ਮੋਗਾ ’ਚ ਕੂੜੇ ਦੇ ਢੇਰਾਂ ਕਾਰਨ ਲੋਕਾਂ ਦਾ ਜਿਉਣਾ ਹੋਇਆ ਮੁਹਾਲ ਇਕ ਸਮੇਂ ਸਾਫ਼-ਸੁਥਰੇ ਅਤੇ
Publish Date: Sun, 02 Aug 2026 03:20 PM (IST)
Updated Date: Sun, 02 Aug 2026 03:22 PM (IST)
ਸਫ਼ਾਈ ਸੇਵਕਾਂ ਦੀ ਹੜਤਾਲ ਨੇ ਵਿਗਾੜੀ ਸ਼ਹਿਰ ਦੀ ਸੂਰਤ, ਲੋਕ ਪਰੇਸ਼ਾਨ ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਇਕ ਸਮੇਂ ਸਾਫ਼-ਸੁਥਰੇ ਅਤੇ ਸੁੰਦਰ ਸ਼ਹਿਰ ਵਜੋਂ ਜਾਣਿਆ ਜਾਂਦਾ ਮੋਗਾ ਅੱਜ ਕੂੜੇ ਦੇ ਉੱਚੇ-ਉੱਚੇ ਢੇਰਾਂ ਹੇਠ ਦੱਬਿਆ ਨਜ਼ਰ ਆ ਰਿਹਾ ਹੈ। ਨਗਰ ਨਿਗਮ ਦੇ ਸਫ਼ਾਈ ਸੇਵਕਾਂ ਵੱਲੋਂ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਕੀਤੀ ਜਾ ਰਹੀ ਹੜਤਾਲ ਕਾਰਨ ਸ਼ਹਿਰ ਦੀ ਸਫ਼ਾਈ ਵਿਵਸਥਾ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਹੈ। ਸ਼ਹਿਰ ਦੇ ਮੁੱਖ ਬਾਜ਼ਾਰਾਂ, ਰਿਹਾਇਸ਼ੀ ਕਲੋਨੀਆਂ, ਗਲੀਆਂ-ਮੁਹੱਲਿਆਂ, ਸਰਕਾਰੀ ਦਫ਼ਤਰਾਂ, ਸਕੂਲਾਂ ਦੇ ਆਲੇ-ਦੁਆਲੇ ਅਤੇ ਸੜਕਾਂ ਦੇ ਕਿਨਾਰਿਆਂ ’ਤੇ ਕੂੜੇ ਦੇ ਵੱਡੇ-ਵੱਡੇ ਢੇਰ ਲੱਗੇ ਹੋਏ ਹਨ, ਜਿਨ੍ਹਾਂ ’ਚੋਂ ਉੱਠ ਰਹੀ ਗੰਦੀ ਬਦਬੂ ਨੇ ਲੋਕਾਂ ਦਾ ਜਿਉਣਾ ਮੁਸ਼ਕਲ ਕਰ ਦਿੱਤਾ ਹੈ। ਹੜਤਾਲ ਲੰਬੀ ਖਿੱਚਣ ਕਾਰਨ ਹਾਲਾਤ ਦਿਨੋਂ-ਦਿਨ ਹੋਰ ਵੀ ਗੰਭੀਰ ਹੁੰਦੇ ਜਾ ਰਹੇ ਹਨ। ਜਿੱਥੇ ਇਕ ਪਾਸੇ ਕੂੜਾ ਨਾ ਚੁੱਕੇ ਜਾਣ ਕਾਰਨ ਹਰ ਰੋਜ਼ ਨਵੇਂ ਢੇਰ ਬਣ ਰਹੇ ਹਨ, ਉੱਥੇ ਦੂਜੇ ਪਾਸੇ ਬਰਸਾਤ ਦੇ ਮੌਸਮ ’ਚ ਇਹ ਗੰਦਗੀ ਸੜਨ ਲੱਗ ਪਈ ਹੈ। ਬਦਬੂ ਕਾਰਨ ਲੋਕ ਘਰਾਂ ਦੇ ਬਾਹਰ ਖੜ੍ਹੇ ਹੋਣ ਤੋਂ ਵੀ ਗੁਰੇਜ਼ ਕਰ ਰਹੇ ਹਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਗਾਹਕਾਂ ਨੂੰ ਵੀ ਇਸ ਗੰਦਗੀ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਨਾਲ ਉਨ੍ਹਾਂ ਦੇ ਕਾਰੋਬਾਰ ਤੇ ਵੀ ਅਸਰ ਪੈ ਰਿਹਾ ਹੈ। ਸ਼ਹਿਰ ਵਾਸੀਆਂ ਨੇ ਗੱਲਬਾਤ ਦੌਰਾਨ ਕਿਹਾ ਕਿ ਗੰਦਗੀ ਦੇ ਢੇਰਾਂ ਤੇ ਮੱਖੀਆਂ, ਮੱਛਰ, ਆਵਾਰਾ ਕੁੱਤੇ ਅਤੇ ਪਸ਼ੂ ਇਕੱਠੇ ਹੋ ਰਹੇ ਹਨ, ਜਿਸ ਕਾਰਨ ਸਫ਼ਾਈ ਦੀ ਸਥਿਤੀ ਹੋਰ ਵੀ ਬਦਤਰ ਬਣਦੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਈ ਥਾਵਾਂ ਤੇ ਕੂੜਾ ਸੜਕਾਂ ਤੱਕ ਫੈਲ ਚੁੱਕਾ ਹੈ, ਜਿਸ ਕਾਰਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੂੜੇ ਦੇ ਢੇਰਾਂ ’ਚੋਂ ਉੱਠ ਰਹੀ ਬਦਬੂ ਨਾਲ ਸਾਹ ਲੈਣਾ ਵੀ ਔਖਾ ਹੋ ਗਿਆ ਹੈ। ਲੋਕਾਂ ਨੇ ਕਿਹਾ ਕਿ ਸਭ ਤੋਂ ਵੱਧ ਚਿੰਤਾ ਬੱਚਿਆਂ, ਬਜ਼ੁਰਗਾਂ ਅਤੇ ਬਿਮਾਰ ਵਿਅਕਤੀਆਂ ਦੀ ਸਿਹਤ ਨੂੰ ਲੈ ਕੇ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਇਹ ਹਾਲਾਤ ਜਲਦੀ ਨਾ ਸੁਧਰੇ ਤਾਂ ਡੇਂਗੂ, ਮਲੇਰੀਆ, ਟਾਈਫਾਇਡ, ਦਸਤਾਂ ਅਤੇ ਹੋਰ ਛੂਤ ਦੀਆਂ ਬਿਮਾਰੀਆਂ ਫੈਲਣ ਦਾ ਖ਼ਤਰਾ ਕਾਫ਼ੀ ਵੱਧ ਸਕਦਾ ਹੈ। ਸਿਹਤ ਵਿਭਾਗ ਅਤੇ ਪ੍ਰਸ਼ਾਸਨ ਨੂੰ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਸ਼ਹਿਰ ਵਾਸੀਆਂ ਨੇ ਇਹ ਵੀ ਕਿਹਾ ਕਿ ਸਫ਼ਾਈ ਸੇਵਕ ਸ਼ਹਿਰ ਦੀ ਰੀੜ੍ਹ ਦੀ ਹੱਡੀ ਹਨ। ਉਹ ਦਿਨ-ਰਾਤ ਮਿਹਨਤ ਕਰਕੇ ਸ਼ਹਿਰ ਨੂੰ ਸਾਫ਼-ਸੁਥਰਾ ਰੱਖਦੇ ਹਨ। ਜੇਕਰ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ ਤਾਂ ਸਰਕਾਰ ਨੂੰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਵੱਲ ਗੰਭੀਰਤਾ ਨਾਲ ਧਿਆਨ ਦੇਣਾ ਚਾਹੀਦਾ ਹੈ। ਹੜਤਾਲ ਲੰਬੀ ਚੱਲਣ ਨਾਲ ਨੁਕਸਾਨ ਨਾ ਸਿਰਫ਼ ਸਫ਼ਾਈ ਕਰਮਚਾਰੀਆਂ ਦਾ ਹੋ ਰਿਹਾ ਹੈ, ਸਗੋਂ ਪੂਰੇ ਸ਼ਹਿਰ ਦੇ ਲੱਖਾਂ ਲੋਕ ਇਸ ਦਾ ਖਮਿਆਜ਼ਾ ਭੁਗਤ ਰਹੇ ਹਨ। ਨਾਗਰਿਕਾਂ ਨੇ ਕਿਹਾ ਕਿ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਕੂੜੇ ਦੇ ਢੇਰ ਹੁਣ ਛੋਟੇ-ਮੋਟੇ ਪਹਾੜਾਂ ਦਾ ਰੂਪ ਧਾਰ ਚੁੱਕੇ ਹਨ। ਗੰਦਗੀ ਕਾਰਨ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ। ਬਾਜ਼ਾਰਾਂ ’ਚ ਬਦਬੂ ਫੈਲੀ ਹੋਈ ਹੈ ਅਤੇ ਆਉਣ ਵਾਲੇ ਲੋਕ ਵੀ ਇਸ ਹਾਲਤ ’ਤੇ ਹੈਰਾਨੀ ਜ਼ਾਹਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਹਾਲਾਤ ਕਿਸੇ ਵੀ ਵਿਕਸਤ ਸ਼ਹਿਰ ਲਈ ਸ਼ੋਭਾ ਨਹੀਂ ਦਿੰਦੇ। ਲੋਕਾਂ ਨੇ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ ਮੋਗਾ ਨੂੰ ਅਪੀਲ ਕੀਤੀ ਕਿ ਸਫ਼ਾਈ ਸੇਵਕਾਂ ਨਾਲ ਤੁਰੰਤ ਗੱਲਬਾਤ ਕਰਕੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਦਾ ਹੱਲ ਕੀਤਾ ਜਾਵੇ ਅਤੇ ਸ਼ਹਿਰ ਵਿਚ ਸਫ਼ਾਈ ਪ੍ਰਬੰਧ ਨੂੰ ਮੁੜ ਬਹਾਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮੋਗਾ ਨੂੰ ਕੂੜੇ ਦੇ ਢੇਰਾਂ ਅਤੇ ਬਦਬੂ ਤੋਂ ਮੁਕਤੀ ਦਵਾਉਣਾ ਹੁਣ ਸਭ ਤੋਂ ਵੱਡੀ ਤਰਜ਼ੀਹ ਹੋਣੀ ਚਾਹੀਦੀ ਹੈ। ਸ਼ਹਿਰ ਵਾਸੀਆਂ ਨੇ ਅਖ਼ੀਰ ਵਿਚ ਦੁਖੀ ਮਨ ਨਾਲ ਸਵਾਲ ਉਠਾਇਆ ਆਖ਼ਰ ਮੋਗਾ ਸ਼ਹਿਰ ਕਦੋਂ ਤੱਕ ਕੂੜੇ ਦੇ ਢੇਰਾਂ ਹੇਠ ਦੱਬਿਆ ਰਹੇਗਾ? ਕਦੋਂ ਲੋਕਾਂ ਨੂੰ ਸਾਫ਼-ਸੁਥਰਾ ਅਤੇ ਸਿਹਤਮੰਦ ਵਾਤਾਵਰਨ ਨਸੀਬ ਹੋਵੇਗਾ? ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਇਸ ਗੰਭੀਰ ਮਸਲੇ ਦਾ ਤੁਰੰਤ ਅਤੇ ਸਥਾਈ ਹੱਲ ਕੱਢੇ ਤਾਂ ਜੋ ਮੋਗਾ ਦੇ ਲੋਕਾਂ ਨੂੰ ਗੰਦਗੀ, ਬਦਬੂ ਅਤੇ ਬਿਮਾਰੀਆਂ ਦੇ ਖ਼ਤਰੇ ਤੋਂ ਰਾਹਤ ਮਿਲ ਸਕੇ।