ਹਰਪਾਲ ਚੀਮਾ ਨੂੰ ਤੁਰੰਤ ਬਰਖ਼ਾਸਤ ਕਰਕੇ ਗ੍ਰਿਫ਼ਤਾਰ ਕੀਤਾ ਜਾਵੇ : ਕਾਂਗਰਸੀ ਆਗੂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ
Publish Date: Fri, 11 Sep 2026 06:08 PM (IST)
Updated Date: Sat, 12 Sep 2026 04:05 AM (IST)
ਗੁਲਜ਼ਾਰ ਸਿੰਘ ਮਾਮਲੇ ਨੂੰ ਲੈ ਕੇ ਕਾਂਗਰਸੀਆਂ ਵੱਲੋਂ ਰੋਸ ਪ੍ਰਦਰਸ਼ਨ ਤੇ ਫੂਕਿਆ ਪੁਤਲਾ ਡੀਜੀਪੀ ਦੇ ਨਾਮ ਐੱਸਐੱਸ ਨੂੰ ਸੌਂਪਿਆ ਮੰਗ ਪੱਤਰ ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ : ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਖ਼ਿਲਾਫ਼ ਗੁਲਜ਼ਾਰ ਸਿੰਘ ਦੀ ਖ਼ੁਦਕੁਸ਼ੀ ਦੇ ਮਾਮਲੇ ਨੂੰ ਲੈ ਕੇ ਮੋਗਾ ਜ਼ਿਲ੍ਹਾ ਕਾਂਗਰਸ ਕਮੇਟੀ ਨਾਲ ਸਬੰਧਤ ਆਗੂਆਂ ਅਤੇ ਵਰਕਰਾਂ ਵੱਲੋਂ ਜ਼ਿਲ੍ਹਾ ਪ੍ਰਧਾਨ ਹਰੀ ਸਿੰਘ ਖਾਈ ਦੀ ਪ੍ਰਧਾਨਗੀ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਹਰਪਾਲ ਚੀਮਾ ਦੀ ਤੁਰੰਤ ਬਰਖ਼ਾਸਤਗੀ ਅਤੇ ਗ੍ਰਿਫ਼ਤਾਰੀ ਦੀ ਮੰਗ ਕਰਦਿਆਂ ਉਨ੍ਹਾਂ ਦਾ ਪੁਤਲਾ ਵੀ ਫੂਕਿਆ। ਇਸ ਉਪਰੰਤ ਸਥਾਨਕ ਪ੍ਰਸ਼ਾਸਨ ਰਾਹੀਂ ਪੰਜਾਬ ਦੇ ਪੁਲਿਸ ਡਾਇਰੈਕਟਰ ਜਨਰਲ ਦੇ ਨਾਮ ਮੰਗ ਪੱਤਰ ਸੌਂਪ ਕੇ ਮਾਮਲੇ ਵਿਚ ਤੁਰੰਤ ਕਾਰਵਾਈ ਦੀ ਮੰਗ ਕੀਤੀ ਗਈ। ਕਾਂਗਰਸੀ ਆਗੂਆਂ ਨੇ ਦੋਸ਼ ਲਗਾਇਆ ਕਿ ਦਿੜ੍ਹਬਾ ਵਾਸੀ ਦਲਿਤ ਗੁਲਜ਼ਾਰ ਸਿੰਘ ਵੱਲੋਂ ਕੀਤੀ ਗਈ ਖ਼ੁਦਕੁਸ਼ੀ ਦੇ ਮਾਮਲੇ ਵਿਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਭੂਮਿਕਾ ਦੀ ਵੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਸਬੰਧੀ ਪੁਲਿਸ ਵੱਲੋਂ ਪੰਜ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਪਰ ਉਨ੍ਹਾਂ ਦੇ ਅਨੁਸਾਰ ਹਰਪਾਲ ਚੀਮਾ ਦਾ ਨਾਮ ਇਸ ਵਿਚ ਸ਼ਾਮਲ ਨਹੀਂ ਕੀਤਾ ਗਿਆ। ਮੰਗ ਪੱਤਰ ਵਿਚ ਕਾਂਗਰਸੀਆਂ ਨੇ ਦਾਅਵਾ ਕੀਤਾ ਕਿ ਗੁਲਜ਼ਾਰ ਸਿੰਘ ਨੇ ਮੌਤ ਤੋਂ ਪਹਿਲਾਂ ਦਿੱਤੇ ਆਪਣੇ ਕਥਿਤ ਆਖ਼ਰੀ ਬਿਆਨ ਵਿਚ ਆਪਣੀ ਮੌਤ ਲਈ ਹਰਪਾਲ ਚੀਮਾ ਨੂੰ ਜ਼ਿੰਮੇਵਾਰ ਦੱਸਿਆ ਸੀ। ਕਾਂਗਰਸੀ ਆਗੂਆਂ ਨੇ ਮੰਗ ਕੀਤੀ ਕਿ ਇਸ ਬਿਆਨ ਦੀ ਕਾਨੂੰਨੀ ਪੱਖੋਂ ਪੂਰੀ ਜਾਂਚ ਕਰਵਾਈ ਜਾਵੇ ਅਤੇ ਜੇਕਰ ਜਾਂਚ ਦੌਰਾਨ ਦੋਸ਼ ਸਹੀ ਪਾਏ ਜਾਂਦੇ ਹਨ ਤਾਂ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇ। ਮੰਗ ਪੱਤਰ ਵਿਚ ਕਾਂਗਰਸੀ ਆਗੂਆਂ ਵੱਲੋਂ ਇਹ ਦੋਸ਼ ਵੀ ਲਗਾਇਆ ਗਿਆ ਕਿ ਗੁਲਜ਼ਾਰ ਸਿੰਘ ਦੇ ਅੰਤਿਮ ਸੰਸਕਾਰ ਸਬੰਧੀ ਪਰਿਵਾਰ ਦੀ ਇੱਛਾ ਦਾ ਧਿਆਨ ਨਹੀਂ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਇਸ ਪੂਰੇ ਮਾਮਲੇ ਦੀ ਉੱਚ ਪੱਧਰੀ ਅਤੇ ਨਿਰਪੱਖ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਤਾਂ ਜੋ ਪੀੜਤ ਪਰਿਵਾਰ ਨੂੰ ਇਨਸਾਫ਼ ਮਿਲ ਸਕੇ ਅਤੇ ਕਿਸੇ ਵੀ ਪੱਖ ਨਾਲ ਪੱਖਪਾਤ ਨਾ ਹੋਵੇ। ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਮੋਗਾ ਦੇ ਪ੍ਰਧਾਨ ਸਰਦਾਰ ਹਰੀ ਸਿੰਘ ਖਾਈ, ਸਾਬਕਾ ਮੰਤਰੀ ਪੰਜਾਬ ਡਾ. ਮਾਲਤੀ ਥਾਪਰ, ਸਾਬਕਾ ਜ਼ਿਲ੍ਹਾ ਪ੍ਰਧਾਨ ਕਰਨਲ ਬਾਬੂ ਸਿੰਘ, ਮੈਂਬਰ ਪੀਪੀਸੀਸੀ ਪਰਮਿੰਦਰ ਸਿੰਘ ਡਿੰਪਲ, ਮਨਜੀਤ ਸਿੰਘ ਮਾਨ, ਪਰਮਪਾਲ ਸਿੰਘ ਤਖਤੂਪੁਰਾ, ਸੰਜੀਵ ਕੋਛੜ, ਜੋਧਾ ਬਰਾੜ, ਰਵੀ ਗਰੇਵਾਲ, ਕੌਂਸਲਰ ਜਸਪ੍ਰੀਤ ਸਿੰਘ ਵਿੱਕੀ, ਸਵਰਨ ਸਿੰਘ ਆਦੀਵਾਲ, ਜਸਵੀਰ ਸਿੰਘ ਬਰਾੜ ਖੋਟੇ, ਕੁਲਵਿੰਦਰ ਸਿੰਘ ਬੱਡੂਵਾਲ, ਦੁੱਲਾ ਸਿੰਘ, ਬੰਟੀ ਜਿੰਦਲ, ਬੌਬੀ, ਸਾਹਿਲ ਅਰੋੜਾ, ਜਗਸੀਰ ਸਿੰਘ ਨੱਥੂਵਾਲਾ, ਜਗਦੇਵ ਸਿੰਘ ਸਰਪੰਚ, ਕੌਂਸਲਰ ਨਰਿੰਦਰ ਸਿੰਘ ਸਿੱਧੂ, ਕਿੰਦੋ ਕੋਕਰੀ, ਰਮਨਦੀਪ ਸਿੰਘ ਸਮੇਤ ਵੱਡੀ ਗਿਣਤੀ ’ਚ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।