ਦਿਨ ਦਿਹਾੜੇ ਪਿਸਤੌਲ ਦੀ ਨੋਕ 'ਤੇ ਸੁਨਿਆਰੇ ਦੀ ਦੁਕਾਨ ਲੁੱਟੀ ਕਸਬਾ ਅਜੀਤਵਾਲ ਵਿਖੇ ਵਿਖੇ ਲੁੱਟਾਂ ਖੋਹਾਂ
Publish Date: Tue, 21 Jul 2026 06:50 PM (IST)
Updated Date: Wed, 22 Jul 2026 04:08 AM (IST)
ਇਲਾਕਾ ਵਪਾਰੀਆਂ ’ਚ ਭਾਰੀ ਰੋਸ ਅਵਤਾਰ ਸਿੰਘ, ਪੰਜਾਬੀ ਜਾਗਰਣ ਅਜੀਤਵਾਲ: ਕਸਬਾ ਅਜੀਤਵਾਲ ਵਿਖੇ ਵਿਖੇ ਲੁੱਟਾਂ ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਦਾ ਸਿਲਸਿਲਾ ਮੁੜ ਤੋਂ ਸ਼ੁਰੂ ਹੋ ਗਿਆ ਹੈ, ਜਿੱਥੇ ਅੱਜ ਕਸਬੇ ਵਿਚ ਦਿਨ ਦਿਹਾੜੇ ਵਾਪਰੀ ਇਕ ਦਲੇਰਾਨਾ ਲੁੱਟ ਦੀ ਘਟਨਾ ਨੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਮੌਕੇ ’ਤੇ ਇਕੱਤਰ ਜਾਣਕਾਰੀ ਅਨੁਸਾਰ 4 ਹਥਿਆਰਬੰਦ ਵਿਅਕਤੀ ਕੋਕਰੀ ਜਿਉਲਰਜ਼ ਨਾਮ ਦੀ ਸੁਨਿਆਰੇ ਦੀ ਦੁਕਾਨ ਵਿਚ ਹਥਿਆਰਾਂ ਸਮੇਤ ਦਾਖ਼ਲ ਹੋਏ ਤੇ ਦੁਕਾਨ ਮਾਲਕ ਨੂੰ ਪਿਸਤੋਲ ਦੀ ਨੌਕ ’ਤੇ ਡਰਾ ਕੇ ਸੋਨੇ-ਚਾਂਦੀ ਦੇ ਗਹਿਣੇ ਲੁੱਟ ਕੇ ਫ਼ਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਅਜੀਤਵਾਲ ਦੇ ਮੁਖੀ ਰਾਜ ਸਿੰਘ ਅਤੇ ਡੀਐੱਸਪੀ ਅਨਵਰ ਅਲੀ ਨੇ ਮੌਕੇ ’ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਦੁਕਾਨ ਅਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਚੈਂਕ ਕਰਕੇ ਮੁਲਜ਼ਮਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਲਾਕੇ ਵਿਚ ਨਾਕਾਬੰਦੀ ਕਰਕੇ ਸ਼ੱਕੀ ਵਿਅਕਤੀਆਂ ਦੀ ਤਲਾਸ਼ ਵੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਦੁਕਾਨ ਮਾਲਕ ਹਰਜਿੰਦਰ ਸਿੰਘ ਨੇ ਦੱਸਿਆ ਕਿ ਬਾਅਦ ਦੁਪਿਹਰ ਕਰੀਬ 3 ਵਜੇਂ ਉਸ ਦੀ ਦੁਕਾਨ ’ਤੇ ਤਿੰਨ ਨਕਾਬਪੋਸ਼ ਵਿਅਕਤੀ ਦਾਖ਼ਲ ਹੋਏ ਅਤੇ ਉਨ੍ਹਾਂ ਦਾ ਇਕ ਸਾਥੀ ਬਾਹਰ ਖੜ੍ਹਾ ਸੀ, ਜਿਨ੍ਹਾਂ ਨੇ ਪਹਿਲਾਂ ਉਸ ਨੂੰ ਪਿਸਤੌਲ ਦਿਖਾਏ ਅਤੇ ਬਾਅਦ ਵਿਚ ਉਸ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਅਤੇ ਕਰੀਬ ਛੇ ਲੱਖ ਦੇ ਗਹਿਣੇ ਲੈਕੇ ਫ਼ਰਾਰ ਹੋ ਗਏ। ਇਸ ਘਟਨਾ ਤੋਂ ਬਾਅਦ ਅਜੀਤਵਾਲ ਦੇ ਵਪਾਰੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਵਪਾਰੀ ਆਗੂਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰਨ ਅਤੇ ਬਾਜ਼ਾਰਾਂ ਵਿਚ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕਰਨ ਦੀ ਮੰਗ ਕੀਤੀ ਹੈ।