- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਸਰਕਾਰ ਦੇ ਆਯੁਸ਼

ਵਕੀਲ ਮਹਿਰੋਂ ਪੰਜਾਬੀ ਜਾਗਰਣ ਮੋਗਾ : ਪੰਜਾਬ ਸਰਕਾਰ ਦੇ ਆਯੁਸ਼ ਵਿਭਾਗ ਅਤੇ ਡਾਇਰੈਕਟਰ ਆਯੁਰਵੇਦ ਅਤੇ ਡਾਇਰੈਕਟਰ ਹੋਮਿਓਪੈਥੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲਾ ਆਯੁਰਵੈਦਿਕ ਤੇ ਯੂਨਾਨੀ ਅਫਸਰ ਡਾ. ਪਲਵਿੰਦਰ ਸਿੰਘ ਅਤੇ ਜ਼ਿਲਾ ਹੋਮਿਓਪੈਥੀ ਅਫਸਰ ਡਾ. ਗੁਰਦਰਸ਼ਨ ਕੌਰ ਦੀ ਯੋਗ ਅਗਵਾਈ ਹੇਠ ਜੀਏਡੀ ਬਹੋਨਾ ਵਿਖੇ ਮੁਫਤ ਆਯੁਰਵੈਦਿਕ ਅਤੇ ਹੋਮਿਓਪੈਥੀ ਦਵਾਈਆਂ ਦਾ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਕੁੱਲ 485 ਮਰੀਜ਼ਾਂ ਦਾ ਮੁਫਤ ਚੈੱਕਅੱਪ ਕਰਕੇ ਲੋੜ ਅਨੁਸਾਰ ਦਵਾਈਆਂ ਵੀ ਮੁਫਤ ਵੰਡੀਆਂ ਗਈਆਂ। ਕੈਂਪ ਦੌਰਾਨ ਆਯੁਰਵੇਦ ਵਿਭਾਗ ਵੱਲੋਂ 262 ਮਰੀਜ਼ਾਂ ਦੀ ਜਾਂਚ ਕੀਤੀ ਗਈ, ਜਦਕਿ ਹੋਮਿਓਪੈਥਿਕ ਵਿਭਾਗ ਵੱਲੋਂ 223 ਮਰੀਜ਼ਾਂ ਦਾ ਚੈੱਕਅੱਪ ਕੀਤਾ ਗਿਆ। ਇਸ ਤੋਂ ਇਲਾਵਾ ਕੈਂਪ ਵਿੱਚ ਮੁਫਤ ਸ਼ੂਗਰ ਚੈੱਕਅੱਪ ਦੀ ਸਹੂਲਤ ਵੀ ਮੁਹੱਈਆ ਕਰਵਾਈ ਗਈ, ਜਿਸ ਦਾ ਮਰੀਜ਼ਾਂ ਵੱਲੋਂ ਲਾਭ ਲਿਆ ਗਿਆ। ਇਸ ਮੌਕੇ ਆਯੁਰਵੈਦਿਕ ਮੈਡੀਕਲ ਅਫਸਰ ਡਾ. ਸਵਿੰਦਰ ਸੋਨੀਆ ਅਤੇ ਡਾ. ਪਵਿੱਤਰ ਕੌਰ ਵੱਲੋਂ ਮਰੀਜ਼ਾਂ ਦਾ ਚੈੱਕਅੱਪ ਕਰਕੇ ਉਨ੍ਹਾਂ ਨੂੰ ਸਿਹਤ ਸਬੰਧੀ ਲੋੜੀਂਦੀਆਂ ਸਲਾਹਾਂ ਦਿੱਤੀਆਂ ਗਈਆਂ। ਇਸੇ ਤਰ੍ਹਾਂ ਹੋਮਿਓਪੈਥਿਕ ਵਿਭਾਗ ਵੱਲੋਂ ਡਾ. ਇੰਦਰਦੀਪ, ਹੋਮਿਓਪੈਥਿਕ ਮੈਡੀਕਲ ਅਫਸਰ ਨੇ ਮਰੀਜ਼ਾਂ ਦੀ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਲੋੜ ਅਨੁਸਾਰ ਦਵਾਈਆਂ ਮੁਹੱਈਆ ਕਰਵਾਈਆਂ। ਕੈਂਪ ਨੂੰ ਸਫਲ ਬਣਾਉਣ ਲਈ ਉਪਵੈਦ ਰਾਜਕੁਮਾਰ, ਮਨਦੀਪ ਸਿੰਘ, ਗੁਰਜਿੰਦਰ ਸਿੰਘ ਅਤੇ ਟਰੇਡ ਦਾਈ ਲਖਵੰਤ ਕੌਰ ਵੱਲੋਂ ਵਿਸ਼ੇਸ਼ ਡਿਊਟੀ ਨਿਭਾਈ ਗਈ। ਇਸ ਦੌਰਾਨ ਸਿਹਤ ਵਿਭਾਗ ਦੀ ਟੀਮ ਵੱਲੋਂ ਲੋਕਾਂ ਨੂੰ ਆਯੁਰਵੈਦਿਕ ਅਤੇ ਹੋਮਿਓਪੈਥੀ ਇਲਾਜ ਪ੍ਰਣਾਲੀ ਸਬੰਧੀ ਜਾਣਕਾਰੀ ਵੀ ਦਿੱਤੀ ਗਈ। ਕੈਂਪ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਸ਼ਮੂਲੀਅਤ ਕਰਕੇ ਮੁਫਤ ਸਿਹਤ ਜਾਂਚ ਅਤੇ ਦਵਾਈਆਂ ਦੀ ਸਹੂਲਤ ਦਾ ਲਾਭ ਉਠਾਇਆ।