਦੇ ਪ੍ਰਬੰਧ ਕੀਤੇ ਜਾਣ। ਉਨ੍ਹਾਂ ਕਿਹਾ ਕਿ ਸਰਕਾਰੀ ਦਫ਼ਤਰ ਵਿੱਚ ਰੋਜ਼ਾਨਾ ਵੱਡੀ ਗਿਣਤੀ ਵਿੱਚ ਲੋਕ ਆਪਣੇ ਕੰਮ ਕਰਵਾਉਣ ਲਈ ਆਉਂਦੇ ਹਨ। ਪ੍ਰਸ਼ਾਸਨ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਲਿਫ਼ਟ ਦੀ ਤਕਨੀਕੀ ਜਾਂਚ ਕਰਵਾ ਕੇ ਸਮੱਸਿਆ ਦਾ ਪੱਕਾ ਹੱਲ ਕਰਨਾ ਚਾਹੀਦਾ ਹੈ, ਤਾਂ ਜੋ ਕਰਮਚਾਰੀਆਂ ਦੇ ਨਾਲ-ਨਾਲ ਬਜ਼ੁਰਗ ਅਤੇ ਆਮ ਫ਼ਰਿਆਦੀ ਵੀ ਬਿਨਾਂ ਕਿਸੇ ਪਰੇਸ਼ਾਨੀ ਦੇ ਆਪਣਾ ਕੰਮ ਕਰਵਾ ਸਕਣ।