- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ

ਪਵਨ ਗਰਗ ਪੰਜਾਬੀ ਜਾਗਰਣ ਬਾਘਾਪੁਰਾਣਾ: ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਫੂਡ ਸੇਫਟੀ ਵਿਭਾਗ ਦੀ ਟੀਮ ਵੱਲੋਂ ਐਤਵਾਰ ਨੂੰ ਜ਼ਿਲ੍ਹਾ ਮੋਗਾ ਦੇ ਵੱਖ-ਵੱਖ ਇਲਾਕਿਆਂ ਵਿਚ ਮਿਠਾਈਆਂ ਦੀਆਂ ਦੁਕਾਨਾਂ, ਮਿਠਾਈ ਨਿਰਮਾਣ ਕਾਰਖਾਨਿਆਂ ਅਤੇ ਕਰਿਆਨਾ ਸਟੋਰਾਂ ਦੀ ਵਿਸ਼ੇਸ਼ ਚੈਕਿੰਗ ਕੀਤੀ ਗਈ। ਇਸ ਮੁਹਿੰਮ ਦਾ ਮੁੱਖ ਮਕਸਦ ਤਿਉਹਾਰਾਂ ਦੇ ਸੀਜ਼ਨ ਦੌਰਾਨ ਆਮ ਲੋਕਾਂ ਨੂੰ ਸਾਫ਼-ਸੁਥਰੇ, ਮਿਆਰੀ ਅਤੇ ਮਿਲਾਵਟ ਰਹਿਤ ਖਾਣ-ਪੀਣ ਵਾਲੇ ਪਦਾਰਥ ਮੁਹੱਈਆ ਕਰਵਾਉਣਾ ਅਤੇ ਖਾਣ-ਪੀਣ ਦੀਆਂ ਵਸਤਾਂ ਵਿਚ ਕਿਸੇ ਵੀ ਤਰ੍ਹਾਂ ਦੀ ਮਿਲਾਵਟ ਨੂੰ ਰੋਕਣਾ ਹੈ। ਚੈਕਿੰਗ ਦੌਰਾਨ ਫੂਡ ਸੇਫ਼ਟੀ ਟੀਮ ਵੱਲੋਂ ਕੋਟ ਈਸੇ ਖਾਂ ਵਿਖੇ ਇਕ ਹਲਵਾਈ ਦੀ ਦੁਕਾਨ ਤੋਂ ਰਸਗੁੱਲਿਆਂ ਦਾ ਸੈਂਪਲ ਅਤੇ ਇੱਕ ਕਰਿਆਨਾ ਸਟੋਰ ਤੋਂ ਕਾਜੂ ਅਤੇ ਬਦਾਮ ਦੇ ਸੈਂਪਲ ਭਰੇ ਗਏ। ਇਸ ਤੋਂ ਬਾਅਦ ਬੱਧਨੀ ਕਲਾਂ ਵਿਖੇ ਮਿਠਾਈਆਂ ਦੇ ਨਿਰਮਾਣ ਕਾਰਖਾਨੇ ਤੋਂ ਟੋਡਾ ਬਰਫੀ ਅਤੇ ਇੱਕ ਮਿਠਾਈ ਦੀ ਦੁਕਾਨ ਤੋਂ ਚਮਚਮ ਦਾ ਸੈਂਪਲ ਲਿਆ ਗਿਆ। ਇਸੇ ਮੁਹਿੰਮ ਤਹਿਤ ਬਾਘਾਪੁਰਾਣਾ ਵਿਖੇ ਵੀ ਕਰਿਆਨਾ ਸਟੋਰਾਂ ਅਤੇ ਮਿਠਾਈਆਂ ਦੀਆਂ ਦੁਕਾਨਾਂ ਦੀ ਜਾਂਚ ਕੀਤੀ ਗਈ। ਇਸ ਦੌਰਾਨ ਇਕ ਮਿਠਾਈ ਦੀ ਦੁਕਾਨ ਤੋਂ ਮਿਲਕ ਕੇਕ ਅਤੇ ਚਾਂਦੀ ਦੇ ਵਰਕ ਵਾਲੀ ਮਲਾਈ ਬਰਫੀ ਦੇ ਸੈਂਪਲ ਭਰੇ ਗਏ। ਇਸ ਤਰ੍ਹਾਂ ਦੀ ਚੈਕਿੰਗ ਮੁਹਿੰਮ ਦੌਰਾਨ ਕੁੱਲ 7 ਸੈਂਪਲ ਵੱਖ-ਵੱਖ ਖਾਣ-ਪੀਣ ਵਾਲੀਆਂ ਵਸਤਾਂ ਦੇ ਭਰੇ ਗਏ, ਜਿੰਨ੍ਹਾਂ ਨੂੰ ਨਿਰਧਾਰਿਤ ਪ੍ਰਕਿਰਿਆ ਅਨੁਸਾਰ ਜਾਂਚ ਲਈ ਲੈਬੋਰਟਰੀ ਭੇਜਿਆ ਗਿਆ ਹੈ। ਲੈਬੋਰਟਰੀ ਦੀ ਰਿਪੋਰਟ ਪ੍ਰਾਪਤ ਹੋਣ ਉਪਰੰਤ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਅਤੇ ਇਸ ਅਧੀਨ ਬਣੇ ਨਿਯਮਾਂ ਅਨੁਸਾਰ ਅਗਲੀ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੰਦੀਪ ਸਿੰਘ ਨੇ ਦੱਸਿਆ ਕਿ ਦੀਵਾਲੀ ਦੇ ਤਿਉਹਾਰ ਦੌਰਾਨ ਮਿਠਾਈਆਂ ਅਤੇ ਹੋਰ ਖਾਣ-ਪੀਣ ਵਾਲੀਆਂ ਵਸਤਾਂ ਦੀ ਮੰਗ ਵਿਚ ਵਾਧਾ ਹੋ ਜਾਂਦਾ ਹੈ। ਇਸ ਲਈ ਵਿਭਾਗ ਵੱਲੋਂ ਲਗਾਤਾਰ ਚੈਕਿੰਗ ਅਤੇ ਸੈਂਪਲਿੰਗ ਕੀਤੀ ਜਾ ਰਹੀ ਹੈ ਤਾਂ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਕਿਸੇ ਵੀ ਵਿਅਕਤੀ ਜਾਂ ਕਾਰੋਬਾਰੀ ਨੂੰ ਬਖ਼ਸ਼ਿਆ ਨਾ ਜਾਵੇ। ਉਨ੍ਹਾਂ ਸਮੂਹ ਫੂਡ ਬਿਜ਼ਨਸ ਆਪਰੇਟਰਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਕਾਰੋਬਾਰੀ ਅਦਾਰਿਆਂ ਵਿੱਚ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਣ, ਚੰਗੀਆਂ ਨਿਰਮਾਣ ਪ੍ਰਥਾਵਾਂ ਅਤੇ ਚੰਗੀਆਂ ਸਫ਼ਾਈ ਪ੍ਰਥਾਵਾਂ ਦੀ ਪਾਲਣਾ ਕਰਨ। ਮਿਠਾਈਆਂ ਤਿਆਰ ਕਰਨ ਲਈ ਸਿਰਫ਼ ਮਿਆਰੀ ਅਤੇ ਸੁਰੱਖਿਅਤ ਕੱਚੇ ਮਾਲ ਦੀ ਵਰਤੋਂ ਕੀਤੀ ਜਾਵੇ ਅਤੇ ਖਾਣ-ਪੀਣ ਵਾਲੀਆਂ ਵਸਤਾਂ ਨੂੰ ਢੱਕ ਕੇ ਰੱਖਿਆ ਜਾਵੇ। ਇਸ ਤੋਂ ਇਲਾਵਾ ਹਰ ਫੂਡ ਬਿਜ਼ਨਸ ਆਪਰੇਟਰ ਕੋਲ ਵਿਭਾਗ ਦਾ ਵੈਧ ਲਾਇਸੈਂਸ ਜਾਂ ਰਜਿਸਟ੍ਰੇਸ਼ਨ ਹੋਣਾ ਲਾਜ਼ਮੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਚੈਕਿੰਗ ਦੌਰਾਨ ਜੇਕਰ ਕਿਸੇ ਵੀ ਅਦਾਰੇ ਵਿੱਚ ਸਫ਼ਾਈ ਦੀ ਘਾਟ, ਗਲਤ ਸਟੋਰੇਜ ਜਾਂ ਫੂਡ ਸੇਫਟੀ ਨਿਯਮਾਂ ਦੀ ਉਲੰਘਣਾ ਪਾਈ ਜਾਂਦੀ ਹੈ ਤਾਂ ਸਬੰਧਤ ਅਦਾਰੇ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਅੰਤ ਵਿਚ ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਦੀਵਾਲੀ ਮੌਕੇ ਮਿਠਾਈਆਂ ਅਤੇ ਹੋਰ ਖਾਣ-ਪੀਣ ਵਾਲੀਆਂ ਵਸਤਾਂ ਖਰੀਦਦੇ ਸਮੇਂ ਸਾਫ਼-ਸੁਥਰੇ ਅਤੇ ਭਰੋਸੇਯੋਗ ਅਦਾਰਿਆਂ ਨੂੰ ਤਰਜੀਹ ਦੇਣ ਅਤੇ ਕਿਸੇ ਵੀ ਤਰ੍ਹਾਂ ਦੀ ਮਿਲਾਵਟ ਜਾਂ ਗੈਰ-ਮਿਆਰੀ ਖੁਰਾਕੀ ਵਸਤੂ ਸਬੰਧੀ ਸ਼ਿਕਾਇਤ ਹੋਣ ’ਤੇ ਫੂਡ ਸੇਫਟੀ ਵਿਭਾਗ ਨੂੰ ਸੂਚਿਤ ਕਰਨ।