
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮੋਗਾ ਇਲਾਕੇ ਵਿਚ ਚੱਲਦੀਆਂ ਮਾਲਵਾਹਕ

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਮੋਗਾ ਇਲਾਕੇ ਵਿਚ ਚੱਲਦੀਆਂ ਮਾਲਵਾਹਕ ਗੱਡੀਆਂ ਵਿੱਚੋਂ ਤਰਪਾਲ ਪਾੜ ਕੇ ਸਮਾਨ ਚੋਰੀ ਕਰਨ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਇਸੇ ਤਰ੍ਹਾਂ ਦੀ ਇਕ ਤਾਜ਼ਾ ਵਾਰਦਾਤ ਵਿਚ ਅਣਪਛਾਤੇ ਵਿਅਕਤੀਆਂ ਵੱਲੋਂ ਦਿਨ-ਦਿਹਾੜੇ ਚੱਲਦੇ ਕੈਂਟਰ ਦੀ ਤਰਪਾਲ ਪਾੜ ਕੇ ਕਰੀਬ 30 ਹਜ਼ਾਰ ਰੁਪਏ ਦਾ ਕਰਿਆਨੇ ਦਾ ਸਮਾਨ ਚੋਰੀ ਕਰ ਲਿਆ ਗਿਆ। ਵਾਰਦਾਤ ਦਾ ਪਤਾ ਕੈਂਟਰ ਚਾਲਕ ਨੂੰ ਮੰਜ਼ਿਲ ’ਤੇ ਪਹੁੰਚਣ ਤੋਂ ਬਾਅਦ ਲੱਗਾ, ਜਿਸ ਕਾਰਨ ਡਰਾਈਵਰਾਂ ਵਿਚ ਡਰ ਅਤੇ ਚਿੰਤਾ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਂਟਰ ਚਾਲਕ ਤਰਸੇਮ ਸਿੰਘ ਮਹਿਰੋਂ ਨੇ ਦੱਸਿਆ ਕਿ ਉਸ ਦੀ ਗੱਡੀ ਮੋਗਾ ਕੈਂਟਰ ਯੂਨੀਅਨ ਵਿਚ ਲੱਗੀ ਹੋਈ ਹੈ। ਉਹ ਪਿਛਲੇ ਦਿਨ ਸਵੇਰੇ ਕਰੀਬ 5 ਵਜੇ ਮੋਗਾ ਕੈਂਟਰ ਯੂਨੀਅਨ ’ਚੋਂ ਆਪਣੇ ਕੈਂਟਰ ਵਿਚ ਕਰਿਆਨੇ ਦਾ ਸਮਾਨ ਲੱਦ ਕੇ ਗੁਰੂ ਹਰਸਹਾਏ ਵੱਲ ਜਾ ਰਿਹਾ ਸੀ। ਜਦੋਂ ਉਹ ਮੰਜ਼ਿਲ ’ਤੇ ਪਹੁੰਚਿਆ ਅਤੇ ਗੱਡੀ ਦੀ ਜਾਂਚ ਕੀਤੀ ਤਾਂ ਉਸ ਨੇ ਦੇਖਿਆ ਕਿ ਕੈਂਟਰ ਦੀ ਤਰਪਾਲ ਉੱਪਰੋਂ ਫਟੀ ਹੋਈ ਸੀ। ਉਸ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਨੇ ਚੱਲਦੇ ਕੈਂਟਰ ਦੀ ਤਰਪਾਲ ਨੂੰ ਪਾੜ ਕੇ ਅੰਦਰੋਂ ਕਰਿਆਨੇ ਦੇ ਸਮਾਨ ਦੀਆਂ ਬੋਰੀਆਂ ਕੱਢ ਲਈਆਂ। ਇਸ ਦੌਰਾਨ ਕਰੀਬ 30 ਹਜ਼ਾਰ ਰੁਪਏ ਦਾ ਸਮਾਨ ਚੋਰੀ ਹੋ ਗਿਆ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਵਾਰਦਾਤ ਦਿਨ-ਦਿਹਾੜੇ ਅਤੇ ਗੱਡੀ ਦੇ ਚੱਲਦਿਆਂ ਹੀ ਕੀਤੀ ਗਈ ਪਰ ਡਰਾਈਵਰ ਨੂੰ ਇਸ ਦੀ ਭਿਣਕ ਤੱਕ ਨਹੀਂ ਲੱਗੀ। ਤਰਸੇਮ ਸਿੰਘ ਨੇ ਦੱਸਿਆ ਕਿ ਮੋਗਾ ਇਲਾਕੇ ਵਿਚ ਇਸ ਤਰ੍ਹਾਂ ਦੀਆਂ ਘਟਨਾਵਾਂ ਕੋਈ ਨਵੀਂ ਗੱਲ ਨਹੀਂ ਰਹੀਆਂ। ਕੈਂਟਰ ਅਤੇ ਟਰੱਕ ਚਾਲਕਾਂ ਦਾ ਕਹਿਣਾ ਹੈ ਕਿ ਕੁੱਝ ਅਣਪਛਾਤੇ ਮੋਟਰਸਾਈਕਲ ਸਵਾਰ ਮਾਲਵਾਹਕ ਗੱਡੀਆਂ ਦਾ ਪਿੱਛਾ ਕਰਦੇ ਹਨ ਅਤੇ ਮੌਕਾ ਮਿਲਦੇ ਹੀ ਚੱਲਦੀ ਗੱਡੀ ਦੇ ਪਿੱਛੇ ਚੜ੍ਹ ਕੇ ਤਰਪਾਲ ਦੇ ਰੱਸੇ ਕੱਟ ਦਿੰਦੇ ਹਨ। ਇਸ ਤੋਂ ਬਾਅਦ ਉਹ ਗੱਡੀ ’ਚੋਂ ਸਾਮਾਨ ਕੱਢ ਕੇ ਫਰਾਰ ਹੋ ਜਾਂਦੇ ਹਨ। ਡਰਾਈਵਰ ਨੂੰ ਅਕਸਰ ਇਸ ਘਟਨਾ ਦਾ ਪਤਾ ਕਈ ਕਿਲੋਮੀਟਰ ਅੱਗੇ ਜਾ ਕੇ ਜਾਂ ਮੰਜ਼ਿਲ ’ਤੇ ਪਹੁੰਚਣ ਤੋਂ ਬਾਅਦ ਹੀ ਲੱਗਦਾ ਹੈ। ਕੈਂਟਰ ਚਾਲਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮਾਲਵਾਹਕ ਗੱਡੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਮੁੱਖ ਸੜਕਾਂ ਅਤੇ ਸੰਵੇਦਨਸ਼ੀਲ ਥਾਵਾਂ ’ਤੇ ਪੁਲਿਸ ਗਸ਼ਤ ਵਧਾਈ ਜਾਵੇ।
ਕਈ ਮੁੱਖ ਸੜਕਾਂ ’ਤੇ ਡਰਾਈਵਰਾਂ ਨੂੰ ਲੁੱਟ ਦਾ ਡਰ
ਮੋਗਾ ਕੈਂਟਰ ਯੂਨੀਅਨ ਨਾਲ ਸਬੰਧਤ ਮਨਪ੍ਰੀਤ ਸਿੰਘ, ਨਿੰਮਾ, ਮਲਕੀਤ ਸਿੰਘ, ਭੋਲਾ ਸਿੰਘ ਜਿੰਦਾ ਸਿੰਘ, ਰਾਜ ਸਿੰਘ, ਜਿੰਦੂ ਸਿੰਘ ਅਤੇ ਹੋਰ ਕਈ ਡਰਾਈਵਰਾਂ ਨੇ ਦੱਸਿਆ ਕਿ ਮੋਗਾ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਚੱਲਦੀਆਂ ਮਾਲਵਾਹਕ ਗੱਡੀਆਂ ਦੇ ਸਮਾਨ ਨੂੰ ਨਿਸ਼ਾਨਾ ਬਣਾਉਣ ਦੀਆਂ ਸ਼ਿਕਾਇਤਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਡਰਾਈਵਰਾਂ ਅਨੁਸਾਰ, ਜਗਰਾਓਂ ਅਜੀਤਵਾਲ ਤੋਂ ਮੋਗਾ, ਮੋਗਾ ਦੇ ਫੋਕਲ ਪੁਆਇੰਟ ਤੱਕ, ਮਖੂ ਤੋਂ ਮੋਗਾ, ਤਲਵੰਡੀ ਤੋਂ ਮੋਗਾ, ਮੋਗਾ ਬਾਈਪਾਸ ਤੋਂ ਬਾਘਾਪੁਰਾਣਾ ਵੱਲ ਅਤੇ ਮੋਗਾ ਚੌਂਕ ਤੋਂ ਬਿਲਾਸਪੁਰ-ਬੱਧਨੀ ਵੱਲ ਜਾਣ ਵਾਲੀਆਂ ਸੜਕਾਂ ’ਤੇ ਵੀ ਡਰਾਈਵਰਾਂ ਨੂੰ ਅਜਿਹੀਆਂ ਘਟਨਾਵਾਂ ਦਾ ਡਰ ਬਣਿਆ ਰਹਿੰਦਾ ਹੈ। ਡਰਾਈਵਰਾਂ ਨੇ ਦੱਸਿਆ ਕਿ ਜਦੋਂ ਕੋਈ ਡਰਾਈਵਰ ਇਕੱਲਾ ਗੱਡੀ ਲੈ ਕੇ ਜਾ ਰਿਹਾ ਹੁੰਦਾ ਹੈ ਤਾਂ ਕੁੱਝ ਸ਼ਰਾਰਤੀ ਅਨਸਰ ਮੋਟਰਸਾਈਕਲਾਂ ’ਤੇ ਉਸ ਦਾ ਪਿੱਛਾ ਕਰਦੇ ਹਨ। ਉਹ ਮੌਕਾ ਮਿਲਣ ’ਤੇ ਚਲਦੀ ਗੱਡੀ ਦੇ ਪਿੱਛੇ ਚੜ੍ਹ ਕੇ ਤਰਪਾਲਾਂ ਦੇ ਰੱਸੇ ਕੱਟ ਦਿੰਦੇ ਹਨ ਅਤੇ ਗੱਡੀ ’ਚੋਂ ਕੀਮਤੀ ਸਮਾਨ ਕੱਢ ਲੈਂਦੇ ਹਨ। ਗੱਡੀ ਦੇ ਕੈਬਿਨ ਵਿਚ ਬੈਠੇ ਡਰਾਈਵਰ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੁੰਦੀ ਅਤੇ ਕਈ ਵਾਰ ਮੰਜ਼ਿਲ ’ਤੇ ਪਹੁੰਚ ਕੇ ਤਰਪਾਲ ਫਟੀ ਹੋਈ ਦੇਖਣ ਤੋਂ ਬਾਅਦ ਹੀ ਚੋਰੀ ਦਾ ਪਤਾ ਲੱਗਦਾ ਹੈ।