ਫੂਡ ਸੇਫਟੀ ਟੀਮ ਨੇ ਖਾਧ ਪਦਾਰਥਾਂ ਦੇ ਸੈਂਪਲ ਭਰੇ ਦੀਵਾਲੀ ਦੇ ਪਵਿੱਤਰ ਤਿਉਹਾਰ ਨੂੰ ਮੁੱਖ
Publish Date: Wed, 04 Nov 2026 06:37 PM (IST)
Updated Date: Wed, 04 Nov 2026 06:38 PM (IST)
ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ: ਦੀਵਾਲੀ ਦੇ ਪਵਿੱਤਰ ਤਿਉਹਾਰ ਨੂੰ ਮੁੱਖ ਰੱਖਦਿਆਂ ਆਮ ਲੋਕਾਂ ਨੂੰ ਸ਼ੁੱਧ, ਸੁਰੱਖਿਅਤ ਅਤੇ ਮਿਆਰੀ ਖਾਣ-ਪੀਣ ਵਾਲੀਆਂ ਵਸਤਾਂ ਮੁਹੱਈਆ ਕਰਵਾਉਣ ਅਤੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਮਿਲਾਵਟਖੋਰੀ ਨੂੰ ਰੋਕਣ ਲਈ ਫੂਡ ਸੇਫ਼ਟੀ ਵਿਭਾਗ ਵੱਲੋਂ ਲਗਾਤਾਰ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਮੁਹਿੰਮ ਤਹਿਤ ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੰਦੀਪ ਸਿੰਘ ਦੀ ਨਿਗਰਾਨੀ ਹੇਠ ਫੂਡ ਸੇਫਟੀ ਵਿਭਾਗ ਦੀ ਟੀਮ ਵੱਲੋਂ ਦੁੱਧ ਬਾਜ਼ਾਰ ਅਤੇ ਪੁਰਾਣਾ ਬਾਜ਼ਾਰ ਇਲਾਕੇ ਵਿੱਚ ਸਥਿਤ ਹਲਵਾਈਆਂ ਦੀਆਂ ਦੁਕਾਨਾਂ ਅਤੇ ਮਿਠਾਈਆਂ ਤਿਆਰ ਕਰਨ ਵਾਲੇ ਕਾਰਖਾਨਿਆਂ ਦੀ ਵਿਸ਼ੇਸ਼ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਟੀਮ ਵੱਲੋਂ ਮਿਠਾਈਆਂ ਤਿਆਰ ਕਰਨ ਵਾਲੀਆਂ ਇਕਾਈਆਂ ਵਿੱਚ ਸਫ਼ਾਈ ਪ੍ਰਬੰਧਾਂ, ਵਰਤੇ ਜਾ ਰਹੇ ਕੱਚੇ ਮਾਲ ਅਤੇ ਤਿਆਰ ਕੀਤੀਆਂ ਜਾ ਰਹੀਆਂ ਮਿਠਾਈਆਂ ਦੀ ਗੁਣਵੱਤਾ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਇਸ ਦੌਰਾਨ ਵੱਖ-ਵੱਖ ਦੁਕਾਨਾਂ ਅਤੇ ਕਾਰਖਾਨਿਆਂ ਤੋਂ ਕੁੱਲ 10 ਸੈਂਪਲ ਭਰੇ ਗਏ, ਜਿਨ੍ਹਾਂ ਵਿੱਚ ਖੋਆ, ਪਨੀਰ ਅਤੇ ਚਾਂਦੀ ਦੇ ਵਰਕ ਤੋਂ ਬਿਨਾਂ ਤਿਆਰ ਕੀਤੀਆਂ ਜਾਣ ਵਾਲੀਆਂ ਵੱਖ-ਵੱਖ ਕਿਸਮਾਂ ਦੀਆਂ ਮਿਠਾਈਆਂ ਦੇ ਸੈਂਪਲ ਸ਼ਾਮਲ ਹਨ। ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੰਦੀਪ ਸਿੰਘ ਦੀ ਨਿਗਰਾਨੀ ਹੇਠ ਭਰੇ ਗਏ ਇਹ ਸਾਰੇ 10 ਸੈਂਪਲ ਜਾਂਚ ਲਈ ਸਟੇਟ ਫੂਡ ਲੈਬਾਰਟਰੀ ਵਿੱਚ ਭੇਜੇ ਗਏ ਹਨ। ਲੈਬਾਰਟਰੀ ਤੋਂ ਰਿਪੋਰਟਾਂ ਪ੍ਰਾਪਤ ਹੋਣ ਉਪਰੰਤ ਉਨ੍ਹਾਂ ਦੇ ਆਧਾਰ ਤੇ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਅਧੀਨ ਅਗਲੀ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਚੈਕਿੰਗ ਦੌਰਾਨ ਹਲਵਾਈਆਂ ਅਤੇ ਮਿਠਾਈਆਂ ਦੇ ਕਾਰੋਬਾਰ ਨਾਲ ਜੁੜੇ ਫੂਡ ਬਿਜ਼ਨਸ ਆਪਰੇਟਰਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਆਪਣੇ ਕਾਰਖਾਨਿਆਂ, ਦੁਕਾਨਾਂ, ਮਿਠਾਈਆਂ ਤਿਆਰ ਕਰਨ ਵਾਲੇ ਭਾਂਡਿਆਂ, ਮਸ਼ੀਨਰੀ ਅਤੇ ਸਟੋਰੇਜ ਵਾਲੀਆਂ ਥਾਵਾਂ ਦੀ ਸਾਫ਼-ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਣ। ਮਿਠਾਈਆਂ ਤਿਆਰ ਕਰਨ ਸਮੇਂ ਸਾਫ਼ ਪਾਣੀ, ਮਿਆਰੀ ਕੱਚੇ ਮਾਲ ਅਤੇ ਸਾਫ਼-ਸੁਥਰੇ ਭਾਂਡਿਆਂ ਦੀ ਵਰਤੋਂ ਯਕੀਨੀ ਬਣਾਈ ਜਾਵੇ। ਤਿਆਰ ਮਿਠਾਈਆਂ ਨੂੰ ਧੂੜ, ਮੱਖੀਆਂ ਅਤੇ ਹੋਰ ਗੰਦਗੀ ਤੋਂ ਬਚਾ ਕੇ ਰੱਖਿਆ ਜਾਵੇ। ਵਿਭਾਗ ਵੱਲੋਂ ਕਾਰੋਬਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਗਈ ਕਿ ਉਹ ਬਾਸੀ ਜਾਂ ਲੰਬੇ ਸਮੇਂ ਤੋਂ ਸਟੋਰ ਕੀਤੀਆਂ ਮਿਠਾਈਆਂ ਵੇਚਣ ਤੋਂ ਗੁਰੇਜ਼ ਕਰਨ ਅਤੇ ਖਪਤਕਾਰਾਂ ਨੂੰ ਹਮੇਸ਼ਾ ਤਾਜ਼ੀਆਂ, ਸਾਫ਼-ਸੁਥਰੀਆਂ ਅਤੇ ਸੁਰੱਖਿਅਤ ਮਿਠਾਈਆਂ ਹੀ ਮੁਹੱਈਆ ਕਰਵਾਉਣ। ਦੀਵਾਲੀ ਦੇ ਮੌਕੇ ਮਿਠਾਈਆਂ ਦੀ ਵਧਦੀ ਮੰਗ ਨੂੰ ਦੇਖਦਿਆਂ ਉਤਪਾਦਨ ਅਤੇ ਵਿਕਰੀ ਦੌਰਾਨ ਫੂਡ ਸੇਫਟੀ ਦੇ ਨਿਯਮਾਂ ਦੀ ਪਾਲਣਾ ਕਰਨੀ ਲਾਜ਼ਮੀ ਹੈ। ਇਸ ਮੌਕੇ ਮਿਠਾਈਆਂ ਵਿੱਚ ਵਰਤੇ ਜਾਣ ਵਾਲੇ ਰੰਗਾਂ ਸਬੰਧੀ ਵੀ ਕਾਰੋਬਾਰੀਆਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੂੰ ਦੱਸਿਆ ਗਿਆ ਕਿ ਸਿਰਫ਼ ਐੱਫ਼ਐੱਸਐੱਸਏਆਈ ਵੱਲੋਂ ਮਨਜ਼ੂਰਸ਼ੁਦਾ ਫੂਡ ਕਲਰਾਂ ਦੀ ਹੀ ਵਰਤੋਂ ਕੀਤੀ ਜਾਵੇ ਅਤੇ ਉਹ ਵੀ ਨਿਰਧਾਰਤ ਮਾਤਰਾ ਅਨੁਸਾਰ ਕੀਤੀ ਜਾਵੇ। ਕਿਸੇ ਵੀ ਤਰ੍ਹਾਂ ਦੇ ਗੈਰ-ਮਨਜ਼ੂਰਸ਼ੁਦਾ ਰੰਗਾਂ ਜਾਂ ਹਾਨੀਕਾਰਕ ਪਦਾਰਥਾਂ ਦੀ ਵਰਤੋਂ ਨਾ ਕੀਤੀ ਜਾਵੇ। ਕਾਰੋਬਾਰੀਆਂ ਨੂੰ ਗੁੱਡ ਮੈਨੂਫੈਕਚਰਿੰਗ ਪ੍ਰੈਕਟਿਸਜ਼ ਅਤੇ ਗੁੱਡ ਹਾਈਜੀਨਿਕ ਪ੍ਰੈਕਟਿਸਜ਼ ਦੀ ਪਾਲਣਾ ਕਰਨ ਲਈ ਵੀ ਪ੍ਰੇਰਿਤ ਕੀਤਾ ਗਿਆ। ਫੂਡ ਸੇਫਟੀ ਵਿਭਾਗ ਵੱਲੋਂ ਆਮ ਜਨਤਾ ਨੂੰ ਅਪੀਲ ਕੀਤੀ ਗਈ ਕਿ ਉਹ ਦੀਵਾਲੀ ਦੇ ਤਿਉਹਾਰ ਮੌਕੇ ਮਿਠਾਈਆਂ ਖਰੀਦਣ ਸਮੇਂ ਵਿਸ਼ੇਸ਼ ਸਾਵਧਾਨੀ ਵਰਤਣ ਅਤੇ ਹਮੇਸ਼ਾ ਲਾਇਸੰਸਸ਼ੁਦਾ ਜਾਂ ਰਜਿਸਟਰਡ ਦੁਕਾਨਾਂ ਤੋਂ ਹੀ ਮਿਠਾਈਆਂ ਦੀ ਖਰੀਦ ਕਰਨ। ਖਪਤਕਾਰ ਮਿਠਾਈਆਂ ਦੀ ਤਾਜ਼ਗੀ, ਗੁਣਵੱਤਾ ਅਤੇ ਸਫ਼ਾਈ ਦਾ ਧਿਆਨ ਰੱਖਣ। ਬਹੁਤ ਜ਼ਿਆਦਾ ਚਮਕਦਾਰ ਰੰਗਾਂ ਵਾਲੀਆਂ ਜਾਂ ਸ਼ੱਕੀ ਗੁਣਵੱਤਾ ਵਾਲੀਆਂ ਮਿਠਾਈਆਂ ਖਰੀਦਣ ਤੋਂ ਬਚਣ।