- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ: ਸ੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਦੇ 365ਵੇਂ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਜੋ ਕਿ ਇਤਿਹਾਸਕ ਨਗਰ ਡਰੋਲੀ ਭਾਈ ਦੇ ਗੁਰਦੁਆਰਾ ਦੇਹਰਾ ਸਾਹਿਬ ਤੋਂ ਆਰੰਭ ਹੋਕੇ ਵੱਖ ਵੱਖ ਪੜਾਅ ਕਰਦਾ ਹੋਇਆ ਸ੍ਰੀ ਅਨੰਦਪੁਰ ਸਾਹਿਬ ਪੁੱਜੇਗਾ। ਇਹ ਮਹਾਨ ਨਗਰ ਕੀਰਤਨ ਜਦ ਪਿੰਡ ਧੱਲੇਕੇ ਵਿਖੇ ਪੁੱਜਾ ਤਾਂ ਸ਼੍ਰੋਮਣੀ ਅਕਾਲੀ ਦਲ ਹਲਕਾ ਮੋਗਾ ਦੇ ਇੰਚਾਰਜ ਸੰਜੀਤ ਸਿੰਘ ਸੰਨੀ ਗਿੱਲ ਨੇ ਸੰਗਤ ਰੂਪੀ ਹਾਜਰੀ ਭਰਕੇ ਨਗਰ ਕੀਰਤਨ ਦਾ ਸਵਾਗਤ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਜੀਤ ਸਿੰਘ ਸੰਨੀ ਗਿੱਲ ਨੇ ਕਿਹਾ ਕਿ ਬਾਬਾ ਜੀਵਨ ਸਿੰਘ ਸਾਡੇ ਸ੍ਰੋਮਣੀ ਸ਼ਹੀਦ ਹਨ, ਜਿੰਨ੍ਹਾਂ ਨੇ ਮੁਗਲ ਹਕੂਮਤ ਦੀ ਪ੍ਰਵਾਹ ਨਾ ਕਰਦਿਆਂ ਹਿੰਦ ਦੀ ਚਾਦਰ ਬਣੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕਲਮ ਕੀਤੇ ਗਏ ਪਵਿਤਰ ਸੀਸ ਨੂੰ ਲਿਆਕੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਭੇਟ ਕੀਤਾ ਸੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਜੀਵਨ ਸਿੰਘ ਨੂੰ ਗਲ ਨਾਲ ਲਾ ਕੇ ਜਿੱਥੇ ਰੰਗਰੇਟੇ ਗੁਰੂ ਕੇ ਬੇਟੇ ਦਾ ਖਿਤਾਬ ਦਿੱਤਾ ਉੱਥੇ ਗਲ ਨਾਲ ਲਾਕੇ ਪੰਜਵੇਂ ਸਾਹਿਬਜਾਦੇ ਦੇ ਨਾਂ ਨਾਲ ਵੀ ਨਿਵਾਜਿਆ ਅਤੇ ਬਾਅਦ ਵਿਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਨਾਲ ਮੁਗਲਾਂ ਨਾਲ ਲੜਦੇ ਬਾਬਾ ਜੀਵਨ ਸਿੰਘ ਜੀ ਨੇ ਸ਼ਹਾਦਤ ਦਾ ਜਾਮ ਪੀਤਾ। ਉਨ੍ਹਾਂ ਦੀ ਇਸ ਅਦੁੱਤੀ ਲਾਸਾਨੀ ਸ਼ਹਾਦਤ ਨੂੰ ਅੱਜ ਸਿੱਖ ਕੌਮ ਯਾਦ ਕਰਦੀ ਹੈ ਅਤੇ ਅੱਜ ਉਨ੍ਹਾਂ ਵੱਲੋਂ ਇਸ ਨਗਰ ਕੀਰਤਨ ਵਿੱਚ ਪਹੁਚੰਣ ਦਾ ਜੋ ਸੁਭਾਗ ਪ੍ਰਾਪਤ ਹੋਇਆ ਉਸ ਲਈ ਮੈਂ ਆਪਣੇ ਆਪ ਨੂੰ ਸੁਭਾਗਾ ਮਹਿਸੂਸ ਕਰਦਾ ਹਾਂ ਤੇ ਬਾਬਾ ਜੀਵਨ ਸਿੰਘ ਜੀ ਦੇ 365ਵੇਂ ਜਨਮ ਦਿਹਾੜੇ ਦੀ ਸਿੱਖ ਸੰਗਤ ਨੂੰ ਵਧਾਈ ਦਿੰਦਾ ਹਾਂ। ਇਸ ਮੌਕੇ ਉਨ੍ਹਾਂ ਪਿੰਡ ਧੱਲੇਕੇ ਦੀ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕਰਨ ਦਾ ਮਾਣ ਬਖਸ਼ਿਆ। ਸੰਨੀ ਗਿੱਲ ਨੇ ਕਿਹਾ ਕਿ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਦਾ ਬਲੀਦਾਨ ਅਤੇ ਸਿੱਖ ਕੌਮ ਨੂੰ ਦੇਣ ਬਾਰੇ ਜਾਨਣ ਲਈ ਸਾਡੀ ਨਵੀਂ ਪੀੜ੍ਹੀ ਨੂੰ ਜਾਗਰੂਕ ਹੋਣਾ ਚਾਹੀਦਾ ਹੈ ਅਤੇ ਬਾਬਾ ਜੀਵਨ ਸਿੰਘ ਸਾਡੇ ਲਈ ਪੂਜਨੀਕ ਤੇ ਪ੍ਰੇਰਨਾਦਾਇਕ ਹਨ।