- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ

ਗੁਰਦੇਵ ਮਨੇਸ ਪੰਜਾਬੀ ਜਾਗਰਣ ਕੋਟ ਈਸੇ ਖਾਂ: ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਕੋਟ ਈਸੇ ਖਾਂ ਵੱਲੋਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਸਮਾਜਿਕ ਜ਼ਿੰਮੇਵਾਰੀਆਂ, ਸੇਵਾ ਭਾਵਨਾ, ਅਨੁਸ਼ਾਸਨ ਅਤੇ ਆਪਸੀ ਭਾਈਚਾਰੇ ਦੀ ਭਾਵਨਾ ਨਾਲ ਜੋੜਨ ਲਈ ਸਮੇਂ-ਸਮੇਂ ’ਤੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ। ਇਸੇ ਲੜੀ ਤਹਿਤ ਸਕੂਲ ਦੇ ਐੱਨਐੱਸਐੱਸ ਵਲੰਟੀਅਰ ਸੱਤ ਰੋਜ਼ਾ ਨੈਸ਼ਨਲ ਇੰਟੀਗ੍ਰੇਸ਼ਨ ਕੈਂਪ ਵਿਚ ਭਾਗ ਲੈਣ ਲਈ ਰਵਾਨਾ ਹੋਏ। ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਦਵਿੰਦਰ ਸਿੰਘ ਲੋਟੇ ਦੀ ਅਗਵਾਈ ਹੇਠ ਹਰਿਆਣਾ ਦੇ ਜ਼ਿਲ੍ਹਾ ਫਤਿਹਾਬਾਦ ਵਿਚ ਲਗਾਏ ਜਾ ਰਹੇ ਇਸ ਕੈਂਪ ਵਿਚ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਵਲੰਟੀਅਰ ਸ਼ਮੂਲੀਅਤ ਕਰ ਰਹੇ ਹਨ। ਕੈਂਪ ਦਾ ਮੁੱਖ ਉਦੇਸ਼ ਨੌਜਵਾਨਾਂ ਵਿੱਚ ਰਾਸ਼ਟਰੀ ਏਕਤਾ, ਆਪਸੀ ਸਾਂਝ, ਸਹਿਯੋਗ ਅਤੇ ਭਾਈਚਾਰੇ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਹੈ। ਇਸ ਕੈਂਪ ਲਈ ਪੰਜਾਬ ਦੇ ਮੋਗਾ ਜ਼ਿਲ੍ਹੇ ਨੂੰ ਪੰਜ ਸੀਟਾਂ ਅਲਾਟ ਕੀਤੀਆਂ ਗਈਆਂ ਹਨ। ਇਨ੍ਹਾਂ ਵਿਚ ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਦੇ ਵਲੰਟੀਅਰ ਵੀ ਰਾਜਵਿੰਦਰ ਕੌਰ ਦੀ ਦੇਖ-ਰੇਖ ਹੇਠ ਭਾਗ ਲੈ ਰਹੇ ਹਨ। ਇਹ ਕੈਂਪ ਵਿਦਿਆਰਥੀਆਂ ਨੂੰ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਸੱਭਿਆਚਾਰ, ਰਹਿਣ-ਸਹਿਣ ਅਤੇ ਰੀਤੀ-ਰਿਵਾਜਾਂ ਨੂੰ ਨੇੜਿਓਂ ਜਾਣਨ ਦੇ ਨਾਲ-ਨਾਲ ਆਪਸੀ ਮਿਲਵਰਤਣ ਵਧਾਉਣ ਅਤੇ ਨਵੇਂ ਤਜਰਬੇ ਹਾਸਲ ਕਰਨ ਦਾ ਮੌਕਾ ਪ੍ਰਦਾਨ ਕਰੇਗਾ। ਇਸ ਮੌਕੇ ਸਕੂਲ ਚੇਅਰਮੈਨ ਸਰਦਾਰ ਕੁਲਵੰਤ ਸਿੰਘ ਸੰਧੂ, ਐੱਮਡੀ ਰਣਜੀਤ ਕੌਰ ਸੰਧੂ ਅਤੇ ਪ੍ਰਿੰਸੀਪਲ ਰਮਨਜੀਤ ਕੌਰ ਨੇ ਵਲੰਟੀਅਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਅਜਿਹੇ ਕੈਂਪ ਵਿਦਿਆਰਥੀਆਂ ਵਿਚ ਦੇਸ਼ ਪ੍ਰਤੀ ਪਿਆਰ, ਰਾਸ਼ਟਰੀ ਏਕਤਾ, ਅਨੁਸ਼ਾਸਨ ਅਤੇ ਸੇਵਾ ਭਾਵਨਾ ਦੀਆਂ ਕਦਰਾਂ-ਕੀਮਤਾਂ ਨੂੰ ਵਿਕਸਿਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਨੇ ਵਲੰਟੀਅਰਾਂ ਨੂੰ ਕੈਂਪ ਦੌਰਾਨ ਵੱਧ ਤੋਂ ਵੱਧ ਸਿੱਖਣ, ਵੱਖ-ਵੱਖ ਰਾਜਾਂ ਦੇ ਵਿਦਿਆਰਥੀਆਂ ਨਾਲ ਵਿਚਾਰਾਂ ਦੀ ਸਾਂਝ ਪਾਉਣ ਅਤੇ ਆਪਸੀ ਸਦਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਉਮੀਦ ਪ੍ਰਗਟਾਈ ਕਿ ਵਿਦਿਆਰਥੀ ਇਸ ਕੈਂਪ ਤੋਂ ਨਵੇਂ ਤਜਰਬੇ ਹਾਸਲ ਕਰਕੇ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕਰਨਗੇ।