- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿੱਖਿਆ ਦਾ ਉਦੇਸ਼ ਕੇਵਲ ਕਿਤਾਬੀ

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਸਿੱਖਿਆ ਦਾ ਉਦੇਸ਼ ਕੇਵਲ ਕਿਤਾਬੀ ਗਿਆਨ ਦੇਣਾ ਨਹੀਂ, ਸਗੋਂ ਵਿਦਿਆਰਥੀਆਂ ਨੂੰ ਸੱਚੇ, ਸੰਵੇਦਨਸ਼ੀਲ, ਅਨੁਸ਼ਾਸਿਤ ਅਤੇ ਜ਼ਿੰਮੇਵਾਰ ਨਾਗਰਿਕ ਬਣਾਉਣਾ ਹੈ। ਇਸੇ ਉਦੇਸ਼ ਤਹਿਤ ਸ਼ਹਿਰ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਡਾ. ਸੈਫੁੱਦੀਨ ਕਿਚਲੂ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਜਯੰਤੀ ਸ਼ਰਧਾ ਅਤੇ ਪ੍ਰੇਰਣਾਦਾਇਕ ਮਾਹੌਲ ਵਿਚ ਮਨਾਈ ਗਈ। ਸਕੂਲ ਦੇ ਚੇਅਰਮੈਨ ਐਡਵੋਕੇਟ ਸੁਨੀਲ ਗਰਗ ਅਤੇ ਡਾਇਰੈਕਟਰ ਸੁਨੀਤਾ ਗਰਗ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਰਵਾਏ ਗਏ ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਗਾਂਧੀ ਦੇ ਜੀਵਨ, ਆਜ਼ਾਦੀ ਸੰਗਰਾਮ ਵਿਚ ਉਨ੍ਹਾਂ ਦੇ ਯੋਗਦਾਨ ਅਤੇ ਸੱਚ, ਅਹਿੰਸਾ, ਸ਼ਾਂਤੀ, ਸਮਾਨਤਾ, ਸਫ਼ਾਈ ਅਤੇ ਸਾਦਗੀ ਵਰਗੀਆਂ ਜੀਵਨ-ਕਦਰਾਂ ਬਾਰੇ ਜਾਣੂੰ ਕਰਵਾਇਆ ਗਿਆ। ਇਸ ਮੌਕੇ ਚੇਅਰਮੈਨ ਐਡਵੋਕੇਟ ਸੁਨੀਲ ਗਰਗ ਨੇ ਕਿਹਾ ਕਿ ਮਹਾਤਮਾ ਗਾਂਧੀ ਦਾ ਜੀਵਨ ਵਿਦਿਆਰਥੀਆਂ ਲਈ ਕੇਵਲ ਪੜ੍ਹਨ ਦਾ ਵਿਸ਼ਾ ਨਹੀਂ, ਸਗੋਂ ਜੀਵਨ ਵਿਚ ਅਪਣਾਉਣ ਵਾਲੀ ਪ੍ਰੇਰਣਾਦਾਇਕ ਪਾਠਸ਼ਾਲਾ ਹੈ। ਉਨ੍ਹਾਂ ਕਿਹਾ ਕਿ ਮੋਹਨਦਾਸ ਕਰਮਚੰਦ ਗਾਂਧੀ ਦਾ ਜਨਮ 2 ਅਕਤੂਬਰ 1869 ਨੂੰ ਗੁਜਰਾਤ ਦੇ ਪੋਰਬੰਦਰ ਵਿਚ ਹੋਇਆ ਸੀ। ਬਚਪਨ ਤੋਂ ਹੀ ਸੱਚ, ਅਨੁਸ਼ਾਸਨ ਅਤੇ ਸਾਦਗੀ ਦੇ ਸੰਸਕਾਰਾਂ ਤੋਂ ਪ੍ਰਭਾਵਿਤ ਗਾਂਧੀ ਜੀ ਨੇ ਅੱਗੇ ਚੱਲ ਕੇ ਦੱਖਣੀ ਅਫ਼ਰੀਕਾ ਵਿਚ ਰੰਗਭੇਦ ਵਿਰੁੱਧ ਸੰਘਰਸ਼ ਕੀਤਾ ਅਤੇ ਭਾਰਤ ਵਾਪਸ ਆ ਕੇ ਆਜ਼ਾਦੀ ਅੰਦੋਲਨ ਨੂੰ ਨਵੀਂ ਦਿਸ਼ਾ ਦਿੱਤੀ। ਡਾਇਰੈਕਟਰ ਸੁਨੀਤਾ ਗਰਗ ਨੇ ਗਾਂਧੀ ਦੇ ਜੀਵਨ ਨਾਲ ਜੁੜੀ ਚੌਰੀ-ਚੌਰਾ ਦੀ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ 1922 ਵਿਚ ਅਸਹਿਯੋਗ ਅੰਦੋਲਨ ਦੌਰਾਨ ਵਾਪਰੀ ਹਿੰਸਕ ਘਟਨਾ ਤੋਂ ਗਾਂਧੀ ਇੰਨੇ ਦੁਖੀ ਹੋਏ ਕਿ ਉਨ੍ਹਾਂ ਨੇ ਅੰਦੋਲਨ ਵਾਪਸ ਲੈਣ ਦਾ ਫ਼ੈਸਲਾ ਕੀਤਾ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਉਨ੍ਹਾਂ ਲਈ ਮੰਜ਼ਿਲ ਦੇ ਨਾਲ-ਨਾਲ ਸਾਧਨਾਂ ਦੀ ਪਵਿੱਤਰਤਾ ਵੀ ਉਨੀ ਹੀ ਮਹੱਤਵਪੂਰਨ ਸੀ। ਸਕੂਲ ਦੇ ਡੀਨ ਮਲਕੀਤ ਸਿੰਘ ਨੇ ਕਿਹਾ ਕਿ ਗਾਂਧੀ ਨੇ ਸਮਾਜ ਵਿਚ ਸਮਾਨਤਾ ਅਤੇ ਮਨੁੱਖਤਾ ਦਾ ਸੰਦੇਸ਼ ਦਿੱਤਾ। ਹੈੱਡ ਮਿਸਟ੍ਰੈਸ ਰੂਹੀ ਸਿੰਘ ਨੇ ਕਿਹਾ ਕਿ ਗਾਂਧੀ ਸੱਚ ਅਤੇ ਅਹਿੰਸਾ ਦੇ ਪੁਜਾਰੀ ਹੋਣ ਦੇ ਨਾਲ-ਨਾਲ ਸਾਦਗੀ, ਸਫ਼ਾਈ, ਕੁਦਰਤ ਪ੍ਰੇਮ ਅਤੇ ਸੰਯਮਿਤ ਜੀਵਨ ਦੇ ਵੀ ਪ੍ਰਤੀਕ ਸਨ। ਇਸ ਮੌਕੇ ਸਕੂਲ ਦਾ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।