- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਸਰਕਾਰ ਵੱਲੋਂ ਨਵੇਂ ਰਾਸ਼ਨ ਕਾਰਡ

- ਰੋਜ਼ਾਨਾ 300 ਤੋਂ 350 ਲੋਕ ਪਹੁੰਚ ਰਹੇ, ਸਵੇਰ ਤੋਂ ਸ਼ਾਮ ਤੱਕ ਲੱਗ ਰਹੀਆਂ ਲੰਬੀਆਂ ਲੰਬੀਆਂ ਕਤਾਰਾਂ, ਸਾਰੇ 12 ਕਾਊਂਟਰ ਪੂਰੀ ਸਮਰੱਥਾ ਨਾਲ ਚਾਲੂ
ਵਕੀਲ ਮਹਿਰੋਂ, ਪੰਜਾਬੀ ਜਾਗਰਣ
ਮੋਗਾ : ਪੰਜਾਬ ਸਰਕਾਰ ਵੱਲੋਂ ਨਵੇਂ ਰਾਸ਼ਨ ਕਾਰਡ ਬਣਾਉਣ ਦੀ ਪ੍ਰਕਿਰਿਆ ਮੁੜ ਸ਼ੁਰੂ ਕਰਨ ਦੇ ਹੁਕਮ ਜਾਰੀ ਹੋਣ ਤੋਂ ਬਾਅਦ ਜ਼ਿਲ੍ਹਾ ਮੋਗਾ ਦੇ ਸੇਵਾ ਕੇਂਦਰਾਂ ਵਿਚ ਲੋਕਾਂ ਦੀ ਭਾਰੀ ਭੀੜ ਲੱਗ ਰਹੀ ਹੈ। ਪਿਛਲੇ ਤਿੰਨ ਦਿਨਾਂ ਤੋਂ ਸੇਵਾ ਕੇਂਦਰਾਂ ਵਿਚ ਸਵੇਰੇ ਸਵੇਰੇ ਦਫ਼ਤਰ ਖੁੱਲ੍ਹਣ ਤੋਂ ਪਹਿਲਾਂ ਹੀ ਲੋਕਾਂ ਦੀਆਂ ਲੰਬੀਆਂ ਕਤਾਰਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਸ਼ਾਮ ਤੱਕ ਅਰਜ਼ੀਆਂ ਭਰਨ ਦਾ ਕੰਮ ਲਗਾਤਾਰ ਜਾਰੀ ਰਹਿੰਦਾ ਹੈ। ਸਰਕਾਰ ਦੇ ਇਸ ਫ਼ੈਸਲੇ ਤੋਂ ਬਾਅਦ ਸੇਵਾ ਕੇਂਦਰਾਂ ਦੀ ਰੋਜ਼ਾਨਾ ਕਾਰਗੁਜ਼ਾਰੀ ਵਿਚ ਵੱਡਾ ਬਦਲਾਅ ਆਇਆ ਹੈ ਅਤੇ ਕਰਮਚਾਰੀਆਂ ’ਤੇ ਵੀ ਕੰਮ ਦਾ ਬੋਝ ਕਾਫ਼ੀ ਵੱਧ ਗਿਆ ਹੈ।
ਜਾਣਕਾਰੀ ਅਨੁਸਾਰ ਨਵੇਂ ਰਾਸ਼ਨ ਕਾਰਡਾਂ ਲਈ ਅਰਜ਼ੀਆਂ ਸੇਵਾ ਕੇਂਦਰਾਂ ਰਾਹੀਂ ਭਰੀਆਂ ਜਾ ਰਹੀਆਂ ਹਨ। ਇਹ ਅਰਜ਼ੀ ਫਾਰਮ ਪੰਜਾਬੀ ਅਤੇ ਅੰਗਰੇਜ਼ੀ ਦੋਵੇਂ ਭਾਸ਼ਾਵਾਂ ਵਿਚ ਉਪਲਬਧ ਹਨ ਤਾਂ ਜੋ ਹਰ ਵਰਗ ਦੇ ਲੋਕ ਆਸਾਨੀ ਨਾਲ ਅਰਜ਼ੀ ਦੇ ਸਕਣ। ਜਿਨ੍ਹਾਂ ਪਰਿਵਾਰਾਂ ਦੇ ਅਜੇ ਤੱਕ ਰਾਸ਼ਨ ਕਾਰਡ ਨਹੀਂ ਬਣੇ ਜਾਂ ਕਿਸੇ ਕਾਰਨ ਰੱਦ ਹੋ ਚੁੱਕੇ ਹਨ, ਉਹ ਵੱਡੀ ਗਿਣਤੀ ਵਿਚ ਸੇਵਾ ਕੇਂਦਰਾਂ ਦਾ ਰੁਖ ਕਰ ਰਹੇ ਹਨ। ਮੋਗਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਸਥਿਤ ਸੇਵਾ ਕੇਂਦਰ ਵਿਚ ਰੋਜ਼ਾਨਾ ਸਾਰੇ 12 ਕਾਊਂਟਰ ਚਾਲੂ ਰੱਖੇ ਜਾ ਰਹੇ ਹਨ। ਹਰ ਕਾਊਂਟਰ ’ਤੇ ਔਸਤਨ 28 ਤੋਂ 30 ਲੋਕ ਰਾਸ਼ਨ ਕਾਰਡਾਂ ਲਈ ਅਰਜ਼ੀਆਂ ਭਰਨ ਵਾਸਤੇ ਪਹੁੰਚ ਰਹੇ ਹਨ। ਇਸ ਤਰ੍ਹਾਂ ਹਰ ਰੋਜ਼ ਕਰੀਬ 300 ਤੋਂ 350 ਵਾਧੂ ਲੋਕਾਂ ਦੇ ਆਉਣ ਨਾਲ ਸੇਵਾ ਕੇਂਦਰਾਂ ਵਿੱਚ ਰੌਣਕ ਅਤੇ ਰੁਝਾਨ ਕਾਫ਼ੀ ਵੱਧ ਗਿਆ ਹੈ। ਕਰਮਚਾਰੀ ਬਿਨਾਂ ਰੁਕੇ ਲੋਕਾਂ ਦੀਆਂ ਅਰਜ਼ੀਆਂ ਸਵੀਕਾਰ ਕਰ ਰਹੇ ਹਨ ਤਾਂ ਜੋ ਕਿਸੇ ਵੀ ਵਿਅਕਤੀ ਨੂੰ ਨਿਰਾਸ਼ ਹੋ ਕੇ ਵਾਪਸ ਨਾ ਜਾਣਾ ਪਵੇ। ਸਿਰਫ਼ ਮੋਗਾ ਸ਼ਹਿਰ ਹੀ ਨਹੀਂ, ਸਗੋਂ ਆਸ-ਪਾਸ ਦੇ ਪਿੰਡਾਂ ਤੋਂ ਵੀ ਵੱਡੀ ਗਿਣਤੀ ਵਿਚ ਲੋਕ ਸੇਵਾ ਕੇਂਦਰਾਂ ਵਿਚ ਪਹੁੰਚ ਰਹੇ ਹਨ। ਕਈ ਲੋਕ ਸਵੇਰੇ ਜਲਦੀ ਘਰਾਂ ਤੋਂ ਨਿਕਲ ਕੇ ਆਪਣੀ ਵਾਰੀ ਲੈਣ ਲਈ ਕੇਂਦਰਾਂ ’ਤੇ ਪਹੁੰਚ ਜਾਂਦੇ ਹਨ। ਦਿਨ ਭਰ ਕੇਂਦਰਾਂ ਦੇ ਬਾਹਰ ਲੋਕਾਂ ਦੀ ਆਵਾਜਾਈ ਬਣੀ ਰਹਿੰਦੀ ਹੈ ਅਤੇ ਦਸਤਾਵੇਜ਼ਾਂ ਦੀ ਜਾਂਚ, ਫਾਰਮ ਭਰਨ ਅਤੇ ਹੋਰ ਕਾਰਵਾਈ ਲਗਾਤਾਰ ਚੱਲਦੀ ਰਹਿੰਦੀ ਹੈ।
ਸੂਤਰਾਂ ਮੁਤਾਬਿਕ ਪਹਿਲਾਂ ਰੋਜ਼ਾਨਾ ਇੰਨੀ ਵੱਡੀ ਗਿਣਤੀ ਵਿਚ ਲੋਕ ਸੇਵਾ ਕੇਂਦਰਾਂ ਵਿਚ ਨਹੀਂ ਆਉਂਦੇ ਸਨ ਪਰ ਨਵੇਂ ਰਾਸ਼ਨ ਕਾਰਡ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੋਣ ਨਾਲ ਲੋਕਾਂ ਦੀ ਆਮਦ ਵਿਚ ਅਚਾਨਕ ਵੱਡਾ ਵਾਧਾ ਹੋਇਆ ਹੈ। ਇਸ ਸਥਿਤੀ ਨੂੰ ਦੇਖਦੇ ਹੋਏ ਸਾਰੇ ਕਾਊਂਟਰ ਪੂਰੀ ਸਮਰੱਥਾ ਨਾਲ ਚਲਾਏ ਜਾ ਰਹੇ ਹਨ ਅਤੇ ਕਰਮਚਾਰੀਆਂ ਵੱਲੋਂ ਲੋਕਾਂ ਨੂੰ ਦਸਤਾਵੇਜ਼ਾਂ ਅਤੇ ਪ੍ਰਕਿਰਿਆ ਸਬੰਧੀ ਲੋੜੀਂਦੀ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ। ਰਾਸ਼ਨ ਕਾਰਡ ਸਰਕਾਰੀ ਭਲਾਈ ਯੋਜਨਾਵਾਂ ਦਾ ਇਕ ਮਹੱਤਵਪੂਰਨ ਦਸਤਾਵੇਜ਼ ਹੈ। ਇਸ ਦੇ ਆਧਾਰ ’ਤੇ ਯੋਗ ਪਰਿਵਾਰਾਂ ਨੂੰ ਸਸਤੇ ਰਾਸ਼ਨ ਸਮੇਤ ਕਈ ਹੋਰ ਸਰਕਾਰੀ ਸਹੂਲਤਾਂ ਦਾ ਲਾਭ ਮਿਲਦਾ ਹੈ। ਇਸੇ ਕਰ ਕੇ ਨਵੇਂ ਰਾਸ਼ਨ ਕਾਰਡ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੁੰਦਿਆਂ ਹੀ ਲੋਕਾਂ ਵਿਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਆਉਣ ਵਾਲੇ ਦਿਨਾਂ ਵਿਚ ਅਰਜ਼ੀਆਂ ਦੀ ਗਿਣਤੀ ਹੋਰ ਵਧਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ, ਜਿਸ ਕਾਰਨ ਸੇਵਾ ਕੇਂਦਰਾਂ ਵਿਚ ਭੀੜ ਹੋਰ ਵੱਧ ਸਕਦੀ ਹੈ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਆਪਣੇ ਸਾਰੇ ਲੋੜੀਂਦੇ ਦਸਤਾਵੇਜ਼ ਪੂਰੇ ਕਰ ਕੇ ਹੀ ਸੇਵਾ ਕੇਂਦਰਾਂ ਵਿਚ ਪਹੁੰਚਣ ਅਤੇ ਆਪਣੀ ਵਾਰੀ ਅਨੁਸਾਰ ਅਰਜ਼ੀ ਜਮ੍ਹਾਂ ਕਰਵਾਉਣ ਤਾਂ ਜੋ ਕੰਮ ਤੇਜ਼ੀ ਅਤੇ ਸੁਚੱਜੇ ਢੰਗ ਨਾਲ ਨਿਪਟਾਇਆ ਜਾ ਸਕੇ।