ਕੂੜੇ ਦੇ ਬਦਲਵੇਂ ਢੰਗ ਨਾਲ ਨਿਪਟਾਰੇ ਲਈ ਅਹਿਮ ਹੁਕਮ ਸਫ਼ਾਈ ਕਰਮਚਾਰੀਆਂ ਵੱਲੋਂ ਪਿਛਲੇ ਲੰਬੇ
Publish Date: Tue, 21 Jul 2026 04:53 PM (IST)
Updated Date: Wed, 22 Jul 2026 04:02 AM (IST)
ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ : ਸਫ਼ਾਈ ਕਰਮਚਾਰੀਆਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਹੜਦਾਲ ਤੇ ਹੋਣ ਕਾਰਨ ਕੂੜੇ ਦੇ ਨਿਪਟਾਰੇ ਵਿਚ ਮੁਸ਼ਕਿਲ ਪੇਸ਼ ਆ ਰਹੀ ਹੈ ਜਿਸਦੇ ਬਦਲਵੇਂ ਪ੍ਰਬੰਧ ਕਰਨ ਲਈ ਡੀਸੀ ਮੋਗਾ ਸਾਗਰ ਸੇਤੀਆ ਵੱਲੋਂ ਅਹਿਮ ਹੁਕਮ ਜਾਰੀ ਕੀਤੇ ਹਨ। ਡੀਸੀ ਮੋਗਾ ਨੇ ਜ਼ਿਲ੍ਹੇ ਮੋਗਾ ਦੇ ਸਮੂਹ ਐੱਸਡੀਐੱਮਜ, ਮਿਊਂਸਪਲ ਕੌਂਸਲਾਂ/ਨਗਰ ਪੰਚਾਇਤਾਂ ਦੇ ਕਾਰਜਸਾਧਕ ਅਫ਼ਸਰਾਂ, ਸਿਵਲ ਸਰਜਨ, ਜ਼ਿਲ੍ਹਾ ਸਿਹਤ ਅਫ਼ਸਰ ਨੂੰ ਤੁਰੰਤ ਪ੍ਰਭਾਵ ਨਾਲ ਕੁਝ ਵਿਸ਼ੇਸ਼ ਕੰਮ/ਕਦਮ ਚੁੱਕਣ ਦੇ ਹੁਕਮ ਜਾਰੀ ਕੀਤੇ ਹਨ, ਜਿਨ੍ਹਾਂ ਦਾ ਖ਼ਰਚਾ ਸਬੰਧਤ ਸ਼ਹਿਰੀ ਸਥਾਨਕ ਇਕਾਈ/ਇਕਾਈਆਂ ਦੇ ਮਿਊਂਸਪਲ ਫੰਡ ਵਿਚੋਂ ਕੀਤਾ ਜਾਵੇਗਾ। ਡੀਸੀ ਸਾਗਰ ਸੇਤੀਆ ਨੇ ਹੁਕਮਾਂ ਵਿਚ ਲਿਖਿਆ ਹੈ ਕਿ ਜ਼ਿਲ੍ਹਾ ਮੋਗਾ ਦੀਆਂ ਮਿਊਂਸਪਲ ਕੌਂਸਲਾਂ/ਨਗਰ ਪੰਚਾਇਤਾਂ ਦੇ ਕਾਰਜਸਾਧਕ ਅਫ਼ਸਰ ਆਪਣੇ-ਆਪਣੇ ਅਧਿਕਾਰ ਖੇਤਰਾਂ ਦੇ ਸਾਰੇ ਵਾਰਡਾਂ, ਬਾਜ਼ਾਰਾਂ, ਹਸਪਤਾਲਾਂ ਅਤੇ ਜਨਤਕ ਥਾਵਾਂ ਤੋਂ ਇਕੱਠੇ ਹੋਏ ਕੂੜੇ ਅਤੇ ਠੋਸ ਵੇਸਟ ਨੂੰ ਤੁਰੰਤ ਚੁੱਕਣ, ਢੋਹਣ ਤੇ ਵਿਗਿਆਨਿਕ/ਕਾਨੂੰਨੀ ਨਿਪਟਾਰੇ ਲਈ ਠੇਕੇਦਾਰੀ ਏਜੰਸੀਆਂ, ਆਊਟਸੋਰਸਡ ਲੇਬਰ, ਕਿਰਾਏ ਦੇ ਵਾਹਨਾਂ/ਮਸ਼ੀਨਰੀ ਜਾਂ ਹੋਰ ਵਿੰਗਾਂ/ਵਿਭਾਗਾਂ ਦੇ ਅਮਲੇ ਦੀ ਤਾਇਨਾਤੀ ਰਾਹੀਂ ਤੁਰੰਤ ਬਦਲਵੇਂ ਪ੍ਰਬੰਧ ਕਰਨਗੇ। ਹਸਪਤਾਲਾਂ, ਡਿਸਪੈਂਸਰੀਆਂ, ਸਕੂਲਾਂ, ਬਾਜ਼ਾਰਾਂ, ਜਲ ਸਰੋਤਾਂ, ਨਾਲੀਆਂ ਅਤੇ ਹੋਰ ਸੰਵੇਦਨਸ਼ੀਲ/ਬਹੁਤ ਜ਼ਿਆਦਾ ਆਵਾਜਾਈ ਵਾਲੀਆਂ ਥਾਵਾਂ ਨੂੰ ਪਹਿਲ ਦਿੱਤੀ ਜਾਵੇਗੀ ਜਿੱਥੇ ਬੀਮਾਰੀ ਫੈਲਣ ਦਾ ਖ਼ਤਰਾ ਸਭ ਤੋਂ ਵੱਧ ਹੈ। ਸਿਵਲ ਸਰਜਨ ਮੋਗਾ ਅਤੇ ਜ਼ਿਲ੍ਹਾ ਸਿਹਤ ਅਫ਼ਸਰ ਇਸ ਮੁਹਿੰਮ ਨਾਲ ਜੁੜਨਗੇ ਅਤੇ ਪੂਰੇ ਜ਼ਿਲ੍ਹੇ ਵਿਚ ਜੰਗੀ ਪੱਧਰ ਤੇ ਐਂਟੀ-ਲਾਰਵਾ ਸਪਰੇਅ, ਨਾਲੀਆਂ, ਜਲ ਸਰੋਤਾਂ ਅਤੇ ਸੰਵੇਦਨਸ਼ੀਲ ਇਲਾਕਿਆਂ ਦੀ ਕਲੋਰੀਨੇਸ਼ਨ ਕਰਨਗੇ, ਅਤੇ ਕਿਸੇ ਵੀ ਬੀਮਾਰੀ ਫੈਲਣ ਦੀ ਸਥਿਤੀ ਦੇ ਮੱਦੇਨਜ਼ਰ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਦਵਾਈਆਂ ਅਤੇ ਆਈ.ਵੀ. ਫਲੂਇਡਜ਼ (ਡ੍ਰਿਪਾਂ) ਦਾ ਲੋੜੀਂਦਾ ਸਟਾਕ ਰੱਖਣਗੇ। ਉਨ੍ਹਾਂ ਕਿਹਾ ਹੈ ਕਿ ਸਬੰਧਤ ਕਾਰਜਸਾਧਕ ਅਫ਼ਸਰ ਇਹ ਯਕੀਨੀ ਬਣਾਉਣਗੇ ਕਿ ਇਸ ਹੁਕਮ ਅਧੀਨ ਕੀਤੇ ਗਏ ਬਦਲਵੇਂ ਪ੍ਰਬੰਧਾਂ ਤੇ ਹੋਣ ਵਾਲਾ ਖ਼ਰਚਾ ਸਬੰਧਤ ਕਮੇਟੀ/ਕੌਂਸਲ/ਨਗਰ ਪੰਚਾਇਤ ਦੇ ਮਿਊਂਸਪਲ ਫੰਡ ਵਿਚੋਂ ਕੀਤਾ ਜਾਵੇਗਾ ਅਤੇ ਕਮੇਟੀ/ਕੌਂਸਲ/ਨਗਰ ਪੰਚਾਇਤ ਵੱਲੋਂ ਬਾਅਦ ਵਿਚ ਪ੍ਰਵਾਨਗੀ ਲਈ ਅਜਿਹੇ ਖ਼ਰਚੇ ਦੇ ਯੋਗ ਰਿਕਾਰਡ/ਵਾਊਚਰ ਬਣਾ ਕੇ ਰੱਖੇ ਜਾਣਗੇ। ਸਬੰਧਤ ਸਬ-ਡਵੀਜ਼ਨਲ ਮੈਜਿਸਟ੍ਰੇਟ ਅਤੇ ਕਾਰਜਸਾਧਕ ਅਫ਼ਸਰ ਸਥਿਤੀ ਆਮ ਹੋਣ ਤੱਕ, ਚੁੱਕੇ ਗਏ ਕੂੜੇ ਦੀ ਮਾਤਰਾ, ਕਵਰ ਕੀਤੇ ਗਏ ਇਲਾਕਿਆਂ ਅਤੇ ਹੜਤਾਲ ਨਾਲ ਜੁੜੇ ਕਾਨੂੰਨ ਅਤੇ ਵਿਵਸਥਾ ਦੇ ਕਿਸੇ ਵੀ ਪਹਿਲੂ ਬਾਰੇ ਇਸ ਦਫ਼ਤਰ ਨੂੰ ਰੋਜ਼ਾਨਾ ਪਾਲਣਾ-ਤੇ-ਸਥਿਤੀ ਰਿਪੋਰਟ ਭੇਜਣਗੇ। ਇਹ ਹੁਕਮ ਹੜਤਾਲ ਵਾਪਸ ਲਏ ਜਾਣ ਅਤੇ ਆਮ ਸਫ਼ਾਈ ਸੇਵਾਵਾਂ ਬਹਾਲ ਹੋਣ ਤੱਕ, ਜਾਂ ਅਗਲੇ ਹੁਕਮਾਂ ਤੱਕ, ਜੋ ਵੀ ਪਹਿਲਾਂ ਹੋਵੇ, ਲਾਗੂ ਰਹੇਗਾ ਅਤੇ ਸਮੇਂ-ਸਮੇਂ ਤੇ ਇਸ ਦੀ ਸਮੀਖਿਆ ਕੀਤੀ ਜਾਵੇਗੀ। ਡੀਸੀ ਨੇ ਕਿਹਾ ਕਿ ਲੰਬੇ ਸਮੇਂ ਤੋਂ ਕੂੜਾ ਨਾ ਚੁੱਕੇ ਜਾਣ ਅਤੇ ਮੌਜੂਦਾ ਮਾਨਸੂਨ ਦੇ ਹਾਲਾਤਾਂ ਕਾਰਨ ਵੱਖ-ਵੈਕਟਰ-ਬੋਰਨ (ਮੱਛਰਾਂ/ਕੀੜਿਆਂ ਤੋਂ ਫੈਲਣ ਵਾਲੀਆਂ) ਤੇ ਵਾਟਰ-ਬੋਰਨ (ਦੂਸ਼ਿਤ ਪਾਣੀ ਤੋਂ ਫੈਲਣ ਵਾਲੀਆਂ) ਬੀਮਾਰੀਆਂ ਫੈਲਣ ਤੋਂ ਰੋਕਣ ਅਤੇ ਜ਼ਿਲ੍ਹਾ ਮੋਗਾ ਦੇ ਨਿਵਾਸੀਆਂ ਦੀ ਸਿਹਤ ਸੁਰੱਖਿਆ ਯਕੀਨੀ ਬਣਾਉਣ ਲਈ ਇਹ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਹੁਕਮਾਂ ’ਚ ਇਹ ਵੀ ਕਿਹਾ ਗਿਆ ਹੈ ਕਿ ਹੁਕਮਾਂ ਦੀ ਪਾਲਣਾ ਵਿਚ ਅਣਗਹਿਲੀ ਕਰਨ ਵਾਲੇ ਕਿਸੇ ਵੀ ਅਫ਼ਸਰ/ਕਰਮਚਾਰੀ ਵਿਰੁੱਧ ਪੰਜਾਬ ਮਿਊਂਸਪਲ ਐਕਟ 1911 ਤੋਂ ਇਲਾਵਾ ਸਬੰਧਤ ਸਰਵਿਸ ਨਿਯਮਾਂ/ਕਾਨੂੰਨੀ ਉਪਬੰਧਾਂ ਅਧੀਨ ਕਾਰਵਾਈ ਕੀਤੀ ਜਾਵੇਗੀ।