‘ਰਾਹ-ਵੀਰਾਂ’ ਨੂੰ ਮਿਲੇਗੀ ਕਾਨੂੰਨੀ ਸੁਰੱਖਿਆ ਤੇ ਸਨਮਾਨ : ਡੀਸੀ ਡੀਸੀ ਸਾਗ ਰ ਸੇ ਤੀਆ।
Publish Date: Thu, 10 Sep 2026 04:21 PM (IST)
Updated Date: Thu, 10 Sep 2026 04:22 PM (IST)
ਡੀਸੀ ਸਾਗਰ ਸੇਤੀਆ ਵੱਲੋਂ ਜ਼ਿਲ੍ਹਾ ਪੱਧਰੀ ਸ਼ਿਕਾਇਤ ਨਿਵਾਰਨ ਸੈੱਲ ਸਥਾਪਤ ਸਟਾਫ਼ ਰਿਪੋਰਟਰ ਪੰਜਾਬੀ ਜਾਗਰਣ ਮੋਗਾ : ਸੜਕ ਹਾਦਸਿਆਂ ਦੇ ਪੀੜਤਾਂ ਦੀ ਜਾਨ ਬਚਾਉਣ ਲਈ ਤੁਰੰਤ ਮਦਦ ਕਰਨ ਵਾਲੇ ਆਮ ਲੋਕਾਂ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਬੇਲੋੜੀ ਪਰੇਸ਼ਾਨੀ ਤੋਂ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਮੋਗਾ ਵੱਲੋਂ ਅਹਿਮ ਪਹਿਲ ਕੀਤੀ ਗਈ ਹੈ। ਡੀਸੀ ਸਾਗਰ ਸੇਤੀਆ ਨੇ ਰਾਹ-ਵੀਰ ਸ਼ਿਕਾਇਤ ਨਿਵਾਰਨ ਸੈੱਲ ਸਥਾਪਿਤ ਕਰਦਿਆਂ ਇਸ ਦੇ ਪ੍ਰਭਾਵਸ਼ਾਲੀ ਸੰਚਾਲਨ ਅਤੇ ਰਾਹ-ਵੀਰਾਂ ਦੀਆਂ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਯਕੀਨੀ ਬਣਾਉਣ ਲਈ ਸਬੰਧਤ ਵਿਭਾਗਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ। ਡੀਸੀ ਨੇ ਦੱਸਿਆ ਕਿ ਮੋਟਰ ਵਹੀਕਲਜ਼ ਐਕਟ 1988 ਦੀ ਧਾਰਾ 134ਏ ਤਹਿਤ ਸੜਕ ਹਾਦਸੇ ਦੇ ਪੀੜਤਾਂ ਦੀ ਨੇਕ ਨੀਅਤ ਨਾਲ ਸਹਾਇਤਾ ਕਰਨ ਵਾਲੇ ਵਿਅਕਤੀਆਂ ਨੂੰ ਕਾਨੂੰਨੀ ਸੁਰੱਖਿਆ ਪ੍ਰਦਾਨ ਕੀਤੀ ਜਾਂਦੀ ਹੈ। ਇਸ ਸੁਰੱਖਿਆ ਨੂੰ ਜ਼ਮੀਨੀ ਪੱਧਰ ’ਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਚੇਅਰਮੈਨ, ਜ਼ਿਲ੍ਹਾ ਰੋਡ ਸੇਫਟੀ ਕਮੇਟੀ ਮੋਗਾ ਦੀ ਨਿਗਰਾਨੀ ਹੇਠ ਇਹ ਸੈੱਲ ਕੰਮ ਕਰੇਗਾ। ਹਰਸ਼ਿਤਾ ਸ਼ਰਮਾ ਆਈਏਐੱਸ, ਸਪੈਸ਼ਲ ਡਿਊਟੀ ਅਰਬਨ ਅਫੇਅਰਜ਼ ਮੋਗਾ ਨੂੰ ਸੈੱਲ ਦਾ ਜ਼ਿਲ੍ਹਾ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਨੋਡਲ ਅਫ਼ਸਰ ਵੱਲੋਂ ਰਾਹ-ਵੀਰਾਂ ਤੋਂ ਪ੍ਰਾਪਤ ਸ਼ਿਕਾਇਤਾਂ ਨੂੰ ਰਜਿਸਟਰ ਕਰਕੇ ਉਨ੍ਹਾਂ ਦੇ ਨਿਪਟਾਰੇ ਲਈ ਪੁਲਿਸ, ਸਿਹਤ, ਟਰਾਂਸਪੋਰਟ ਅਤੇ ਹੋਰ ਸਬੰਧਤ ਵਿਭਾਗਾਂ ਨਾਲ ਤਾਲਮੇਲ ਕੀਤਾ ਜਾਵੇਗਾ। ਡੀਸੀ ਸੇਤੀਆ ਨੇ ਕਿਹਾ ਕਿ ਹਾਦਸੇ ਦੇ ਪੀੜਤ ਦੀ ਮਦਦ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਸਿਰਫ਼ ਇਸ ਕਾਰਨ ਪੁਲਿਸ ਥਾਣੇ, ਹਸਪਤਾਲ ਜਾਂ ਸਰਕਾਰੀ ਦਫ਼ਤਰ ਦੇ ਬੇਲੋੜੇ ਚੱਕਰ ਨਹੀਂ ਲਗਾਉਣੇ ਪੈਣੇ ਚਾਹੀਦੇ, ਜਿੱਥੇ ਕਾਨੂੰਨੀ ਤੌਰ ’ਤੇ ਰਾਹ-ਵੀਰ ਦੀ ਮੌਜੂਦਗੀ ਜਾਂ ਬਿਆਨ ਜ਼ਰੂਰੀ ਹੋਵੇ, ਉੱਥੇ ਵੀ ਕਾਰਵਾਈ ਨਿਰਪੱਖ, ਵਾਜਬ ਅਤੇ ਬਿਨਾਂ ਕਿਸੇ ਬੇਲੋੜੀ ਪਰੇਸ਼ਾਨੀ ਦੇ ਕੀਤੀ ਜਾਵੇਗੀ। ਡੀਸੀ ਨੇ ਕਿਹਾ ਕਿ ਸੜਕ ਹਾਦਸੇ ਤੋਂ ਬਾਅਦ ਦਾ ਸੁਨਹਿਰੀ ਘੰਟਾ ਜ਼ਖ਼ਮੀ ਵਿਅਕਤੀ ਦੀ ਜਾਨ ਬਚਾਉਣ ਲਈ ਬਹੁਤ ਮਹੱਤਵਪੂਰਨ ਹੁੰਦਾ ਹੈ। ਅਜਿਹੇ ਸਮੇਂ ਜਨਤਾ ਦੇ ਕਿਸੇ ਮੈਂਬਰ ਵੱਲੋਂ ਪੀੜਤ ਨੂੰ ਤੁਰੰਤ ਡਾਕਟਰੀ ਸਹਾਇਤਾ ਤੱਕ ਪਹੁੰਚਾਉਣਾ ਬੇਹੱਦ ਕੀਮਤੀ ਸਾਬਤ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸਮਾਜ ਵਿੱਚ ਲੋਕਾਂ ਨੂੰ ਬਿਨਾਂ ਕਿਸੇ ਝਿਜਕ ਦੇ ਹਾਦਸਾ ਪੀੜਤਾਂ ਦੀ ਮਦਦ ਲਈ ਅੱਗੇ ਆਉਣ ਲਈ ਉਤਸ਼ਾਹਿਤ ਕਰਨਾ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਜੀਹ ਹੈ। ਡੀਸੀ ਸੇਤੀਆ ਨੇ ਦੱਸਿਆ ਕਿ ਲਾਗੂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਯੋਗ ਰਾਹ-ਵੀਰ ਨੂੰ 25,000 ਦੀ ਵਿੱਤੀ ਪ੍ਰੋਤਸਾਹਨ ਰਾਸ਼ੀ ਅਤੇ ਪ੍ਰਸ਼ੰਸਾ ਪੱਤਰ ਦਿੱਤਾ ਜਾਵੇਗਾ। ਯੋਗ ਸਹਾਇਤਾ ਦੇ ਕੰਮਾਂ ਲਈ ਇਹ ਮਾਨਤਾ ਇੱਕ ਸਾਲ ਵਿੱਚ ਵੱਧ ਤੋਂ ਵੱਧ ਪੰਜ ਵਾਰ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਰਾਹ-ਵੀਰ ਸਕੀਮ ਦਾ ਉਦੇਸ਼ ਸਿਰਫ਼ ਵਿੱਤੀ ਪ੍ਰੋਤਸਾਹਨ ਦੇਣਾ ਨਹੀਂ, ਸਗੋਂ ਲੋਕਾਂ ਵਿੱਚ ਦਇਆ, ਹਿੰਮਤ ਅਤੇ ਸਮੂਹਿਕ ਜ਼ਿੰਮੇਵਾਰੀ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਹੈ, ਤਾਂ ਜੋ ਹਾਦਸੇ ਦੇ ਪੀੜਤ ਨੂੰ ਸੰਕਟ ਦੀ ਘੜੀ ਵਿੱਚ ਤੁਰੰਤ ਸਹਾਇਤਾ ਮਿਲ ਸਕੇ। ਜ਼ਿਲ੍ਹੇ ਦੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ, ਟਰੌਮਾ ਸੈਂਟਰਾਂ ਅਤੇ ਐਮਰਜੈਂਸੀ ਮੈਡੀਕਲ ਸਹੂਲਤਾਂ ਨੂੰ ਵੀ ਰਾਹ-ਵੀਰ ਸਕੀਮ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਹਾਦਸੇ ਦੇ ਪੀੜਤ ਨੂੰ ਹਸਪਤਾਲ ਪਹੁੰਚਾਉਣ ਵਾਲੇ ਵਿਅਕਤੀ ਨੂੰ, ਜਿੱਥੋਂ ਤੱਕ ਸੰਭਵ ਹੋਵੇ, ਸਕੀਮ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ ਅਤੇ ਪੀੜਤ ਨੂੰ ਬਿਨਾਂ ਬੇਲੋੜੀ ਦੇਰੀ ਦੇ ਤੁਰੰਤ ਡਾਕਟਰੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਰਾਹ-ਵੀਰ ਸਕੀਮ ਦੀ ਲਾਗੂਅਮਲੀ ਦੀ ਸਮੇਂ-ਸਮੇਂ ’ਤੇ ਜ਼ਿਲ੍ਹਾ ਰੋਡ ਸੇਫਟੀ ਕਮੇਟੀ ਵੱਲੋਂ ਸਮੀਖਿਆ ਕੀਤੀ ਜਾਵੇਗੀ। ਨੋਡਲ ਅਫ਼ਸਰ ਵੱਲੋਂ ਕਮੇਟੀ ਦੀਆਂ ਮੀਟਿੰਗਾਂ ਵਿਚ ਪ੍ਰਾਪਤ ਸ਼ਿਕਾਇਤਾਂ ਦੀ ਗਿਣਤੀ, ਕਿਸਮ, ਕੀਤੀ ਗਈ ਕਾਰਵਾਈ ਅਤੇ ਨਿਪਟਾਰੇ ਦੀ ਸਥਿਤੀ ਬਾਰੇ ਸਥਿਤੀ ਰਿਪੋਰਟ ਵੀ ਪੇਸ਼ ਕੀਤੀ ਜਾਵੇਗੀ।