ਮੋਗਾ 'ਚ ਧੂੰਏਂ ਦਾ ਕਹਿਰ, ਸ਼ਾਮ ਹੁੰਦਿਆਂ ਹੀ ਸਾਹ ਲੈਣਾ ਹੋਇਆ ਔਖਾ ਮੋਗਾ ਸ਼ਹਿਰ ਵਿਚ ਸ਼ਾਮ ਸਮੇਂ ਫੈਲ
Publish Date: Tue, 10 Nov 2026 03:41 PM (IST)
Updated Date: Wed, 11 Nov 2026 04:00 AM (IST)
ਹਵਾ ਚ ਫੈਲੇ ਧੂੰਏਂ ਨੇ ਲੋਕਾਂ ਦੀ ਸਿਹਤ ਲਈ ਖੜ੍ਹੀ ਕੀਤੀ ਚਿੰਤਾ, ਸਾਹ ਦਮੇ ਤੇ ਐਲਰਜੀ ਦੇ ਮਰੀਜ਼ਾਂ ਲਈ ਬਣੀ ਗੰਭੀਰ ਸਮੱਸਿਆ ਸਾਹ ਦੇ ਮਰੀਜ਼ਾਂ ਨੂੰ ਸ਼ਾਮ ਸਮੇਂ ਮਾਸਕ ਪਾ ਕੇ ਹੀ ਘਰੋਂ ਬਾਹਰ ਨਿਕਲਣ ਦੀ ਅਪੀਲ ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ : ਮੋਗਾ ਸ਼ਹਿਰ ਵਿਚ ਸ਼ਾਮ ਸਮੇਂ ਫੈਲ ਰਹੇ ਧੂੰਏਂ ਨੇ ਲੋਕਾਂ ਦਾ ਜਿਊਣਾ ਮੁਹਾਲ ਕਰ ਦਿੱਤਾ ਹੈ। ਹਾਲਾਤ ਇਹ ਬਣ ਗਏ ਕਿ ਸ਼ਾਮ ਹੁੰਦਿਆਂ ਹੀ ਹਵਾ ਵਿਚ ਫੈਲੇ ਧੂੰਏਂ ਕਾਰਨ ਲੋਕਾਂ ਨੂੰ ਸਾਹ ਲੈਣਾ ਵੀ ਔਖਾ ਮਹਿਸੂਸ ਹੋਣ ਲੱਗਾ। ਧੂੰਏਂ ਦੀ ਵਧਦੀ ਮੌਜੂਦਗੀ ਨੇ ਸ਼ਹਿਰ ਵਾਸੀਆਂ ਦੀ ਸਿਹਤ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ। ਖ਼ਾਸ ਕਰ ਕੇ ਸਾਹ ਦਮੇ ਤੇ ਐਲਰਜੀ ਤੋਂ ਪੀੜਤ ਮਰੀਜ਼ਾਂ ਲਈ ਇਹ ਸਮਾਂ ਕਾਫ਼ੀ ਮੁਸ਼ਕਲਾਂ ਭਰਿਆ ਸਾਬਤ ਹੋ ਰਿਹਾ ਹੈ। ਸ਼ਾਮ ਦੇ ਸਮੇਂ ਵਾਤਾਵਰਣ ਵਿਚ ਧੂੰਏਂ ਦੀ ਪਰਤ ਵਧਣ ਕਾਰਨ ਸਾਹ ਦੀਆਂ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ। ਅਜਿਹੇ ਮਰੀਜ਼ਾਂ ਨੂੰ ਸਾਹ ਲੈਣ ਵਿਚ ਤਕਲੀਫ਼, ਖੰਘ ਅਤੇ ਐਲਰਜੀ ਵਰਗੀਆਂ ਸਮੱਸਿਆਵਾਂ ਵਧਣ ਦਾ ਖ਼ਤਰਾ ਰਹਿੰਦਾ ਹੈ। ਬੱਚਿਆਂ, ਬਜ਼ੁਰਗਾਂ ਅਤੇ ਪਹਿਲਾਂ ਤੋਂ ਸਾਹ ਦੀ ਬਿਮਾਰੀ ਨਾਲ ਜੂਝ ਰਹੇ ਲੋਕਾਂ ਨੂੰ ਵੀ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ। ਸ਼ਾਮ ਸਮੇਂ ਬਿਨਾਂ ਜ਼ਰੂਰੀ ਕੰਮ ਘਰੋਂ ਬਾਹਰ ਨਾ ਨਿਕਲਣ ਸਾਹ, ਦਮੇ ਤੇ ਐਲਰਜੀ ਦੇ ਮਰੀਜ਼ਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸ਼ਾਮ ਸਮੇਂ ਬਿਨ੍ਹਾਂ ਕਿਸੇ ਜ਼ਰੂਰੀ ਕੰਮ ਤੋਂ ਘਰੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰਨ। ਜੇਕਰ ਕਿਸੇ ਜ਼ਰੂਰੀ ਕੰਮ ਲਈ ਬਾਹਰ ਜਾਣਾ ਪਵੇ ਤਾਂ ਚੰਗੀ ਗੁਣਵੱਤਾ ਵਾਲਾ ਐੱਨ 95 ਮਾਸਕ ਪਹਿਨ ਕੇ ਹੀ ਬਾਹਰ ਨਿਕਲਣ। ਘਰਾਂ ਦੀਆਂ ਖਿੜਕੀਆਂ ਅਤੇ ਦਰਵਾਜ਼ੇ ਬੰਦ ਰੱਖਣ ਦੇ ਨਾਲ-ਨਾਲ ਧੂੰਏਂ ਵਾਲੇ ਮਾਹੌਲ ’ਚ ਸੈਰ ਕਰਨ ਜਾਂ ਕਸਰਤ ਕਰਨ ਤੋਂ ਵੀ ਪਰਹੇਜ਼ ਕੀਤਾ ਜਾਵੇ। ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਵਾਤਾਵਰਣ ’ਚ ਫੈਲ ਰਹੇ ਧੂੰਏਂ ਦੇ ਕਾਰਨਾਂ ਦਾ ਪਤਾ ਲਗਾ ਕੇ ਇਸ ਨੂੰ ਰੋਕਣ ਲਈ ਢੁੱਕਵੇਂ ਕਦਮ ਚੁੱਕੇ ਜਾਣ। ਧੂੰਏਂ ਤੇ ਪ੍ਰਦੂਸ਼ਿਤ ਹਵਾ ਤੋਂ ਸਾਹ ਦਮੇ ਤੇ ਹਾਰਟ ਦੇ ਮਰੀਜ਼ਾਂ ਨੂੰ ਵਧੇਰੇ ਸਾਵਧਾਨ ਰਹਿਣ ਦੀ ਲੋੜ : ਡਾ. ਜਗਤਾਰ ਸਿੰਘ ਸੇਖੋਂ ਇਲੈਕਟ੍ਰੋ ਹੋਮਿਓਪੈਥੀ ਦੇ ਮਾਹਿਰ ਈਡੀਐੱਮਏ ਪੰਜਾਬ ਦੇ ਚੇਅਰਮੈਨ ਡਾ ਜਗਤਾਰ ਸਿੰਘ ਸੇਖੋਂ ਨੇ ਕਿਹਾ ਕਿ ਸ਼ਾਮ ਸਮੇਂ ਵਾਤਾਵਰਣ ਵਿਚ ਫੈਲ ਰਹੇ ਧੂੰਏਂ ਅਤੇ ਪ੍ਰਦੂਸ਼ਿਤ ਹਵਾ ਨੂੰ ਦੇਖਦਿਆਂ ਸਾਹ ਦਮੇ ਅਤੇ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਵਿਸ਼ੇਸ਼ ਸੰਜਮ ਅਤੇ ਸਾਵਧਾਨੀ ਵਰਤਣ ਦੀ ਲੋੜ ਹੈ। ਡਾ. ਜਗਤਾਰ ਸਿੰਘ ਸੇਖੋਂ ਨੇ ਅੱਗੇ ਕਿਹਾ ਕਿ ਹਵਾ ਵਿਚ ਧੂੰਏਂ ਅਤੇ ਪ੍ਰਦੂਸ਼ਣ ਦੀ ਮੌਜੂਦਗੀ ਸਿਹਤ ਲਈ ਨੁਕਸਾਨਦੇਹ ਹੋ ਸਕਦੀ ਹੈ। ਇਸ ਦਾ ਸਭ ਤੋਂ ਵੱਧ ਪ੍ਰਭਾਵ ਪਹਿਲਾਂ ਤੋਂ ਸਾਹ ਅਤੇ ਦਿਲ ਦੀਆਂ ਬਿਮਾਰੀਆਂ ਨਾਲ ਪੀੜਤ ਲੋਕਾਂ ਉੱਤੇ ਪੈਣ ਦਾ ਖ਼ਤਰਾ ਰਹਿੰਦਾ ਹੈ। ਡਾ. ਸੇਖੋਂ ਨੇ ਕਿਹਾ ਕਿ ਖ਼ਾਸ ਕਰਕੇ ਸ਼ਾਮ ਸਮੇਂ ਜਦੋਂ ਵਾਤਾਵਰਣ ਵਿੱਚ ਧੂੰਏਂ ਦੀ ਮਾਤਰਾ ਵਧੀ ਹੋਈ ਮਹਿਸੂਸ ਹੁੰਦੀ ਹੈ ਤਾਂ ਸਾਹ ਦਮੇ, ਐਲਰਜੀ ਅਤੇ ਹਾਰਟ ਦੇ ਮਰੀਜ਼ਾਂ ਨੂੰ ਬਿਨਾਂ ਜ਼ਰੂਰਤ ਘਰੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਜੇਕਰ ਕਿਸੇ ਜ਼ਰੂਰੀ ਕੰਮ ਲਈ ਬਾਹਰ ਜਾਣਾ ਪਵੇ ਤਾਂ ਮੂੰਹ ਉੱਤੇ ਚੰਗੀ ਗੁਣਵੱਤਾ ਵਾਲਾ ਮਾਸਕ ਅਤੇ ਅੱਖਾਂ ਦੀ ਸੁਰੱਖਿਆ ਲਈ ਐਨਕਾਂ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਧੂੰਏਂ ਅਤੇ ਪ੍ਰਦੂਸ਼ਿਤ ਹਵਾ ਕਾਰਨ ਸਾਹ ਦੀ ਤਕਲੀਫ਼, ਖੰਘ, ਅੱਖਾਂ ਵਿਚ ਜਲਣ ਅਤੇ ਹੋਰ ਸਿਹਤ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਇਸ ਲਈ ਬੱਚਿਆਂ, ਬਜ਼ੁਰਗਾਂ ਅਤੇ ਪਹਿਲਾਂ ਤੋਂ ਬਿਮਾਰੀਆਂ ਨਾਲ ਜੂਝ ਰਹੇ ਲੋਕਾਂ ਨੂੰ ਵੀ ਆਪਣੀ ਸਿਹਤ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ।