- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਬਿਲਾਸਪੁਰ : ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਜੀ ਦੇ ਸਤਿਕਾਰਯੋਗ ਮਾਤਾ ਵਿਦਿਆ ਕੌਰ ਜੀ ਦੇ ਅਕਾਲ ਚਲਾਣੇ ’ਤੇ ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਆਗੂ ਦਰਸ਼ਨ ਸਿੰਘ ਬਰਾੜ ਸਮੇਤ ਜ਼ਿਲ੍ਹਾ ਭਰ ਤੋਂ ਧਾਰਮਿਕ ਸ਼ਖ਼ਸ਼ੀਅਤਾਂ ਅਤੇ ਜਥੇਬੰਦੀਆਂ ਦੇ ਆਗੂਆਂ ਨੇ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚੇ ਅਤੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਦੁੱਖ ਦੀ ਘੜੀ ਵਿਚ ਸੰਤ ਬਾਬਾ ਦੀਪਕ ਸਿੰਘ ਦੌਧਰ, ਸੰਤ ਬਾਬਾ ਅਰਜਨ ਸਿੰਘ ਗਿਆਰਵੀਂ ਵਾਲੇ ਦੌਧਰ, ਸੰਤ ਬਾਬਾ ਉਦੇਕਰਨ ਸੈਦੋਕੇ, ਸਾਬਕਾ ਮੰਤਰੀ ਸਿੰਘ ਬਰਾੜ ਨੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਅਤੇ ਸਮੁੱਚੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਮਾਤਾ ਜੀ ਦੇ ਵਿਛੋੜੇ ’ਤੇ ਦੁੱਖ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਮਾਤਾ ਜੀ ਦਾ ਇਸ ਫਾਨੀ ਸੰਸਾਰ ਤੋਂ ਅਕਾਲ ਚਲਾਣਾ ਪਰਿਵਾਰ ਲਈ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਨ੍ਹਾਂ ਕਿਹਾ ਮਾਂ ਦਾ ਰਿਸ਼ਤਾ ਮਨੁੱਖੀ ਜੀਵਨ ਵਿਚ ਸਭ ਤੋਂ ਪਵਿੱਤਰ ਅਤੇ ਅਨਮੋਲ ਰਿਸ਼ਤਿਆਂ ਵਿਚੋਂ ਇਕ ਹੁੰਦਾ ਹੈ ਅਤੇ ਮਾਤਾ ਜੀ ਦੀਆਂ ਯਾਦਾਂ ਹਮੇਸ਼ਾ ਪਰਿਵਾਰ ਦੇ ਦਿਲਾਂ ਵਿਚ ਵੱਸਦੀਆਂ ਰਹਿਣਗੀਆਂ। ਇਸ ਮੌਕੇ ਉਨ੍ਹਾਂ ਪਰਿਵਾਰਕ ਮੈਂਬਰਾਂ ਨਾਲ ਬੈਠ ਕੇ ਮਾਤਾ ਜੀ ਦੇ ਵਿਛੋੜੇ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ ਅਤੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਵਾਹਿਗੁਰੂ ਜੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਸਦੀਵੀਂ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਇਹ ਅਸਹਿ ਦੁੱਖ ਸਹਿਣ ਦਾ ਬਲ, ਹੌਂਸਲਾ ਅਤੇ ਭਾਣਾ ਮੰਨਣ ਦੀ ਸਮਰੱਥਾ ਪ੍ਰਦਾਨ ਕਰਨ। ਉਨ੍ਹਾਂ ਨੇ ਦੁੱਖ ਦੀ ਇਸ ਔਖੀ ਘੜੀ ਵਿਚ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਅਤੇ ਸਮੁੱਚੇ ਪਰਿਵਾਰ ਦੇ ਨਾਲ ਖੜ੍ਹੇ ਹਨ। ਉਨ੍ਹਾਂ ਮਾਤਾ ਜੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪਰਿਵਾਰ ਨਾਲ ਆਪਣੀ ਡੂੰਘੀ ਹਮਦਰਦੀ ਸਾਂਝੀ ਕੀਤੀ। ਇਸ ਮੌਕੇ ਸਾਬਕਾ ਬਲਾਕ ਸੰਮਤੀ ਚੇਅਰਮੈਨ ਪਰਮਜੀਤ ਸਿੰਘ ਨੰਗਲ, ਜਸਮੇਲ ਸਿੰਘ ਰਾਜੂ ਸਰਪੰਚ ਰਣਸੀਂਹ ਖੁਰਦ, ਬਲਦੇਵ ਸਿੰਘ ਸਾਬਕਾ ਸਰਪੰਚ, ਡਾ. ਦਵਿੰਦਰ ਗਿੱਲ, ਬਲਾਕ ਸੰਮਤੀ ਮੈਂਬਰ ਇੰਦਰਜੀਤ ਸਿੰਘ ਆਦਿ ਹਾਜ਼ਰ ਸਨ। ਇਸ ਮੌਕੇ ਇਕ ਵੱਖਰੇ ਬਿਆਨ ਵਿਚ ਦਿਹਾਤੀ ਪੱਤਰਕਾਰ ਯੂਨੀਅਨ ਦੇ ਪ੍ਰਧਾਨ ਜਗਸੀਰ ਸ਼ਰਮਾ ਅਤੇ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਇਕਾਈ ਮੋਗਾ ਦੇ ਪ੍ਰਧਾਨ ਮਨੋਜ ਭੱਲਾ ਨੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨਾਲ ਦੁੱਖ ਸਾਂਝਾ ਕੀਤਾ ਹੈ।