
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਥਾਨਕ ਕਸਬੇ ਤੋਂ ਥੋੜ੍ਹੀ ਦੂਰ ਪਿੰਡ

ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਕੋਟ ਈਸੇ ਖਾਂ: ਸਥਾਨਕ ਕਸਬੇ ਤੋਂ ਥੋੜ੍ਹੀ ਦੂਰ ਪਿੰਡ ਦੋਲੇਵਾਲਾ ਮਾਇਰ ਵਿਖੇ ਸਥਿਤ ਪ੍ਰਸਿੱਧ ਧਾਰਮਿਕ ਅਸਥਾਨ ਬਾਬਾ ਤੁਲਸੀ ਦਾਸ ਝੁੱਗੀ ਵਾਲਿਆਂ ਦੇ ਤਪ ਅਸਥਾਨ ’ਤੇ ਸੰਗਤਾਂ ਦੀ ਵੱਧ ਰਹੀ ਆਮਦ ਨੂੰ ਮੁੱਖ ਰੱਖਦਿਆਂ ਨਵੇਂ ਦੀਵਾਨ ਹਾਲ ਦੀ ਉਸਾਰੀ ਦਾ ਕਾਰਜ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਨੀਂਹ ਪੱਥਰ ਰੱਖ ਕੇ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਰਧਾ ਨਾਲ ਹਾਜ਼ਰੀ ਭਰੀ ਅਤੇ ਇਸ ਪਵਿੱਤਰ ਕਾਰਜ ਦੇ ਗਵਾਹ ਬਣੇ। ਨਵੇਂ ਦੀਵਾਨ ਹਾਲ ਦਾ ਨੀਂਹ ਪੱਥਰ ਬਾਬਾ ਕਾਲਾ ਸਿੰਘ ਹਜ਼ੂਰ ਸਾਹਿਬ ਵਾਲੇ ਧਰਮਕੋਟ ਅਤੇ ਬਾਬਾ ਸ਼ਿੰਦਰ ਸਿੰਘ ਸਭਰਾ ਦੇ ਸੇਵਾਦਾਰਾਂ ਵੱਲੋਂ ਰੱਖਿਆ ਗਿਆ। ਸਮਾਗਮ ਦੀ ਸ਼ੁਰੂਆਤ ਹੈੱਡ ਗਿਆਨੀ ਜਗਤਾਰ ਸਿੰਘ ਵੱਲੋਂ ਅਰਦਾਸ ਬੇਨਤੀ ਨਾਲ ਕੀਤੀ ਗਈ। ਅਰਦਾਸ ਉਪਰੰਤ ਜੈਕਾਰਿਆਂ ਦੀ ਗੂੰਜ ਅਤੇ ਸਤਿਨਾਮ ਵਾਹਿਗੁਰੂ ਦੇ ਜਾਪ ਨਾਲ ਸਮੁੱਚਾ ਧਾਰਮਿਕ ਅਸਥਾਨ ਅਧਿਆਤਮਿਕ ਰੰਗ ’ਚ ਰੰਗਿਆ ਗਿਆ। ਇਸ ਮੌਕੇ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਆਪਣੇ ਹੱਥੀਂ ਸੇਵਾ ਆਰੰਭ ਕਰਵਾਈ। ਉਨ੍ਹਾਂ ਤੋਂ ਇਲਾਵਾ ਇਲਾਕੇ ਦੀਆਂ ਧਾਰਮਿਕ ਸ਼ਖ਼ਸ਼ੀਅਤਾਂ, ਪੰਚਾਂ, ਸਰਪੰਚਾਂ, ਨੰਬਰਦਾਰਾਂ ਅਤੇ ਵੱਖ-ਵੱਖ ਪਿੰਡਾਂ ਦੇ ਪਤਵੰਤੇ ਸੱਜਣਾਂ ਨੇ ਵੀ ਹਾਜ਼ਰੀ ਲਗਵਾਈ। ਜ਼ਿਕਰਯੋਗ ਹੈ ਕਿ ਇਸ ਪਵਿੱਤਰ ਤਪ ਅਸਥਾਨ ’ਤੇ ਹਰ ਦੇਸੀ ਮਹੀਨੇ ਦੀ 20 ਤਰੀਕ ਨੂੰ ਭਾਰੀ ਜੋੜ ਮੇਲਾ ਲੱਗਦਾ ਹੈ। ਇਸ ਮੌਕੇ ਦੂਰ-ਦੁਰਾਡੇ ਇਲਾਕਿਆਂ ਤੋਂ ਹਜ਼ਾਰਾਂ ਦੀ ਗਿਣਤੀ ’ਚ ਸੰਗਤਾਂ ਪਹੁੰਚ ਕੇ ਨਤਮਸਤਕ ਹੁੰਦੀਆਂ ਹਨ। ਸੰਗਤਾਂ ਦੀ ਦਿਨੋਂ-ਦਿਨ ਵੱਧ ਰਹੀ ਆਮਦ ਅਤੇ ਉਨ੍ਹਾਂ ਦੀਆਂ ਸਹੂਲਤਾਂ ਨੂੰ ਧਿਆਨ ਵਿਚ ਰੱਖਦਿਆਂ ਪ੍ਰਬੰਧਕ ਕਮੇਟੀ ਅਤੇ ਨਗਰ ਨਿਵਾਸੀਆਂ ਵੱਲੋਂ ਨਵੇਂ ਦੀਵਾਨ ਹਾਲ ਦੀ ਉਸਾਰੀ ਦਾ ਉਪਰਾਲਾ ਕੀਤਾ ਗਿਆ ਹੈ। ਸਮਾਗਮ ’ਚ ਪਿੰਡ ਵੱਟੂ ਮਰਾੜ, ਫਰੀਦਕੋਟ, ਕੋਟ ਈਸੇ ਖਾਂ, ਨਿਹਾਲਗੜ੍ਹ, ਮਹਿਲ, ਸ਼ੇਰਪੁਰ ਤਖਤੂਵਾਲਾ, ਨੂਰਪੁਰ ਹਕੀਮਾਂ ਸਮੇਤ ਆਸ-ਪਾਸ ਦੇ ਵੱਖ-ਵੱਖ ਪਿੰਡਾਂ ਤੋਂ ਸੰਗਤਾਂ ਨੇ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਸਮਾਗਮ ਦੌਰਾਨ ਸਟੇਜ ਸਕੱਤਰ ਇੰਦਰਜੀਤ ਸਿੰਘ ਨੇ ਸਮੂਹ ਸੰਗਤਾਂ, ਧਾਰਮਿਕ ਸ਼ਖ਼ਸ਼ੀਅਤਾਂ ਅਤੇ ਪਤਵੰਤੇ ਸੱਜਣਾਂ ਦਾ ਹਾਜ਼ਰੀ ਭਰਨ ਲਈ ਧੰਨਵਾਦ ਕੀਤਾ।