- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤ ਵਿਕਾਸ ਪਰਿਸ਼ਦ ਵੱਲੋਂ ਅਧਿਆਪਕ

ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਮੋਗਾ: ਭਾਰਤ ਵਿਕਾਸ ਪਰਿਸ਼ਦ ਵੱਲੋਂ ਅਧਿਆਪਕ ਦਿਵਸ ਦੇ ਮੌਕੇ ’ਤੇ ਐੱਸਡੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ‘ਗੁਰੂ ਵੰਦਨ-ਵਿਦਿਆਰਥੀ ਅਭਿਨੰਦਨ’ ਸਮਾਗਮ ਸ਼ਰਧਾ, ਸਤਿਕਾਰ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਭਾਰਤੀ ਸੰਸਕ੍ਰਿਤੀ, ਚੰਗੇ ਸੰਸਕਾਰਾਂ ਅਤੇ ਗੁਰੂ-ਚੇਲੇ ਦੀ ਸਤਿਕਾਰਯੋਗ ਪਰੰਪਰਾ ਨਾਲ ਜਾਣੂੰ ਕਰਵਾਉਣ ਦੇ ਨਾਲ-ਨਾਲ ਅਧਿਆਪਕਾਂ ਅਤੇ ਮਾਪਿਆਂ ਪ੍ਰਤੀ ਸਤਿਕਾਰ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨਾ ਸੀ। ਸਮਾਗਮ ਦੀ ਸ਼ੁਰੂਆਤ ਭਾਰਤ ਦੇ ਸਾਬਕਾ ਰਾਸ਼ਟਰਪਤੀ ਅਤੇ ਮਹਾਨ ਸਿੱਖਿਆ ਸ਼ਾਸਤਰੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦੇ ਚਿੱਤਰ ’ਤੇ ਫੁੱਲਾਂ ਦੀ ਮਾਲਾ ਅਰਪਿਤ ਕਰਨ ਅਤੇ ਦੀਵਾ ਜਗਾਉਣ ਨਾਲ ਹੋਈ। ਇਸ ਮੌਕੇ ਵਿਦਿਆਰਥਣਾਂ ਨੇ ਅਧਿਆਪਕਾਂ ਪ੍ਰਤੀ ਆਪਣੇ ਸਤਿਕਾਰ ਅਤੇ ਭਾਵਨਾਵਾਂ ਨੂੰ ਵੱਖ-ਵੱਖ ਢੰਗਾਂ ਰਾਹੀਂ ਪ੍ਰਗਟ ਕੀਤਾ। ਵਿਦਿਆਰਥਣਾਂ ਮਨਵੀਰ, ਪਾਵਨਵਾਨੀ, ਵਿਸ਼ਵਜੀਤ ਕੌਰ, ਲਖਪ੍ਰੀਤ ਕੌਰ ਅਤੇ ਪਰਿਧੀ ਨੇ ਭਾਸ਼ਣਾਂ ਰਾਹੀਂ ਗੁਰੂ ਦੀ ਮਹੱਤਤਾ ਅਤੇ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦੇ ਜੀਵਨ ਨੂੰ ਸਹੀ ਦਿਸ਼ਾ ਦੇਣ ਵਿਚ ਨਿਭਾਈ ਜਾਂਦੀ ਭੂਮਿਕਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸੇ ਤਰ੍ਹਾਂ ਕੁਸ਼ੀ, ਮਧੂ, ਰੂਬਲ, ਰੂਪਾ, ਤਰਨਜੀਤ ਕੌਰ ਅਤੇ ਰੇਨੂ ਨੇ ਸੁੰਦਰ ਪੋਸਟਰ ਤਿਆਰ ਕਰਕੇ ਆਪਣੇ ਅਧਿਆਪਕਾਂ ਪ੍ਰਤੀ ਪਿਆਰ ਅਤੇ ਸਤਿਕਾਰ ਦਾ ਪ੍ਰਗਟਾਵਾ ਕੀਤਾ। ਇਸ ਦੌਰਾਨ ਵਿਦਿਆਰਥਣਾਂ ਨੇ ਆਪਣੀਆਂ ਅਧਿਆਪਕਾਵਾਂ ਨੂੰ ਫੁੱਲ ਭੇਟ ਕਰਕੇ ਉਨ੍ਹਾਂ ਦਾ ਸਨਮਾਨ ਕੀਤਾ ਅਤੇ ਚਰਨ ਸਪਰਸ਼ ਕਰਕੇ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਦ੍ਰਿਸ਼ ਨੇ ਗੁਰੂ-ਚੇਲੇ ਦੀ ਸਤਿਕਾਰਯੋਗ ਪਰੰਪਰਾ ਅਤੇ ਭਾਰਤੀ ਸੰਸਕਾਰਾਂ ਦੀ ਸੁੰਦਰ ਝਲਕ ਪੇਸ਼ ਕੀਤੀ। ਸਮਾਗਮ ਦੌਰਾਨ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਵੀ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ। ਲਾਵਨਿਆ ਨੂੰ ਸ਼ਤਰੰਜ ਦੇ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਸਨਮਾਨਿਤ ਕੀਤਾ ਗਿਆ, ਜਦਕਿ ਕੁਮਕੁਮ, ਆਂਚਲ, ਜਸ਼ਨਦੀਪ ਅਤੇ ਪਰਵੀ ਨੂੰ ਸਾਫਟਬਾਲ ਚੈਂਪੀਅਨਸ਼ਿਪ ਵਿਚ ਰਾਸ਼ਟਰੀ ਪੱਧਰ ’ਤੇ ਚੁਣੇ ਜਾਣ ’ਤੇ ਇਨਾਮ ਦੇ ਕੇ ਉਤਸ਼ਾਹਿਤ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਆਪਣੀ ਮਿਹਨਤ ਅਤੇ ਪ੍ਰਤਿਭਾ ਨੂੰ ਹੋਰ ਨਿਖਾਰਨ ਲਈ ਪ੍ਰੇਰਿਤ ਕੀਤਾ ਗਿਆ। ਭਾਰਤ ਵਿਕਾਸ ਪਰਿਸ਼ਦ ਦੇ ਡਾ. ਰਾਜੇਸ਼ ਪੁਰੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅਧਿਆਪਕ ਸਮਾਜ ਦੇ ਨਿਰਮਾਤਾ ਹੁੰਦੇ ਹਨ। ਅਧਿਆਪਕ ਸਿਰਫ਼ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਹੀ ਨਹੀਂ ਦਿੰਦੇ, ਸਗੋਂ ਉਨ੍ਹਾਂ ਦੇ ਚਰਿੱਤਰ ਅਤੇ ਭਵਿੱਖ ਦੀ ਨੀਂਹ ਵੀ ਮਜ਼ਬੂਤ ਕਰਦੇ ਹਨ। ਉਨ੍ਹਾਂ ਕਿਹਾ ਕਿ ਸੰਸਕਾਰਾਂ ਨਾਲ ਭਰਪੂਰ ਸਿੱਖਿਆ ਹੀ ਵਿਦਿਆਰਥੀਆਂ ਨੂੰ ਜੀਵਨ ਵਿਚ ਸਫ਼ਲ ਅਤੇ ਜ਼ਿੰਮੇਵਾਰ ਨਾਗਰਿਕ ਬਣਾਉਣ ਵਿਚ ਸਹਾਇਕ ਹੁੰਦੀ ਹੈ। ਇਸ ਮੌਕੇ ਭਾਰਤ ਵਿਕਾਸ ਪਰਿਸ਼ਦ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਸ਼ਾਨਦਾਰ ਯੋਗਦਾਨ ਪਾਉਣ ਲਈ ਸਕੂਲ ਦੀ ਪ੍ਰਿੰਸੀਪਲ ਡਾ. ਸੋਨੀਆ ਹਰਸ਼ ਨੂੰ ਫੁੱਲਾਂ ਦੀ ਮਾਲਾ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਪਰਿਸ਼ਦ ਦੇ ਅਹੁਦੇਦਾਰਾਂ ਨੇ ਸਕੂਲ ਵੱਲੋਂ ਸਿੱਖਿਆ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਸਮਾਗਮ ਦੇ ਅੰਤ ’ਚ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਅਸ਼ੋਕ ਗਰਗ ਨੇ ਭਾਰਤ ਵਿਕਾਸ ਪਰਿਸ਼ਦ ਤੋਂ ਪਹੁੰਚੇ ਸਮੂਹ ਅਹੁਦੇਦਾਰਾਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦਾ ਸਤਿਕਾਰ ਕਰਨਾ ਸਾਡੀ ਸੱਭਿਆਚਾਰਕ ਵਿਰਾਸਤ ਦਾ ਅਹਿਮ ਹਿੱਸਾ ਹੈ ਅਤੇ ਅਜਿਹੇ ਸਮਾਗਮ ਵਿਦਿਆਰਥੀਆਂ ਨੂੰ ਆਪਣੇ ਅਧਿਆਪਕਾਂ ਦੀ ਮਹੱਤਤਾ ਸਮਝਣ ਲਈ ਪ੍ਰੇਰਿਤ ਕਰਦੇ ਹਨ। ਇਸ ਮੌਕੇ ਭਾਰਤ ਵਿਕਾਸ ਪਰਿਸ਼ਦ ਦੇ ਪ੍ਰਧਾਨ ਸੁਧੀਰ ਕੋਹਲੀ, ਸਕੱਤਰ ਮਹੇਸ਼ ਗੁਪਤਾ, ਖ਼ਜ਼ਾਨਚੀ ਮਨਮੋਹਨ ਅਰੋੜਾ, ਜ਼ਿਲ੍ਹਾ ਕੋਆਰਡੀਨੇਟਰ ਰਘੁਵੀਰ ਗਰਗ, ਡਾ. ਰਾਜੇਸ਼ ਪੁਰੀ, ਨਿਸ਼ੀ ਰਾਕੇਸ਼ ਵਿਜ, ਸੁਮਨ ਕਾਂਤ ਵਿਜ, ਰਾਕੇਸ਼ ਸਚਦੇਵਾ ਤੋਂ ਇਲਾਵਾ ਸਕੂਲ ਦੇ ਅਧਿਆਪਕ, ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਹੋਰ ਪਤਵੰਤੇ ਹਾਜ਼ਰ ਸਨ।