ਲੰਡੇਕੇ ’ਚ ਸੀਵਰੇਜ ਸਮੱਸਿਆ ਦਾ ਹੱਲ ਕਰਵਾਇਆ
ਮੋਗਾ ਦੇ ਨੇੜਲੇ ਪਿੰਡ ਲੰਡੇਕੇ ਦੇ ਵਾਰਡ
Publish Date: Wed, 25 Mar 2026 04:27 PM (IST)
Updated Date: Thu, 26 Mar 2026 03:59 AM (IST)

ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ: ਮੋਗਾ ਦੇ ਨੇੜਲੇ ਪਿੰਡ ਲੰਡੇਕੇ ਦੇ ਵਾਰਡ ਨੰਬਰ 1 ਵਿਚ ਸਥਿਤ ਬਾਬਾ ਸੂਰਤ ਸਿੰਘ ਗਲੀ ਨੰਬਰ 1 ਅਤੇ ਗਲੀ ਨੰਬਰ 2 ਜੋ ਕਿ ਸਕੂਲ ਦੇ ਨਾਲ ਲੱਗਦੀਆਂ ਹਨ, ਪਿਛਲੇ ਕਈ ਦਿਨਾਂ ਤੋਂ ਗੰਭੀਰ ਸੀਵਰੇਜ ਸਮੱਸਿਆ ਨਾਲ ਜੂਝ ਰਹੀਆਂ ਸਨ। ਗਲੀਆਂ ਵਿਚ ਸੀਵਰੇਜ ਬਲਾਕ ਹੋਣ ਕਾਰਨ ਗੰਦਾ ਪਾਣੀ ਇਕੱਠਾ ਹੋ ਗਿਆ ਸੀ, ਜਿਸ ਨਾਲ ਸਥਾਨਕ ਵਸਨੀਕਾਂ ਦੀ ਰੋਜ਼ਾਨਾ ਜ਼ਿੰਦਗੀ ਬਹੁਤ ਪ੍ਰਭਾਵਿਤ ਹੋ ਰਹੀ ਸੀ। ਇਲਾਕੇ ਦੇ ਲੋਕਾਂ ਨੂੰ ਨਾ ਸਿਰਫ਼ ਆਉਣ-ਜਾਣ ਵਿਚ ਮੁਸ਼ਕਲਾਂ ਆ ਰਹੀਆਂ ਸਨ, ਸਗੋਂ ਬਦਬੂ ਅਤੇ ਗੰਦਗੀ ਕਾਰਨ ਬਿਮਾਰੀਆਂ ਫ਼ੈਲਣ ਦਾ ਵੀ ਖ਼ਤਰਾ ਬਣ ਗਿਆ ਸੀ। ਬੱਚਿਆਂ ਅਤੇ ਬਜ਼ੁਰਗਾਂ ਲਈ ਇਹ ਸਥਿਤੀ ਹੋਰ ਵੀ ਪਰੇਸ਼ਾਨੀ ਵਾਲੀ ਬਣ ਚੁੱਕੀ ਸੀ। ਲੋਕ ਕਈ ਦਿਨਾਂ ਤੋਂ ਇਸ ਸਮੱਸਿਆ ਦੇ ਹੱਲ ਦੀ ਉਡੀਕ ਕਰ ਰਹੇ ਸਨ। ਇਸ ਦੌਰਾਨ ਬੀਜੇਪੀ ਮਹਿਲਾ ਮੰਡਲ ਦੀ ਜ਼ਿਲ੍ਹਾ ਮੀਤ ਪ੍ਰਧਾਨ ਮੈਡਮ ਅਮਨਪ੍ਰੀਤ ਕੌਰ ਲੰਡੇਕੇ ਨੇ ਆਪਣੇ ਵਾਰਡ ਦੀ ਇਸ ਸਮੱਸਿਆ ਨੂੰ ਆਪਣੀ ਜ਼ਿੰਮੇਵਾਰੀ ਸਮਝਦਿਆਂ ਤੁਰੰਤ ਕਦਮ ਚੁੱਕਿਆ। ਉਨ੍ਹਾਂ ਨੇ ਮੌਕੇ ’ਤੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲਿਆ ਅਤੇ ਲੋਕਾਂ ਦੀ ਪਰੇਸ਼ਾਨੀ ਨੂੰ ਨਜ਼ਦੀਕ ਤੋਂ ਵੇਖਿਆ। ਇਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਮੋਗਾ ਦੇ ਮੇਅਰ ਪ੍ਰਵੀਨ ਸ਼ਰਮਾ ਨਾਲ ਸੰਪਰਕ ਕਰਕੇ ਇਸ ਗੰਭੀਰ ਸਮੱਸਿਆ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਮੇਅਰ ਪ੍ਰਵੀਨ ਸ਼ਰਮਾ ਵੱਲੋਂ ਵੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਬਿਨ੍ਹਾਂ ਕਿਸੇ ਦੇਰੀ ਦੇ ਸੀਵਰੇਜ ਵਿਭਾਗ ਦੇ ਕਰਮਚਾਰੀਆਂ ਨੂੰ ਤੁਰੰਤ ਮੌਕੇ ’ਤੇ ਭੇਜਣ ਦੇ ਆਦੇਸ਼ ਜਾਰੀ ਕੀਤੇ ਗਏ। ਕੁੱਝ ਹੀ ਸਮੇਂ ਵਿਚ ਕਰਮਚਾਰੀ ਮਸ਼ੀਨਰੀ ਅਤੇ ਸਾਜ਼ੋ-ਸਮਾਨ ਸਮੇਤ ਮੌਕੇ ’ਤੇ ਪਹੁੰਚ ਗਏ ਅਤੇ ਕੰਮ ਸ਼ੁਰੂ ਕਰ ਦਿੱਤਾ। ਖਾਸ ਗੱਲ ਇਹ ਰਹੀ ਕਿ ਮੈਡਮ ਅਮਨਪ੍ਰੀਤ ਕੌਰ ਖੁਦ ਮੌਕੇ ’ਤੇ ਖੜ੍ਹ ਕੇ ਪੂਰੇ ਕੰਮ ਦੀ ਨਿਗਰਾਨੀ ਕਰਦੀ ਰਹੀ। ਇਸ ਮੌਕੇ ਗੱਲਬਾਤ ਕਰਦਿਆਂ ਮੈਡਮ ਅਮਨਪ੍ਰੀਤ ਕੌਰ ਨੇ ਕਿਹਾ ਕਿ ਲੋਕਾਂ ਦੀਆਂ ਮੁੱਢਲੀਆਂ ਸਮੱਸਿਆਵਾਂ ਦਾ ਹੱਲ ਕਰਨਾ ਉਨ੍ਹਾਂ ਦੀ ਪਹਿਲੀ ਤਰਜ਼ੀਹ ਹੈ। ਜਿੱਥੇ ਵੀ ਜਨਤਾ ਨੂੰ ਕੋਈ ਪਰੇਸ਼ਾਨੀ ਆਉਂਦੀ ਹੈ, ਉੱਥੇ ਤੁਰੰਤ ਕਾਰਵਾਈ ਕਰਨਾ ਸਾਡਾ ਫਰਜ਼ ਹੈ। ਦੂਜੇ ਪਾਸੇ ਇਲਾਕਾ ਨਿਵਾਸੀਆਂ ਨੇ ਵੀ ਰਾਹਤ ਮਹਿਸੂਸ ਕਰਦਿਆਂ ਮੈਡਮ ਅਮਨਪ੍ਰੀਤ ਕੌਰ ਅਤੇ ਮੇਅਰ ਪ੍ਰਵੀਨ ਸ਼ਰਮਾ ਦਾ ਦਿਲੋਂ ਧੰਨਵਾਦ ਕੀਤਾ।