ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਫੂਡ ਸੇਫਟੀ ਟੀਮ ਮੋਗਾ ਵੱਲੋਂ ਵੱਖ-ਵੱਖ ਫੂਡ ਅਦਾਰਿਆਂ ਦੀ ਵਿਸ਼ੇਸ਼ ਚੈਕਿੰਗ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ
Publish Date: Wed, 30 Sep 2026 03:52 PM (IST)
Updated Date: Wed, 30 Sep 2026 03:54 PM (IST)
ਪ੍ਰਸ਼ਾਸਨ ਨੇ ਮਿਲਵਟਖੋਰੀ ਰੋਕਣ ਲਈ ਵਿੱਢੀ ਵਿਸ਼ੇਸ਼ ਮੁਹਿੰਮ ਮਿਡ ਡੇਅ ਮੀਲ, ਮਸਾਲਿਆਂ, ਜੂਸ, ਕੁਕਿੰਗ ਆਇਲ ਦੇ ਸੈਂਪਲ ਭਰੇ, ਐਨਰਜੀ ਡਰਿੰਕ ਦੇ 40 ਕਰੇਟ ਸੀਜ਼ ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ: ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਆਈਏਐੱਸ ਕਨਵਲਪ੍ਰੀਤ ਕੌਰ ਬਰਾੜ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡੀਸੀ ਮੋਗਾ ਸਾਗਰ ਸੇਤੀਆ ਦੀ ਅਗਵਾਈ ਹੇਠ ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਜ਼ਿਲ੍ਹਾ ਮੋਗਾ ਵਿਚ ਆਮ ਲੋਕਾਂ ਨੂੰ ਸੁਰੱਖਿਅਤ, ਸਾਫ਼-ਸੁਥਰਾ ਅਤੇ ਮਿਆਰੀ ਖਾਣ-ਪੀਣ ਦਾ ਸਮਾਨ ਮੁਹੱਈਆ ਕਰਵਾਉਣ ਲਈ ਫੂਡ ਸੇਫਟੀ ਟੀਮ ਮੋਗਾ ਵੱਲੋਂ ਮਿਤੀ 28 ਅਤੇ 29 ਸਤੰਬਰ 2026 ਨੂੰ ਜ਼ਿਲ੍ਹੇ ਦੇ ਵੱਖ-ਵੱਖ ਖਾਣ-ਪੀਣ ਵਾਲੇ ਅਦਾਰਿਆਂ ਦੀ ਵਿਸ਼ੇਸ਼ ਚੈਕਿੰਗ ਕੀਤੀ ਗਈ। ਇਹ ਚੈਕਿੰਗ ਮੁਹਿੰਮ ਫੂਡ ਸੇਫਟੀ ਅਤੇ ਸਟੈਂਡਰਡ ਐਕਟ 2006 ਅਤੇ ਐੱਫਐੱਸਐੱਸਏਆਈ ਵੱਲੋਂ ਨਿਰਧਾਰਤ ਨਿਯਮਾਂ ਅਤੇ ਫੂਡ ਸੇਫਟੀ ਮਾਪਦੰਡਾਂ ਦੀ ਪਾਲਣਾ ਯਕੀਨੀ ਬਣਾਉਣ ਦੇ ਉਦੇਸ਼ ਨਾਲ ਕੀਤੀ ਗਈ। ਫੂਡ ਸੇਫਟੀ ਟੀਮ ਵੱਲੋਂ ਫਤਿਹਗੜ੍ਹ ਪੰਚਤੂਰ, ਫਤਿਹਗੜ੍ਹ ਕੋਰਟਾਂ, ਧਰਮਕੋਟ, ਕੋਟ ਈਸੇ ਖਾਂ, ਮੋਗਾ ਅਤੇ ਤੱਤ ਰੋਡ ਸਮੇਤ ਵੱਖ-ਵੱਖ ਇਲਾਕਿਆਂ ਵਿਚ ਸਥਿਤ ਫੂਡ ਅਦਾਰਿਆਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਖਾਣ-ਪੀਣ ਦੀਆਂ ਵਸਤਾਂ ਦੀ ਗੁਣਵੱਤਾ ਦੀ ਜਾਂਚ ਲਈ ਹਲਦੀ, ਲਾਲ ਮਿਰਚ, ਵੱਖ-ਵੱਖ ਮਸਾਲੇ, ਕਾਲੀ ਮਿਰਚ ਅਤੇ ਸਾਬਤ ਮਸਾਲਿਆਂ ਦੇ ਕੁੱਲ 10 ਸੈਂਪਲ ਭਰੇ ਗਏ। ਸਾਰੇ ਸੈਂਪਲ ਨਿਰਧਾਰਤ ਪ੍ਰਕਿਰਿਆ ਅਨੁਸਾਰ ਜਾਂਚ ਲਈ ਸਰਕਾਰੀ ਫੂਡ ਲੈਬਾਰਟਰੀ ਵਿਖੇ ਭੇਜੇ ਗਏ ਹਨ। ਬੱਚਿਆਂ ਨੂੰ ਦਿੱਤੇ ਜਾਣ ਵਾਲੇ ਮਿਡ-ਡੇ ਮੀਲ ਦੀ ਸੁਰੱਖਿਆ ਅਤੇ ਗੁਣਵੱਤਾ ਯਕੀਨੀ ਬਣਾਉਣ ਲਈ ਟੀਮ ਵੱਲੋਂ ਦੋ ਸਕੂਲਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਮਿਡ-ਡੇ ਮੀਲ ਨਾਲ ਸਬੰਧਤ 6 ਸੈਂਪਲ ਭਰੇ ਗਏ। ਟੀਮ ਵੱਲੋਂ ਭੋਜਨ ਦੀ ਤਿਆਰੀ, ਸਟੋਰੇਜ, ਸਫ਼ਾਈ ਅਤੇ ਵਰਤੇ ਜਾ ਰਹੇ ਖਾਣ-ਪੀਣ ਦੇ ਸਮਾਨ ਸਬੰਧੀ ਲੋੜੀਂਦੀ ਜਾਂਚ ਕੀਤੀ ਗਈ। ਚੈਕਿੰਗ ਮੁਹਿੰਮ ਦੌਰਾਨ ਗਾਂਧੀ ਰੋਡ ਅਤੇ ਰਾਈਸ ਮਾਰਕੀਟ ਵਿਖੇ ਵੀ ਵੱਖ-ਵੱਖ ਫੂਡ ਅਦਾਰਿਆਂ ਦੀ ਜਾਂਚ ਕੀਤੀ ਗਈ। ਇਕ ਅਦਾਰੇ ਵਿਚ ਮੌਕੇ ਤੇ ਮਿਆਦ ਪੁੱਗੇ ਹੋਏ ਸਪ੍ਰਾਊਟਸ ਅਤੇ ਮਸ਼ਰੂਮ ਪਾਏ ਗਏ। ਇਹ ਵਸਤਾਂ ਮਨੁੱਖੀ ਖਪਤ ਲਈ ਅਣਉਚਿਤ ਹੋਣ ਕਾਰਨ ਮੌਕੇ ਤੇ ਹੀ ਨਸ਼ਟ ਕਰਵਾ ਦਿੱਤੀਆਂ ਗਈਆਂ ਤਾਂ ਜੋ ਇਨ੍ਹਾਂ ਦੀ ਦੁਬਾਰਾ ਵਰਤੋਂ ਜਾਂ ਵਿਕਰੀ ਨਾ ਕੀਤੀ ਜਾ ਸਕੇ। ਇਸੇ ਅਦਾਰੇ ਵਿਚ ਵਿਕਰੀ ਲਈ ਰੱਖੀਆਂ ਗਈਆਂ ਹੈੱਲ ਐਨਰਜੀ ਡਰਿੰਕਸ ਦੀਆਂ ਕੁੱਲ 40 ਕ੍ਰੇਟਾਂ ਨੂੰ ਵੀ ਫੂਡ ਸੇਫ਼ਟੀ ਟੀਮ ਵੱਲੋਂ ਮੌਕੇ ਤੇ ਸੀਜ਼ ਕਰ ਲਿਆ ਗਿਆ। ਸਬੰਧਤ ਵਸਤੂ ਸਬੰਧੀ ਅਗਲੀ ਕਾਰਵਾਈ ਐੱਫਐੱਸਐੱਸਆਈਏ ਦੇ ਲਾਗੂ ਨਿਯਮਾਂ ਅਤੇ ਕਾਨੂੰਨੀ ਪ੍ਰਕਿਰਿਆ ਅਨੁਸਾਰ ਕੀਤੀ ਜਾਵੇਗੀ। ਚੈਕਿੰਗ ਦੌਰਾਨ ਬੰਦ ਫਾਟਕਾਂ ਦੇ ਨਜ਼ਦੀਕ ਸਥਿਤ ਇਕ ਜੂਸ ਦੀ ਦੁਕਾਨ ਤੋਂ ਵੀ ਸੈਂਪਲ ਭਰਿਆ ਗਿਆ। ਇਸ ਤੋਂ ਇਲਾਵਾ ਜਲਾਲਾਬਾਦ ਈਸਟ ਵਿਖੇ ਇਕ ਫਾਸਟ ਫੂਡ ਅਦਾਰੇ ਦੀ ਚੈਕਿੰਗ ਕੀਤੀ ਗਈ। ਜਾਂਚ ਦੌਰਾਨ ਸਫ਼ਾਈ ਦੇ ਲੋੜੀਂਦੇ ਮਾਪਦੰਡਾਂ ਦੀ ਪਾਲਣਾ ਨਾ ਹੋਣ ਕਾਰਨ ਸਬੰਧਤ ਅਦਾਰੇ ਦਾ ਅਨਹਾਈਜੀਨਿਕ ਕੰਡੀਸ਼ਨ ਸਬੰਧੀ ਚਲਾਨ ਕੀਤਾ ਗਿਆ। ਮੌਕੇ ਤੋਂ ਜੂਸ ਅਤੇ ਕੁਕਿੰਗ ਆਇਲ ਦੇ ਸੈਂਪਲ ਵੀ ਲਏ ਗਏ ਅਤੇ ਜਾਂਚ ਲਈ ਲੈਬਾਰਟਰੀ ਵਿਖੇ ਭੇਜੇ ਗਏ ਹਨ। ਅਮੂਲ ਬਟਰ ਸਬੰਧੀ ਸ਼ਿਕਾਇਤ ਤੇ ਤੁਰੰਤ ਕਾਰਵਾਈ ਫੂਡ ਸੇਫਟੀ ਟੀਮ ਨੂੰ ਅਮੂਲ ਬਟਰ ਵਿਚ ਫੰਗਸ ਪਾਏ ਜਾਣ ਸਬੰਧੀ ਸ਼ਿਕਾਇਤ ਪ੍ਰਾਪਤ ਹੋਈ ਸੀ। ਸ਼ਿਕਾਇਤ ਨੂੰ ਗੰਭੀਰਤਾ ਨਾਲ ਲੈਂਦਿਆਂ ਟੀਮ ਵੱਲੋਂ ਤੁਰੰਤ ਕਾਰਵਾਈ ਕੀਤੀ ਗਈ ਅਤੇ ਸਬੰਧਤ ਅਮੂਲ ਬਟਰ ਦਾ ਸੈਂਪਲ ਲੈ ਕੇ ਸਰਕਾਰੀ ਫੂਡ ਲੈਬਾਰਟਰੀ ਵਿਖੇ ਜਾਂਚ ਲਈ ਭੇਜ ਦਿੱਤਾ ਗਿਆ ਹੈ। ਲੈਬਾਰਟਰੀ ਰਿਪੋਰਟ ਪ੍ਰਾਪਤ ਹੋਣ ਉਪਰੰਤ ਸੈਂਪਲ ਦੀ ਗੁਣਵੱਤਾ ਅਤੇ ਸੁਰੱਖਿਆ ਸਬੰਧੀ ਨਤੀਜੇ ਦੇ ਆਧਾਰ ਤੇ ਫੂਡ ਸੇਫਟੀ ਅਤੇ ਸਟੈਂਡਰਡ ਐਕਟ 2006 ਅਤੇ ਇਸ ਅਧੀਨ ਬਣੇ ਨਿਯਮਾਂ/ਰੈਗੂਲੇਸ਼ਨਾਂ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਫੂਡ ਕਾਰੋਬਾਰੀਆਂ ਨੂੰ ਸਫ਼ਾਈ ਅਤੇ ਗੁਣਵੱਤਾ ਬਰਕਰਾਰ ਰੱਖਣ ਦੀ ਹਦਾਇਤ ਜ਼ਿਲ੍ਹਾ ਸਿਹਤ ਅਫ਼ਸਰ ਮੋਗਾ ਡਾ. ਸੰਦੀਪ ਸਿੰਘ ਵੱਲੋਂ ਸਮੂਹ ਫੂਡ ਬਿਜ਼ਨੈੱਸ ਓਪਰੇਟਰਾਂ ਨੂੰ ਹਦਾਇਤ ਕੀਤੀ ਗਈ ਕਿ ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਆਪਣੇ ਅਦਾਰਿਆਂ ਵਿਚ ਸਫ਼ਾਈ ਦੇ ਉੱਚ ਮਿਆਰ ਕਾਇਮ ਰੱਖੇ ਜਾਣ ਅਤੇ ਐੱਫ਼ਐੱਸਐੱਸਏਆਈ ਵੱਲੋਂ ਨਿਰਧਾਰਤ ਫੂਡ ਸੇਫਟੀ ਮਾਪਦੰਡਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ। ਉਨ੍ਹਾਂ ਵੱਲੋਂ ਖ਼ਾਸ ਤੌਰ ’ਤੇ ਕਿਹਾ ਗਿਆ ਕਿ ਖਾਣ-ਪੀਣ ਦੀਆਂ ਵਸਤਾਂ ਤਿਆਰ ਕਰਨ ਲਈ ਮਿਆਰੀ ਅਤੇ ਸੁਰੱਖਿਅਤ ਕੱਚੇ ਮਾਲ ਅਤੇ ਉੱਚ ਗੁਣਵੱਤਾ ਵਾਲੇ ਕੁਕਿੰਗ ਆਇਲ ਦੀ ਵਰਤੋਂ ਕੀਤੀ ਜਾਵੇ। ਖਾਣ-ਪੀਣ ਵਾਲੀਆਂ ਵਸਤਾਂ ਨੂੰ ਸਹੀ ਤਾਪਮਾਨ ਅਤੇ ਸਫ਼ਾਈ ਵਾਲੇ ਵਾਤਾਵਰਣ ਵਿਚ ਸਟੋਰ ਕੀਤਾ ਜਾਵੇ ਅਤੇ ਮਿਆਦ ਪੁੱਗੀਆਂ, ਖਰਾਬ ਜਾਂ ਮਨੁੱਖੀ ਖਪਤ ਲਈ ਅਣਉਚਿਤ ਵਸਤਾਂ ਨੂੰ ਕਿਸੇ ਵੀ ਹਾਲਤ ਵਿਚ ਵਿਕਰੀ ਜਾਂ ਵਰਤੋਂ ਲਈ ਨਾ ਰੱਖਿਆ ਜਾਵੇ। ਫੂਡ ਅਦਾਰਿਆਂ ਦੇ ਮਾਲਕਾਂ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਗਿਆ ਕਿ ਉਨ੍ਹਾਂ ਦਾ ਐੱਫ਼ਐੱਸਐੱਸ ਏਆਈ ਲਾਇਸੈਂਸ/ਰਜਿਸਟ੍ਰੇਸ਼ਨ ਵੈਧ ਹੋਵੇ ਅਤੇ ਫੂਡ ਦੀ ਖ਼ਰੀਦ, ਸਟੋਰੇਜ, ਤਿਆਰੀ ਅਤੇ ਵਿਕਰੀ ਦੌਰਾਨ ਨਿਰਧਾਰਿਤ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਕੀਤੀ ਜਾਵੇ। ਲੈਬ ਰਿਪੋਰਟਾਂ ਦੇ ਆਧਾਰ ਤੇ ਹੋਵੇਗੀ ਅਗਲੀ ਕਾਰਵਾਈ ਫੂਡ ਸੇਫਟੀ ਟੀਮ ਵੱਲੋਂ ਭਰੇ ਗਏ ਸਾਰੇ ਸੈਂਪਲ ਨਿਰਧਾਰਤ ਪ੍ਰੋਟੋਕੋਲ ਅਨੁਸਾਰ ਜਾਂਚ ਲਈ ਸਰਕਾਰੀ ਫੂਡ ਲੈਬਾਰਟਰੀ ਵਿਖੇ ਭੇਜੇ ਗਏ ਹਨ। ਲੈਬਾਰਟਰੀ ਰਿਪੋਰਟਾਂ ਪ੍ਰਾਪਤ ਹੋਣ ਉਪਰੰਤ ਨਤੀਜਿਆਂ ਦੇ ਆਧਾਰ ਤੇ ਐੱਫਐੱਸਐੱਸ ਏਆਈ ਦੇ ਨਿਰਧਾਰਤ ਮਾਪਦੰਡਾਂ ਦੀ ਉਲੰਘਣਾ ਪਾਏ ਜਾਣ ਦੀ ਸੂਰਤ ਵਿੱਚ ਸਬੰਧਤ ਫੂਡ ਬਿਜ਼ਨਸ ਓਪਰੇਟਰਾਂ ਵਿਰੁੱਧ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਡਾ. ਸੰਦੀਪ ਸਿੰਘ ਨੇ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ। ਤਿਉਹਾਰੀ ਸੀਜ਼ਨ ਦੌਰਾਨ ਫੂਡ ਅਦਾਰਿਆਂ ਦੀ ਚੈਕਿੰਗ, ਸੈਂਪਲਿੰਗ ਅਤੇ ਸ਼ਿਕਾਇਤਾਂ ਤੇ ਤੁਰੰਤ ਕਾਰਵਾਈ ਦੀ ਮੁਹਿੰਮ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਖਾਣ-ਪੀਣ ਦੀਆਂ ਵਸਤਾਂ ਖਰੀਦਦੇ ਸਮੇਂ ਪੈਕਿੰਗ, ਲੇਬਲ, ਮਿਆਦ, ਸਫ਼ਾਈ ਅਤੇ ਐੱਫਐੱਸਐੱਸਏਆਈ ਲਾਇਸੈਂਸ/ਰਜਿਸਟ੍ਰੇਸ਼ਨ ਆਦਿ ਵੱਲ ਵਿਸ਼ੇਸ਼ ਧਿਆਨ ਦੇਣ ਅਤੇ ਕਿਸੇ ਵੀ ਸ਼ੱਕੀ ਜਾਂ ਘਟੀਆ ਗੁਣਵੱਤਾ ਵਾਲੀ ਖਾਣ-ਪੀਣ ਦੀ ਵਸਤੂ ਸਬੰਧੀ ਸਿਹਤ ਵਿਭਾਗ/ਫੂਡ ਸੇਫਟੀ ਵਿਭਾਗ ਨੂੰ ਸੂਚਿਤ ਕਰਨ।