ਮੋਗਾ ਤੋਂ ਪਤੀ-ਪਤਨੀ ਭੇਤਭਰੇ ਹਾਲਾਤਾਂ ’ਚ ਲਾਪਤਾ ਮੋਗਾ ਦੇ ਪੱਤੀ ਮਾਲੇ ਕੀ ਇਲਾਕੇ
Publish Date: Wed, 18 Nov 2026 07:02 PM (IST)
Updated Date: Thu, 19 Nov 2026 04:07 AM (IST)
ਪਰਿਵਾਰ ਨੇ ਪੁਲਿਸ ਤੋਂ ਭਾਲ ਕਰਨ ਦੀ ਕੀਤੀ ਮੰਗ, ਘਰੋਂ ਲੁਧਿਆਣਾ ਜਾਣ ਲਈ ਕਹਿ ਕੇ ਟਾਟਾ ਪੰਚ ਗੱਡੀ ’ਚ ਹੋਏ ਸਨ ਰਵਾਨਾ ਟੋਲ ਪਲਾਜ਼ਾ ਤੋਂ ਲੰਘਣ ਦੀ ਮਿਲੀ ਜਾਣਕਾਰੀ, ਦੋਵਾਂ ਦੇ ਮੋਬਾਈਲ ਫੋਨ ਆ ਰਹੇ ਹਨ ਬੰਦ ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ : ਮੋਗਾ ਦੇ ਪੱਤੀ ਮਾਲੇ ਕੀ ਇਲਾਕੇ ਵਿਚੋਂ ਇਕ ਪਤੀ-ਪਤਨੀ ਦੇ ਭੇਤਭਰੇ ਹਾਲਾਤਾਂ ਵਿਚ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਲਾਪਤਾ ਹੋਏ ਨੌਜਵਾਨ ਦੇ ਪਿਤਾ ਸਤਪਾਲ ਪੁੱਤਰ ਰੂਪ ਲਾਲ ਵਾਸੀ ਪੱਤੀ ਮਾਲੇ ਕੀ, ਨੇ ਪੁਲਿਸ ਨੂੰ ਸ਼ਿਕਾਇਤ ਦੇ ਕੇ ਆਪਣੇ ਪੁੱਤਰ ਅਤੇ ਨੂੰਹ ਦੀ ਭਾਲ ਕਰਨ ਦੀ ਗੁਹਾਰ ਲਗਾਈ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਸਤਪਾਲ ਨੇ ਦੱਸਿਆ ਕਿ ਉਸ ਦਾ ਪੁੱਤਰ ਕਸ਼ਿਸ਼ ਕਟਾਰੀਆ ਇਕ ਕੰਪਨੀ ਵਿਚ ਮਾਰਕੀਟਿੰਗ ਦਾ ਕੰਮ ਕਰਦਾ ਹੈ ਅਤੇ ਕੰਮ ਦੇ ਸਿਲਸਿਲੇ ਵਿਚ ਵੱਖ-ਵੱਖ ਦੁਕਾਨਾਂ ’ਤੇ ਜਾਂਦਾ ਰਹਿੰਦਾ ਹੈ। ਸ਼ਿਕਾਇਤਕਰਤਾ ਅਨੁਸਾਰ 17 ਨਵੰਬਰ ਨੂੰ ਦੁਪਹਿਰ ਕਰੀਬ 3:50 ਵਜੇ ਉਸ ਦਾ ਪੁੱਤਰ ਕਸ਼ਿਸ਼ ਕਟਾਰੀਆ ਆਪਣੀ ਪਤਨੀ ਕੁਲਵਿੰਦਰ ਕੌਰ ਨੂੰ ਨਾਲ ਲੈ ਕੇ ਟਾਟਾ ਪੰਚ ਗੱਡੀ ਨੰਬਰ ਪੀਬੀ 76-ਬੀ-6794 ਵਿਚ ਘਰੋਂ ਇਹ ਕਹਿ ਕੇ ਗਿਆ ਸੀ ਕਿ ਉਹ ਕੰਮ ਦੇ ਸਿਲਸਿਲੇ ਵਿਚ ਲੁਧਿਆਣਾ ਜਾ ਰਹੇ ਹਨ। ਸ਼ਿਕਾਇਤ ਵਿਚ ਅੱਗੇ ਦੱਸਿਆ ਗਿਆ ਕਿ ਦੋਵਾਂ ਕੋਲ ਕੰਪਨੀ ਦੇ ਕੰਮ ਨਾਲ ਸਬੰਧਤ ਕਰੀਬ ਸੱਤ-ਅੱਠ ਮੋਬਾਈਲ ਫੋਨ ਵੀ ਸਨ। ਜਦੋਂ ਸ਼ਾਮ ਤੱਕ ਦੋਵੇਂ ਘਰ ਵਾਪਸ ਨਾ ਪਰਤੇ ਤਾਂ ਪਰਿਵਾਰਕ ਮੈਂਬਰਾਂ ਨੇ ਪਹਿਲਾਂ ਮੋਗਾ ਸ਼ਹਿਰ ਵਿੱਚ ਉਨ੍ਹਾਂ ਦੀ ਭਾਲ ਕੀਤੀ, ਪਰ ਕੋਈ ਸੁਰਾਗ ਨਹੀਂ ਮਿਲਿਆ। ਇਸ ਤੋਂ ਬਾਅਦ ਪਰਿਵਾਰ ਨੇ ਲੁਧਿਆਣਾ ਦੇ ਮੁੱਲਾਂਪੁਰ ਸਥਿਤ ਟੋਲ ਪਲਾਜ਼ਾ ’ਤੇ ਜਾ ਕੇ ਜਾਣਕਾਰੀ ਹਾਸਲ ਕੀਤੀ, ਜਿੱਥੇ ਉਨ੍ਹਾਂ ਨੂੰ ਪਤਾ ਲੱਗਾ ਕਿ ਉਕਤ ਗੱਡੀ ਦੁਪਹਿਰ ਕਰੀਬ 4:32 ਵਜੇ ਟੋਲ ਪਲਾਜ਼ਾ ਤੋਂ ਲੰਘੀ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਕਾਫ਼ੀ ਕੋਸ਼ਿਸ਼ਾਂ ਦੇ ਬਾਵਜੂਦ ਜਦੋਂ ਕਾਸ਼ਿਸ਼ ਕਟਾਰੀਆ ਅਤੇ ਕੁਲਵਿੰਦਰ ਕੌਰ ਨਾਲ ਫੋਨ ਰਾਹੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਦੋਵਾਂ ਦੇ ਮੋਬਾਈਲ ਫੋਨ ਬੰਦ ਆ ਰਹੇ ਸਨ। ਇਸ ਕਾਰਨ ਪਰਿਵਾਰਕ ਮੈਂਬਰ ਕਾਫ਼ੀ ਚਿੰਤਤ ਹਨ। ਸਤਪਾਲ ਨੇ ਪੁਲਿਸ ਨੂੰ ਅਪੀਲ ਕੀਤੀ ਹੈ ਕਿ ਲਾਪਤਾ ਪਤੀ-ਪਤਨੀ ਦੀ ਜਲਦ ਤੋਂ ਜਲਦ ਭਾਲ ਕੀਤੀ ਜਾਵੇ ਅਤੇ ਉਨ੍ਹਾਂ ਦੇ ਮੋਬਾਈਲ ਫੋਨਾਂ ਦੀ ਜਾਂਚ ਕਰਕੇ ਉਨ੍ਹਾਂ ਬਾਰੇ ਪਤਾ ਲਗਾਇਆ ਜਾਵੇ।