ਸਾਬਕਾ ਰਾਜ ਸਭਾ ਮੈਂਬਰ ਤਰਲੋਚਨ ਸਿੰਘ ਨੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ ਕਮਿਸ਼ਨ ਦੇ ਸਾਬਕਾ ਚੇਅਰਮੈਨ ਅਤੇ
Publish Date: Tue, 15 Sep 2026 05:11 PM (IST)
Updated Date: Wed, 16 Sep 2026 04:05 AM (IST)
ਫਾਈਬਰ ਆਪਟੀਕਲ ਦੇ ਪਿਤਾਮਾ ਡਾ. ਨਰਿੰਦਰ ਸਿੰਘ ਕਪਾਨੀ ਦੀ ਯਾਦਗਾਰ ਬਣਾਉਣ ਦੀ ਕੀਤੀ ਮੰਗ ਵਜੋਂ ਜਾਣੇ ਜਾਂਦੇ ਹਨ ਮੋਗਾ ਦੇ ਜੰਮਪਲ ਡਾ. ਕਪਾਨੀ ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ : ਕਮਿਸ਼ਨ ਦੇ ਸਾਬਕਾ ਚੇਅਰਮੈਨ ਅਤੇ ਸਾਬਕਾ ਰਾਜ ਸਭਾ ਮੈਂਬਰ ਤਰਲੋਚਨ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਵਿਸ਼ਵ ਪ੍ਰਸਿੱਧ ਵਿਗਿਆਨੀ ਡਾ. ਨਰਿੰਦਰ ਸਿੰਘ ਕਪਾਨੀ ਦੀ ਉਨ੍ਹਾਂ ਦੀ ਜਨਮ ਭੂਮੀ ਮੋਗਾ ਵਿਖੇ ਯਾਦਗਾਰ ਜਾਂ ਸਮਾਰਕ ਬਣਾਉਣ ਦੀ ਮੰਗ ਕੀਤੀ ਹੈ ਤਾਂ ਕਿ ਭਵਿੱਖ ਦੀਆਂ ਪੀੜ੍ਹੀਆਂ ਉਨ੍ਹਾਂ ਦੀਆਂ ਵੱਡੀਆਂ ਖੋਜਾਂ ਅਤੇ ਪ੍ਰਾਪਤੀਆਂ ਤੋਂ ਪ੍ਰੇਰਣਾ ਲੈਂਦੀਆਂ ਰਹਿਣ। ਤਰਲੋਚਨ ਸਿੰਘ ਦੇ ਇਸ ਪੱਤਰ ਨੇ ਇਕ ਵਾਰ ਫਿਰ ਸਾਡੇ ਵਿਸ਼ਵ ਪ੍ਰਸਿੱਧ ਵਿਗਿਆਨੀ ਵੱਲ ਲੋਕਾਂ ਦਾ ਧਿਆਨ ਖਿੱਚਿਆ ਹੈ। ਬਾਕਸ-- ਮੋਗਾ ਦੇ ਜੰਮਪਲ ਸਨ ਡਾ. ਕਪਾਨੀ ਵਿਸ਼ਵ ਭਰ ਵਿਚ ਫਾਈਬਰ ਆਪਟਿਕਸ ਦੇ ਪਿਤਾਮਾ ਵਜੋਂ ਜਾਣੇ ਜਾਂਦੇ ਡਾਕਟਰ ਨਰਿੰਦਰ ਸਿੰਘ ਕਪਾਨੀ ਦਾ ਜਨਮ ਪੰਜਾਬ ਦੇ ਉੱਘੇ ਸ਼ਹਿਰ ਮੋਗਾ ਵਿਖੇ 31 ਅਕਤੂਬਰ 1926 ਨੂੰ ਹੋਇਆ। ਮੁੱਢਲੀ ਸਿੱਖਿਆ ਦੇਹਰਾਦੂਨ ਤੋਂ ਅਤੇ ਗ੍ਰੈਜੂਏਸ਼ਨ ਆਗਰਾ ਤੋਂ ਕੀਤੀ। ਖੋਜ ਕਾਰਜਾਂ ਲਈ ਉਹ 1950 ਵਿਚ ਇੰਪੀਰੀਅਲ ਕਾਲਜ ਲੰਡਨ ਚਲੇ ਗਏ। ਉਥੋਂ 1955 ਵਿਚ ਡਾਕਟਰੇਟ ਦੀ ਡਿਗਰੀ ਹਾਸਲ ਕੀਤੀ। ਬਾਕਸ ਆਪਟਿਕਸ ਫਾਈਬਰ ਦੀ ਖੋਜ ਕਾਰਨ ਉਨ੍ਹਾਂ ਨੂੰ ਮਿਲੀ ਪ੍ਰਸਿੱਧੀ : ਡਾ. ਕਪਾਨੀ ਦੀ ਸਭ ਤੋਂ ਵੱਡੀ ਵਿਗਿਆਨਕ ਪ੍ਰਾਪਤੀ ਆਪਟਿਕਸ ਫਾਈਬਰ ਸੀ। 1953 ਵਿਚ ਉਨ੍ਹਾਂ ਨੇ ਹੈਰਾਲਡ ਹਾਪਕਿੰਸ ਨਾਲ ਮਿਲਕੇ ਬਰੀਕ ਕੱਚ ਦੀਆਂ ਤਾਰਾਂ ਦਾ ਇਕ ਗੁੱਛਾ ਤਿਆਰ ਕੀਤਾ, ਜਿੰਨ੍ਹਾਂ ਰਾਹੀਂ ਬਹੁਤ ਹੀ ਗੁਣਵੱਤਾ ਵਾਲੀਆਂ ਤਸਵੀਰਾਂ ਇਕ ਥਾਂ ਤੋਂ ਦੂਜੀ ਥਾਂ ਭੇਜਣ ਵਿਚ ਸਫ਼ਲਤਾ ਹਾਸਲ ਕੀਤੀ। ਇਹ ਖੋਜ 1954 ਵਿਚ ਨੇਚਰ ਰਸਾਲੇ ਵਿਚ ਪ੍ਰਕਾਸ਼ਿਤ ਹੋਈ। ਦਰਅਸਲ ਫਾਈਬਰ ਆਪਟਿਕਸ ਕੱਚ ਜਾਂ ਹੋਰ ਪਾਰਦਰਸ਼ੀ ਵਸਤ ਦੇ ਬਹੁਤ ਹੀ ਬਰੀਕ ਰੇਸ਼ੇ ਹੁੰਦੇ ਹਨ ਜਿਨ੍ਹਾਂ ਦੁਆਰਾ ਰੌਸ਼ਨੀ ਦੇ ਸੰਕੇਤਾਂ ਰਾਹੀਂ ਜਾਣਕਾਰੀ ਭੇਜੀ ਜਾਂਦੀ ਹੈ। ਬਾਕਸ ਮੈਡੀਕਲ ਤੇ ਸੰਚਾਰ ਖ਼ੇਤਰਾਂ ਵਿਚ ਆਈ ਨਵੀਂ ਕ੍ਰਾਂਤੀ : ਡਾ. ਨਰਿੰਦਰ ਸਿੰਘ ਕਪਾਨੀ ਦੀ ਇਸ ਖੋਜ ਨੇ ਸੰਚਾਰ, ਮੈਡੀਕਲ ਅਤੇ ਹੋਰਨਾਂ ਖ਼ੇਤਰਾਂ ਵਿਚ ਨਵੀਂ ਕ੍ਰਾਂਤੀ ਲਿਆ ਦਿੱਤੀ। ਹਾਈਸਪੀਡ ਇੰਟਰਨੈੱਟ, ਵੀਡੀਓ ਕਾਲ, ਕੇਬਲ ਨੈੱਟਵਰਕ, ਟੀਵੀ, ਡਾਟਾ ਸੈਂਟਰ, ਟੈਲੀਫੋਨ ਵਰਗੇ ਖ਼ੇਤਰਾਂ ਤੋਂ ਇਲਾਵਾ ਮੈਡੀਕਲ ਖ਼ੇਤਰ ਵਿਚ ਸਰੀਰ ਦੇ ਅੰਦਰੂਨੀ ਅੰਗਾਂ ਐਂਡੋਸਕੋਪੀ ਆਦਿ ਰਾਹੀਂ ਆਪ੍ਰੇਸ਼ਨ ਵਗੈਰਾ ਵਿਚ ਵੀ ਨਵੀਂ ਪ੍ਰਗਤੀ ਹੋਈ। ਇਸ ਪ੍ਰਣਾਲੀ ਰਾਹੀਂ ਬਿਨ੍ਹਾਂ ਚੀਰ ਫਾੜ ਸਰੀਰ ਦੇ ਅੰਦਰੂਨੀ ਅੰਗਾਂ ਦੀ ਜਾਂਚ ਸੰਭਵ ਹੋਈ। ਬਾਕਸ ਪੰਜਾਬੀ ਤੇ ਸਿੱਖ ਵਿਰਾਸਤ ਦੀ ਸੰਭਾਲ ਲਈ ਕੀਤੇ ਯਤਨ: 4 ਦਸੰਬਰ 2020 ਨੂੰ ਅਮਰੀਕਾ ਵਿਖੇ 94 ਸਾਲ ਦੀ ਉਮਰ ਵਿਚ ਅਕਾਲ ਚਲਾਣਾ ਕਰਨ ਵਾਲੇ ਡਾ. ਕਪਾਨੀ ਨੇ ਸਿੱਖ ਵਿਰਾਸਤ ਅਤੇ ਪੰਜਾਬੀ ਸਭਿਆਚਾਰ ਦੀ ਸੰਭਾਲ ਪ੍ਰਤੀ ਵੀ ਬੇਹੱਦ ਸੰਜ਼ੀਦਾ ਯਤਨ ਕੀਤੇ। 1967 ਵਿਚ ਸਿੱਖ ਫਾਊਡੇਸ਼ਨ ਦੀ ਸਥਾਪਨਾ ਕਰ ਕੇ ਸਿੱਖ ਵਿਰਾਸਤ ਅਤੇ ਪੰਜਾਬੀ ਸਭਿਆਚਾਰ ਦੀ ਸੰਭਾਲ ਲਈ ਵਿਸ਼ੇਸ਼ ਯੋਗਦਾਨ ਪਾਇਆ। ਯੂਨੀਵਰਸਿਟੀ ਆਫ ਕੈਲੀਫੋਰਨੀਆ ਵਿਖੇ ਆਪਣੀ ਮਾਤਾ ਕੁੰਦਨ ਕੌਰ ਕਪਾਨੀ ਦੀ ਯਾਦ ਵਿਚ ਚੇਅਰ ਸਥਾਪਿਤ ਕੀਤੀ। ਸੈਂਟਾ ਬਰਬਰਾ ਵਿਖੇ ਸਿੱਖ ਸਟੱਡੀਜ਼ ਚੇਅਰ ਸਥਾਪਿਤ ਕੀਤੀ। ਇਸ ਤਰ੍ਹਾਂ ਉਨ੍ਹਾਂ ਨੇ ਭੌਤਿਕ ਵਿਗਿਆਨ ਦੇ ਖ਼ੇਤਰ ਵਿਚ ਮਾਣਮੱਤੀਆਂ ਪ੍ਰਾਪਤੀਆਂ ਦੇ ਨਾਲ ਆਪਣੇ ਵਿਰਸੇ ਅਤੇ ਸੱਭਿਆਚਾਰ ਦੀ ਸੰਭਾਲ ਲਈ ਬਹੁਤ ਹੀ ਵਰਨਣਯੋਗ ਕਾਰਜ ਕੀਤੇ। ਇਨ੍ਹਾਂ ਪ੍ਰਾਪਤੀਆਂ ਦੀ ਬਦੌਲਤ ਉਨ੍ਹਾਂ ਨੂੰ ਜਿਉਂਦੇ ਜੀਅ ਅਤੇ ਮਰਨ ਉਪਰੰਤ ਵੱਡੇ ਵੱਡੇ ਮਾਣ ਸਨਮਾਨ ਹਾਸਲ ਹੋਏ।