ਦੌਧਰ ਵਿਖੇ ਲੜਕੀਆਂ ਲਈ 27 ਵਰ੍ਹੇ ਪਹਿਲਾਂ ਖੁੱਲ੍ਹਾ ਸਰਕਾਰੀ ਸਕੂਲ ਬੰਦ ਹੋਣ ਦੀ ਕਗਾਰ ’ਤੇ ਮੋਗਾ ਜ਼ਿਲ੍ਹੇ ਦੇ ਵੱਡੇ ਅਤੇ ਰਾਜਨੀਤਕ
Publish Date: Sun, 06 Sep 2026 04:54 PM (IST)
Updated Date: Sun, 06 Sep 2026 04:55 PM (IST)
ਪਿੰਡ ਵਾਸੀਆਂ ਤੇ ਕਿਸਾਨ ਜਥੇਬੰਦੀਆਂ ਨੇ ਵਿਧਾਇਕ ਬਿਲਾਸਪੁਰ ਨੂੰ ਸੌਂਪਿਆ ਮੰਗ ਪੱਤਰ ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ: ਮੋਗਾ ਜ਼ਿਲ੍ਹੇ ਦੇ ਵੱਡੇ ਅਤੇ ਰਾਜਨੀਤਕ ਪਿਛੋਕੜ ਵਾਲੇ ਪਿੰਡ ਦੌਧਰ ਵਿਖੇ 1999 ਵਿਚ ਖੁੱਲ੍ਹੇ ਸੰਤ ਬਾਬਾ ਉਜਾਗਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਿਖੇ ਅਧਿਆਪਕਾਂ ਦੀਆਂ ਪੋਸਟਾਂ ਖਾਲੀ ਹੋਣ ਕਾਰਨ ਹੁਣ ਇਹ ਸਕੂਲ ਬੰਦ ਹੋਣ ਦੀ ਕਗਾਰ ’ਤੇ ਹੈ। ਪਤਾ ਲੱਗਾ ਹੈ ਕਿ ਇਸ ਸਕੂਲ ਵਿਚ 29 ਅਸਾਮੀਆਂ ਘੱਟ ਹੋਣ ਕਰਕੇ ਪਿੰਡ ਦੀਆਂ ਕੁੜੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਕੂਲ ਬੰਦ ਨਾ ਹੋਵੇ ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ ਦੇ ਸੂਬਾ ਆਗੂ ਲਖਵੀਰ ਸਿੰਘ ਜੰਗ ਦੌਧਰ ਦੀ ਅਗਵਾਈ ਵਿਚ ਪਿੰਡ ਵਾਸੀਆਂ ਦੇ ਵਫ਼ਦ ਨੇ ਵਿਧਾਇਕ ਮਨਜੀਤ ਬਿਲਾਸਪੁਰ ਨੂੰ ਮਿਲ ਕੇ ਮੰਗ ਪੱਤਰ ਸੌਂਪਿਆ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ ਦੇ ਸੂਬਾ ਆਗੂ ਲਖਵੀਰ ਸਿੰਘ ਜੰਗ ਦੌਧਰ ਨੇ ਦੱਸਿਆ ਕਿ ਖੇਤ ਮਜ਼ਦੂਰ ਯੂਨੀਅਨ ਦੇ ਨਿਰਮਲ ਸਿੰਘ, ਸਰਪੰਚ ਜਗਜੀਤ ਸਿੰਘ ਦੀ ਅਗਵਾਈ ਵਿਚ ਸਾਂਝੇ ਤੌਰ ਤੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੂੰ ਇਕ ਮੰਗ ਪੱਤਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਸਕੂਲ ਸੰਤ ਬਾਬਾ ਉਜਾਗਰ ਸਿੰਘ ਜੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਦਾ ਦੌਧਰ ਨੂੰ ਮਾਨਤਾ ਦੇਣ ਲਈ ਇਹ ਸਕੂਲ ਸੰਤ ਬਾਬਾ ਉਜਾਗਰ ਸਿੰਘ ਨੇ ਚਾਰ ਏਕੜ ਜਮੀਨ ਦੇ ਕੇ ਪਿੰਡ ਤੇ ਐੱਨਆਰਆਈ ਦੇ ਸਹਿਯਗ ਨਾਲ ਛੇਵੀਂ ਜਮਾਤ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਲੜਕੀਆਂ ਦਾ ਸਕੂਲ ਲੜਕਿਆਂ ਦੇ ਸਕੂਲ ਤੋਂ ਵੱਖਰਾ ਕੀਤਾ ਸੀ ਤਾਂ ਕਿ ਲੜਕੀਆਂ ਨੂੰ ਆਉਣ ਜਾਣ ਵਿਚ ਕੋਈ ਦਿੱਕਤ ਤੇ ਪਰੇਸ਼ਾਨੀ ਨਾ ਆਵੇ। ਇਹ ਸਕੂਲ ਪਿੰਡ ਦੀ ਨਿਆਈ ਦੇ ਵਿਚ ਹੈ ਜਿਹੜਾ ਕਿ ਪਹਿਲਾਂ ਸੀਨੀਅਰ ਸੈਕੰਡਰੀ ਸਕੂਲ ਪਿੰਡ ਤੋਂ ਤਕਰੀਬਨ ਦੋ ਢਾਈ ਕਿਲੋਮੀਟਰ ਦੀ ਦੂਰੀ ਤੇ ਹੈ, ਜਿਸ ਕਾਰਨ ਲੜਕੀਆਂ ਨੂੰ ਆਉਣ ਜਾਣ ਵਿਚ ਬਹੁਤ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਦੱਸਿਆ ਕਿ ਇਹ ਸਕੂਲ ਤਕਰੀਬਨ ਅੱਜ ਤੋਂ 27 ਸਾਲ ਪਹਿਲਾਂ ਸੁ਼ਰੂ ਕਰ ਦਿੱਤਾ ਗਿਆ, ਪਰ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਇਸ ਸਕੂਲ ਨੂੰ ਮਾਨਤਾ ਨਹੀਂ ਦਿੱਤੀ ਸੀ, ਜਿਸ ਕਰਕੇ ਸੀਨੀਅਰ ਸੈਕੰਡਰੀ ਸਕੂਲ ਜਿਹੜਾ ਕਿ ਪਿੰਡ ਤੋਂ ਦੋ ਢਾਈ ਕਿਲੋਮੀਟਰ ’ਤੇ ਹੈ ਉਹੀ ਸਟਾਫ਼ ਇਸ ਲੜਕੀਆਂ ਦੇ ਸਕੂਲ ਨੂੰ ਚਲਾਉਂਦਾ ਸੀ ਤੇ ਉਹੀ ਸਟਾਫ਼ ਲੜਕਿਆਂ ਦੇ ਸਕੂਲ ਨੂੰ ਚਲਾਉਂਦਾ ਸੀ ਪਰ ਸਮੇਂ ਦੀ ਸਰਕਾਰ ਜਿੱਥੇ ਵੱਡੇ ਵੱਡੇ ਦਾਅਵੇ ਕਰਦੀ ਆ ਰਹੀ ਹੈ ਕਿ ਸਿੱਖਿਆ ਦੇ ਵਿਚ ਕ੍ਰਾਂਤੀ ਲਿਆਂਦੀ ਗਈ ਆ ਉੱਥੇ ਹੀ ਸਕੂਲ ਦੀਆਂ 29 ਅਸਾਮੀਆਂ ਘੱਟ ਹੋਣ ਕਰਕੇ ਸਿੱਖਿਆ ਕ੍ਰਾਂਤੀ ਨੇ ਸਕੂਲ ਨੂੰ ਜ਼ਿੰਦਰੇ ਲਗਾਉਣ ਦੀ ਠਾਣ ਲਈ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਵਫ਼ਦ ਨੂੰ ਵਿਸ਼ਵਾਸ ਦਵਾਇਆ ਕਿ ਜਲਦੀ ਹੀ ਜਿਹੜੀਆਂ 29 ਅਸਾਮੀਆਂ ਘੱਟ ਨੇ ਸਕੂਲ ਦੀਆਂ ਉਹ ਪੂਰੀਆਂ ਕਰ ਦਿੱਤੀਆਂ ਜਾਣਗੀਆਂ ਅਤੇ ਨਾਲ ਹੀ ਜਿਹੜਾ ਲੜਕੀਆਂ ਦਾ ਸਕੂਲ ਆ ਉਸ ਨੂੰ ਮਾਨਤਾ ਲਈ ਸਿਫਾਰਸ਼ ਕੀਤੀ ਜਾਵੇਗੀ ਤਾਂ ਜੋ ਸਕੂਲ ਸਹੀ ਤਰੀਕੇ ਨਾਲ ਚੱਲ ਸਕੇ। ਇਸ ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਜੀਤ ਸਿੰਘ, ਕੇਵਲ ਸਿੰਘ, ਕਰਮਜੀਤ ਸਿੰਘ, ਤੋਤਾ ਸਿੰਘ, ਗੁਰਦੀਪ ਸਿੰਘ, ਅਵਤਾਰ ਸਿੰਘ, ਪਰਮਜੀਤ ਸਿੰਘ, ਨਿਰਮਲ ਸਿੰਘ, ਰਣਜੀਤ ਸਿੰਘ ਆਦਿ ਪਿੰਡ ਵਾਸੀ ਹਾਜ਼ਰ ਸਨ।