- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਈਐੱਸਐੱਫ ਕਾਲਜ ਆਫ ਫਾਰਮੇਸੀ

ਨਿੱਜੀ ਪੱਤਰ ਪ੍ਰੇਕਰ ਪੰਜਾਬੀ ਜਾਗਰਣ, ਮੋਗਾ : ਆਈਐੱਸਐੱਫ ਕਾਲਜ ਆਫ ਫਾਰਮੇਸੀ ਦੇ ਫਾਰਮ.ਡੀ. ਵਿਭਾਗ ਵੱਲੋਂ ਵਿਸ਼ਵ ਸ਼ੂਗਰ ਰੋਗ ਦਿਵਸ ਦੇ ਮੌਕੇ ਪਿੰਡ ਘੱਲ ਕਲਾਂ ਵਿਖੇ ਵਿਸ਼ੇਸ਼ ਸਿਹਤ ਜਾਗਰੂਕਤਾ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦਾ ਮੁੱਖ ਉਦੇਸ਼ ਲੋਕਾਂ ਨੂੰ ਡਾਇਬਟੀਜ਼ (ਸ਼ੂਗਰ ਰੋਗ) ਦੇ ਕਾਰਨਾਂ, ਲੱਛਣਾਂ, ਬਚਾਅ ਦੇ ਤਰੀਕਿਆਂ ਅਤੇ ਸਿਹਤਮੰਦ ਜੀਵਨ ਸ਼ੈਲੀ ਬਾਰੇ ਜਾਗਰੂਕ ਕਰਨਾ ਸੀ। ਫਾਰਮ ਡੀ ਵਿਭਾਗ ਦੇ ਮੁਖੀ ਡਾ. ਸੌਰਭ ਕੋਸੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾ. ਮੁਹੰਮਦ ਹਨੀਫ ਦੀ ਅਗਵਾਈ ਹੇਠ ਫਾਰਮ.ਡੀ. ਦੇ 20 ਵਿਦਿਆਰਥੀਆਂ ਨੇ ਪਿੰਡ ਘੱਲ ਕਲਾਂ ਦਾ ਦੌਰਾ ਕੀਤਾ। ਇਸ ਦੌਰਾਨ ਵਿਦਿਆਰਥੀਆਂ ਨੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਡਾਇਬਟੀਜ਼ ਤੋਂ ਬਚਾਅ ਅਤੇ ਇਸ ਦੀ ਰੋਕਥਾਮ ਸਬੰਧੀ ਮਹੱਤਵਪੂਰਨ ਜਾਣਕਾਰੀ ਦਿੱਤੀ। ਲੋਕਾਂ ਨੂੰ ਜਾਗਰੂਕ ਕਰਨ ਲਈ ਜਾਣਕਾਰੀ ਭਰਪੂਰ ਪੈਂਫਲੈਟ ਵੀ ਵੰਡੇ ਗਏ। ਵਿਦਿਆਰਥੀਆਂ ਨੇ ਲੋਕਾਂ ਨੂੰ ਦੱਸਿਆ ਕਿ ਸ਼ੂਗਰ ਰੋਗ ਤੋਂ ਬਚਾਅ ਲਈ ਸੰਤੁਲਿਤ ਅਤੇ ਪੌਸ਼ਟਿਕ ਖੁਰਾਕ ਲੈਣਾ, ਮਿੱਠੀਆਂ ਚੀਜ਼ਾਂ ਅਤੇ ਵਧੇਰੇ ਖੰਡ ਵਾਲੇ ਪਦਾਰਥਾਂ ਦੀ ਵਰਤੋਂ ਘੱਟ ਕਰਨਾ, ਰੋਜ਼ਾਨਾ ਕਸਰਤ ਕਰਨਾ, ਸਰੀਰਕ ਗਤੀਵਿਧੀਆਂ ਵਿੱਚ ਹਿੱਸਾ ਲੈਣਾ ਅਤੇ ਆਪਣੇ ਵਜ਼ਨ ਨੂੰ ਕੰਟਰੋਲ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ। ਇਸ ਮੌਕੇ ਸੰਸਥਾ ਦੇ ਡਾਇਰੈਕਟਰ ਡਾ. ਜੀਡੀ ਗੁਪਤਾ ਨੇ ਕਿਹਾ ਕਿ ਫਾਰਮ ਡੀ ਵਿਭਾਗ ਵੱਲੋਂ ਸਮਾਜ ਵਿਚ ਸਿਹਤ ਸਬੰਧੀ ਜਾਗਰੂਕਤਾ ਫੈਲਾਉਣ ਲਈ ਕੀਤੇ ਜਾ ਰਹੇ ਯਤਨ ਬਹੁਤ ਸ਼ਲਾਘਾਯੋਗ ਹਨ। ਉਨ੍ਹਾਂ ਕਿਹਾ ਕਿ ਭਾਰਤ ਵਿਚ ਡਾਇਬਟੀਜ਼ ਦੇ ਵਧਦੇ ਮਾਮਲੇ ਇੱਕ ਗੰਭੀਰ ਸਿਹਤ ਚੁਣੌਤੀ ਬਣ ਰਹੇ ਹਨ, ਜਿਸ ਨੂੰ ਦੇਖਦੇ ਹੋਏ ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਵੀ ਇਸ ਬਿਮਾਰੀ ਦੀ ਰੋਕਥਾਮ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਆਈਐੱਸਐੱਫ ਕਾਲਜ ਆਫ ਫਾਰਮੇਸੀ ਐਂਡ ਰਿਸਰਚ ਦੇ ਪ੍ਰਿੰਸੀਪਲ ਡਾ. ਆਰ.ਕੇ. ਨਾਰੰਗ ਨੇ ਕਿਹਾ ਕਿ ਡਾਇਬਟੀਜ਼ ਵਰਗੀ ਬਿਮਾਰੀ ਦੀ ਰੋਕਥਾਮ ਲਈ ਜਾਗਰੂਕਤਾ ਸਭ ਤੋਂ ਮਹੱਤਵਪੂਰਨ ਹਥਿਆਰ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਹੀ ਸਿਹਤ ਜਾਣਕਾਰੀ ਪ੍ਰਦਾਨ ਕਰਨ ਅਤੇ ਸਮਾਜਿਕ ਜ਼ਿੰਮੇਵਾਰੀ ਨਿਭਾਉਣ ਲਈ ਸੰਸਥਾ ਵੱਲੋਂ ਅਜਿਹੀਆਂ ਜਾਗਰੂਕਤਾ ਮੁਹਿੰਮਾਂ ਭਵਿੱਖ ਵਿੱਚ ਵੀ ਨਿਰੰਤਰ ਜਾਰੀ ਰੱਖੀਆਂ ਜਾਣਗੀਆਂ।