- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬ੍ਰਹਮਲੀਨ ਸਦਗੁਰੂਦੇਵ ਪੂਜਯਪਾਦ

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਬ੍ਰਹਮਲੀਨ ਸਦਗੁਰੂਦੇਵ ਪੂਜਯਪਾਦ ਸਵਾਮੀ ਵੇਦਾਂਤਾਨੰਦ ਜੀ ਮਹਾਰਾਜ ਅਤੇ ਬ੍ਰਹਮਲੀਨ ਮਹਾਮੰਡਲੇਸ਼ਵਰ ਸਵਾਮੀ ਸਹਜ ਪ੍ਰਕਾਸ਼ ਜੀ ਮਹਾਰਾਜ ਦੀ ਪਾਵਨ ਤਪੋਭੂਮੀ ਗੀਤਾ ਭਵਨ, ਮੋਗਾ ਵਿਖੇ ਗੀਤਾ ਭਵਨ ਟਰੱਸਟ ਸੁਸਾਇਟੀ ਵੱਲੋਂ ਗੁਰੂ ਪੂਰਨਿਮਾ ਮਹੋਤਸਵ ਦੇ ਉਪਲੱਖ ਵਿਚ ਕਰਵਾਈ ਜਾ ਰਹੀ ਸੰਗੀਤਮਈ ਸ਼੍ਰੀਮਦ ਭਾਗਵਤ ਸਪਤਾਹ ਗਿਆਨ ਯੱਗ ਕਥਾ ਦੇ ਪੰਜਵੇਂ ਦਿਨ ਸ਼ਰਧਾ, ਭਗਤੀ ਅਤੇ ਆਧਿਆਤਮਿਕ ਉਤਸ਼ਾਹ ਦਾ ਅਦਭੁੱਤ ਨਜ਼ਾਰਾ ਵੇਖਣ ਨੂੰ ਮਿਲਿਆ। ਗੁਰੂ ਪੂਰਨਿਮਾ ਦੇ ਪਵਿੱਤਰ ਮੌਕੇ ਸ਼ਰਧਾਲੂਆਂ ਨੇ ਵੇਦਿਕ ਮੰਤਰਾਂ ਦੇ ਉਚਾਰਣ ਵਿਚਕਾਰ ਹਵਨ ਯੱਗ ਵਿਚ ਆਹੁਤੀਆਂ ਪਾ ਕੇ ਵਿਸ਼ਵ ਸ਼ਾਂਤੀ, ਸਰਬੱਤ ਦੇ ਭਲੇ ਅਤੇ ਮਨੁੱਖਤਾ ਦੀ ਭਲਾਈ ਲਈ ਅਰਦਾਸ ਕੀਤੀ। ਇਸ ਮੌਕੇ ਸ਼ਾਲਿਗ੍ਰਾਮ ਭਗਵਾਨ ਦਾ ਦਿਵਿਆ ਪੰਚਾਮ੍ਰਿਤ ਅਭਿਸ਼ੇਕ, ਪੂਜਨ ਅਤੇ ਆਰਾਧਨਾ ਵੀ ਸੰਪੰਨ ਹੋਈ। ਹਰਿਦੁਆਰ ਤੋਂ ਪਹੁੰਚੇ ਗੀਤਾ ਭਵਨ ਟਰੱਸਟ ਸੁਸਾਇਟੀ ਦੇ ਮਹਾਂਸਚਿਵ ਅੰਸ਼ੁਲ ਸ਼੍ਰੀਕੁੰਜ ਦਾ ਵੀ ਸਨਮਾਨ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਗੀਤਾ ਭਵਨ ਟਰੱਸਟ ਸੁਸਾਇਟੀ ਦੇ ਪ੍ਰਧਾਨ ਐਡਵੋਕੇਟ ਸੁਨੀਲ ਗਰਗ, ਮਹਾਂਸਚਿਵ ਅੰਸ਼ੁਲ ਸ਼੍ਰੀਕੁੰਜ, ਸੀਨੀਅਰ ਉਪ ਪ੍ਰਧਾਨ ਰਵਿੰਦਰ ਸੂਦ, ਜੂਨੀਅਰ ਉਪ ਪ੍ਰਧਾਨ ਭਰਤ ਕੁਮਾਰ ਅਗਰਵਾਲ, ਸਹਿ ਸਚਿਵ ਸੁਰਿੰਦਰ ਗੋਇਲ, ਖਜ਼ਾਨਚੀ ਯੋਗੇਸ਼ ਗਰਗ ਅਤੇ ਹੋਰ ਅਹੁਦੇਦਾਰਾਂ ਵੱਲੋਂ ਸ਼੍ਰੀਮਦ ਭਾਗਵਤ ਪੂਜਨ ਅਤੇ ਮੰਗਲਾਚਰਨ ਨਾਲ ਕੀਤੀ ਗਈ। ਅੱਜ ਦੇ ਮੁੱਖ ਯਜਮਾਨ ਸ਼ਿਵਨੰਦਨ, ਨਰੇਸ਼ ਗੋਇਲ ਅਤੇ ਉਨ੍ਹਾਂ ਦੀ ਧਰਮਪਤਨੀ ਰਿਜੂ ਗੋਇਲ ਰਹੇ। ਕਥਾ ਵਿਆਸ ਪੂਜਨੀਯ ਸਵਾਮੀ ਵਿਗਿਆਨਾਨੰਦ ਸਰਸਵਤੀ ਜੀ ਮਹਾਰਾਜ ਨੇ ਕਿਹਾ ਕਿ ਯੱਗ ਸਿਰਫ਼ ਅੱਗ ਵਿਚ ਆਹੁਤੀਆਂ ਪਾਉਣ ਦੀ ਪਰੰਪਰਾ ਨਹੀਂ, ਸਗੋਂ ਮਨ ਦੇ ਅਹੰਕਾਰ, ਕ੍ਰੋਧ, ਲੋਭ ਅਤੇ ਦੁਵੇਸ਼ ਵਰਗੀਆਂ ਬੁਰਾਈਆਂ ਨੂੰ ਤਿਆਗਣ ਦਾ ਸੰਕਲਪ ਹੈ। ਸ਼ਰਧਾ ਅਤੇ ਨਿਸ਼ਕਾਮ ਭਾਵ ਨਾਲ ਕੀਤਾ ਗਿਆ ਯੱਗ ਮਨੁੱਖ ਦੇ ਜੀਵਨ ਨੂੰ ਪਵਿੱਤਰ ਬਣਾਉਂਦਾ ਹੈ। ਉਪਰੰਤ ਉਨ੍ਹਾਂ ਨੇ ਸ਼੍ਰੀਮਦ ਭਾਗਵਤ ਕਥਾ ਦੌਰਾਨ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਦਿਵਿਆ ਅਵਤਾਰ, ਬਾਲ ਲੀਲਾਵਾਂ ਅਤੇ ਜਨਮ ਉਤਸਵ ਦਾ ਜੀਵੰਤ ਵਰਣਨ ਕੀਤਾ। ਸ਼ਰਧਾਲੂ ਭਜਨਾਂ ਅਤੇ ਸੰਕੀਰਤਨ ਵਿਚ ਝੂਮਦੇ ਨਜ਼ਰ ਆਏ। ਇਸ ਮੌਕੇ ਸੰਗਤ ਨੇ ਸਾਂਝੇ ਤੌਰ 'ਤੇ ਭਗਵਾਨ ਸ਼੍ਰੀ ਕ੍ਰਿਸ਼ਨ ਦੇ 101 ਪਵਿੱਤਰ ਨਾਮਾਂ ਦਾ ਜਾਪ ਵੀ ਕੀਤਾ। ਐਡਵੋਕੇਟ ਸੁਨੀਲ ਗਰਗ ਨੇ ਕਿਹਾ ਕਿ ਭਾਰਤੀ ਸੰਸਕ੍ਰਿਤੀ ਵਿਚ ਗੁਰੂ ਦਾ ਸਥਾਨ ਭਗਵਾਨ ਤੋਂ ਵੀ ਉੱਚਾ ਮੰਨਿਆ ਗਿਆ ਹੈ। ਮਹਾਂਸਚਿਵ ਅੰਸ਼ੁਲ ਸ਼੍ਰੀਕੁੰਜ ਨੇ ਕਿਹਾ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਜਨਮ ਅਧਰਮ 'ਤੇ ਧਰਮ, ਅਨਿਆਂ 'ਤੇ ਨਿਆਂ ਅਤੇ ਅਗਿਆਨ 'ਤੇ ਗਿਆਨ ਦੀ ਜਿੱਤ ਦਾ ਸਦੀਵੀ ਸੰਦੇਸ਼ ਹੈ। ਸ਼੍ਰੀਮਦ ਭਾਗਵਤ ਕਥਾ ਦਾ ਮਕਸਦ ਕੇਵਲ ਕਥਾ ਸੁਣਨਾ ਨਹੀਂ, ਸਗੋਂ ਸ਼੍ਰੀ ਕ੍ਰਿਸ਼ਨ ਦੇ ਪ੍ਰੇਮ, ਸੇਵਾ, ਤਿਆਗ ਅਤੇ ਕਰਤੱਵਨਿਸ਼ਠਾ ਨੂੰ ਆਪਣੇ ਜੀਵਨ ਵਿਚ ਅਪਣਾਉਣਾ ਹੈ। ਉਨ੍ਹਾਂ ਦੱਸਿਆ ਕਿ 28 ਜੁਲਾਈ ਤੱਕ ਹਰ ਰੋਜ਼ ਦੁਪਹਿਰ 3:30 ਤੋਂ ਸ਼ਾਮ 6:30 ਵਜੇ ਤੱਕ ਸ਼੍ਰੀਮਦ ਭਾਗਵਤ ਸਪਤਾਹ ਗਿਆਨ ਯੱਗ ਕਥਾ ਹੋਵੇਗੀ, ਜਦਕਿ 29 ਜੁਲਾਈ ਨੂੰ ਸਵੇਰੇ 11 ਵਜੇ ਵਿਆਸ ਪੂਜਨ, ਗੁਰੂ ਪੂਰਨਿਮਾ ਮਹੋਤਸਵ ਅਤੇ ਵਿਸ਼ਾਲ ਭੰਡਾਰੇ ਦਾ ਆਯੋਜਨ ਕੀਤਾ ਜਾਵੇਗਾ। ਉਨ੍ਹਾਂ ਸਮੂਹ ਸ਼ਰਧਾਲੂਆਂ ਨੂੰ ਪਰਿਵਾਰ ਸਮੇਤ ਹਾਜ਼ਰੀ ਭਰਨ ਦੀ ਅਪੀਲ ਕੀਤੀ।