ਜਸਵਿੰਦਰ ਰੱਤੀਆਂ ਦੀ ਪੁਸਤਕ 'ਲੱਕੜ ਦੇ ਸਿਰ' ਲੋਕ ਅਰਪਣ ਇੰਗਲੈਂਡ ਰਹਿੰਦੇ ਨਾਵਲਕਾਰ ਇੰਗਲੈਂਡ ਰਹਿੰਦੇ ਨਾਵਲਕਾਰ
Publish Date: Tue, 13 Oct 2026 03:46 PM (IST)
Updated Date: Wed, 14 Oct 2026 04:03 AM (IST)
ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ : ਇੰਗਲੈਂਡ ਰਹਿੰਦੇ ਨਾਵਲਕਾਰ ਕਹਾਣੀਕਾਰ ਜਸਵਿੰਦਰ ਰੱਤੀਆਂ ਦੀ ਨਵੀਂ ਕਥਾ ਪੁਸਤਕ ਲੱਕੜ ਦੇ ਸਿਰ ਦਾ ਲੋਕ ਅਰਪਣ ਮੋਗੇ ਦੇ ਪ੍ਰਸਿੱਧ ਸਾਹਿਤਕਾਰਾਂ ਵੱਲੋਂ ਸਥਾਨਕ ਨੇਚਰ ਪਾਰਕ ਵਿਚ ਕੀਤਾ ਗਿਆ। ਪੁਸਤਕ ਲੋਕ ਅਰਪਣ ਕਰਨ ਦੀ ਰਸਮ ਸਾਹਿਤ ਅਕੈਡਮੀ ਪੁਰਸਕਾਰ ਵਿਜੇਤਾ ਨਾਵਲਕਾਰ ਬਲਦੇਵ ਸਿੰਘ ਪ੍ਰਸਿੱਧ ਕਹਾਣੀਕਾਰ ਗੁਰਮੀਤ ਕੜਿਆਲਵੀ, ਆਲੋਚਕ ਡਾ. ਸੁਰਜੀਤ ਬਰਾੜ, ਜ਼ਿਲ੍ਹਾ ਭਾਸ਼ਾ ਅਫਸਰ ਡਾ. ਅਜੀਤਪਾਲ ਜਟਾਣਾ, ਮਹਿੰਦਰ ਸਾਥੀ ਯਾਦਗਾਰੀ ਮੰਚ ਦੇ ਪ੍ਰਧਾਨ ਨਵਨੀਤ ਸਿੰਘ ਸੇਖਾ, ਕੌਮਾਂਤਰੀ ਸ਼ੇਰ ਜੰਗ ਫਾਊਂਡੇਸ਼ਨ ਦੇ ਪ੍ਰਤੀਨਿਧ ਵਿਜੇ ਕੁਮਰ ਮਿੱਤਲ, ਸੁਤੰਤਰਤਾ ਸੰਗਰਾਮੀ ਭਵਨ ਮੋਗਾ ਦੇ ਸੰਚਾਲਕ ਗੁਰਚਰਨ ਸਿੰਘ ਸੰਘਾ, ਗੀਤਕਾਰ ਦਰਸ਼ਨ ਸਿੰਘ ਦੋਸਾਂਝ, ਗੁਰਮੀਤ ਸਿੰਘ, ਰਿਟਾ ਚੀਫ ਐਗਰੀਕਲਚਰ ਅਫ਼ਸਰ ਡਾ ਹਰਨੇਕ ਸਿੰਘ ਰੋਡੇ, ਗ਼ਜ਼ਲ਼ਗੋ ਜਗੀਰ ਸਿੰਘ ਖੋਖਰ ਅਤੇ ਸਾਬਕਾ ਡੀਪੀਆਰਓ ਗਿਆਨ ਸਿੰਘ ਨੇ ਕੀਤੀ। ਪੁਸਤਕ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਗੁਰਮੀਤ ਕੜਿਆਲਵੀ ਨੇ ਕਿਹਾ ਕਿ ਕੰਡਿਆਲੇ ਸਾਕ, ਕੂੰਜਾਂ, ਖਜ਼ਾਨਾ ਨਜ਼ੂਮੀ ਤੇ ਕੁਰਸੀ, ਹੱਥੀਂ ਤੋਰੇ ਸੱਜਣਾ ਨੂੰ, ਤੋਂ ਬਾਅਦ ਲੱਕੜ ਦੇ ਸਿਰ ਜਸਵਿੰਦਰ ਰੱਤੀਆਂ ਦਾ ਨਵਾਂ ਕਹਾਣੀ ਸੰਗ੍ਰਹਿ ਹੈ ਜਿਸ ਵਿਚ ਉਸ ਨੇ ਵਿਦੇਸ਼ਾਂ ਵਿਚ ਰਹਿ ਰਹੀ ਨਵੀਂ ਪੀੜ੍ਹੀ ਅਤੇ ਪੁਰਾਣੀ ਪੀੜ੍ਹੀ ਦੇ ਆਪਸੀ ਦਵੰਦ ਨੂੰ ਬਾਖੂਬੀ ਚਿਤਰਿਆ ਹੈ। ਸ਼੍ਰੋਮਣੀ ਸਾਹਿਤਕਾਰ ਬਲਦੇਵ ਸਿੰਘ ਨੇ ਕਿਹਾ ਕਿ ਜਸਵਿੰਦਰ ਰੱਤੀਆਂ ਲੋਕ ਪੱਖੀ ਸਾਹਿਤਕਾਰ ਹੈ ਜਿਸਦੀ ਰਚਨਾਕਾਰੀ ਸਮਾਜ ਦੇ ਪੀੜਤ ਵਰਗ ਦੇ ਦੁੱਖਾਂ ਦਰਦਾਂ ਨੂੰ ਪੇਸ਼ ਕਰਦੀ ਹੈ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਅਜੀਤਪਾਲ ਨੇ ਕਿਹਾ ਕਿ ਜਸਵਿੰਦਰ ਜਿੰਨਾਂ ਵਧੀਆ ਲੇਖਕ ਹੈ ਓਨਾਂ ਹੀ ਵਧੀਆ ਇਨਸਾਨ ਹੈ ਜੋ ਇੰਗਲੈਂਡ ਵਿਚ ਆਪਣੇ ਸਾਥੀਆਂ ਨਾਲ਼ ਰਲ ਕੇ ਹਰ ਸਾਲ ਅਦਬੀ ਮੇਲੇ ਦਾ ਆਯੋਜਨ ਕਰਦਾ ਹੈ। ਡਾ. ਸੁਰਜੀਤ ਬਰਾੜ ਨੇ ਜਸਵਿੰਦਰ ਦੀ ਕਹਾਣੀ ਕਲਾ ਬਾਰੇ ਵਿਚਾਰ ਪੇਸ਼ ਕਰਦਿਆਂ ਆਖਿਆ ਕਿ ਜਸਵਿੰਦਰ ਪ੍ਰਤੀਬੱਧ ਲੇਖਕ ਹੈ ਜਿਸਦੀ ਵਿਚਾਰਧਾਰਾ ਬਿਲਕੁਲ ਸਪਸ਼ਟ ਹੈ। ਉਹ ਮਾਨਵਵਾਦੀ ਵਿਚਾਰਧਾਰਾ ਨੂੰ ਪ੍ਰਣਾਇਆ ਯਥਾਰਥਵਾਦੀ ਸਾਹਿਤਕਾਰ ਹੈ ਜਿਸਨੇ ਆਪਣੀਆਂ ਕਹਾਣੀਆਂ ਰਾਹੀਂ ਰਾਜਨੀਤਕ, ਧਾਰਮਿਕ ਤੇ ਸਮਾਜ ਦੇ ਦੰਭੀ ਲੋਕਾਂ ’ਤੇ ਤਿੱਖਾ ਵਿਅੰਗ ਕੀਤਾ ਹੈ। ਮਹਿੰਦਰ ਸਾਥੀ ਯਾਦਗਾਰੀ ਮੰਚ ਦੇ ਪ੍ਰਧਾਨ ਨਵਨੀਤ ਸਿੰਘ ਸੇਖਾ ਨੇ ਜਸਵਿੰਦਰ ਨੂੰ ਜ਼ਮੀਨ ਨਾਲ਼ ਜੁੜਿਆ ਸਾਹਿਤਕਾਰ ਕਿਹਾ ਜੋ ਮੰਚ ਨਾਲ ਜੁੜਿਆ ਹੋਇਆ ਹੈ ਤੇ ਲਗਾਤਾਰ ਸਾਹਿਤਕ ਸਮਾਗਮਾਂ ਲਈ ਮੱਦਦ ਕਰਦਾ ਰਹਿੰਦਾ ਹੈ। ਜਸਵਿੰਦਰ ਦੀ ਰਚਨਾਕਾਰੀ ਬਾਰੇ ਜਗੀਰ ਸਿੰਘ ਖੋਖਰ ਅਤੇ ਗੁਰਚਰਨ ਸਿੰਘ ਸੰਘਾ ਨੇ ਵੀ ਆਪਣੇ ਵਿਚਾਰ ਰੱਖੇ।