15 ਅਗਸਤ ਤੋਂ ਪਹਿਲਾਂ ਸੜਕਾਂ ’ਤੇ ਪੱਚ ਲਗਾ ਕੇ ਕੀਤੀ ਖਾਨਾਪੂਰਤੀ 15 ਅਗਸਤ ਨੂੰ ਮੋਗਾ ਦੀ ਦਾਣਾ
Publish Date: Thu, 13 Aug 2026 05:20 PM (IST)
Updated Date: Fri, 14 Aug 2026 04:03 AM (IST)
ਦਾਣਾ ਮੰਡੀ ਦੇ ਇਕ ਪਾਸੇ ਸੁਧਾਰ, ਦੂਜੇ ਪਾਸੇ ਅਜੇ ਵੀ ਡੂੰਘੇ ਖੱਡੇ ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ : 15 ਅਗਸਤ ਨੂੰ ਮੋਗਾ ਦੀ ਦਾਣਾ ਮੰਡੀ ਵਿਖੇ ਆਜ਼ਾਦੀ ਦਿਵਸ ਮੌਕੇ ਕੌਮੀ ਝੰਡਾ ਲਹਿਰਾਉਣ ਦਾ ਸਮਾਗਮ ਕਰਵਾਇਆ ਜਾਣਾ ਹੈ। ਸਮਾਗਮ ਨੂੰ ਲੈ ਕੇ ਜਿੱਥੇ ਪ੍ਰਸ਼ਾਸਨ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਉੱਥੇ ਹੀ ਦਾਣਾ ਮੰਡੀ ਦੇ ਆਲੇ-ਦੁਆਲੇ ਟੁੱਟੀਆਂ ਸੜਕਾਂ ਅਤੇ ਸੜਕਾਂ ਵਿਚਕਾਰ ਬਣੇ ਡੂੰਘੇ ਖੱਡੇ ਵੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਸਥਾਨਕ ਲੋਕਾਂ ਅਨੁਸਾਰ ਦਾਣਾ ਮੰਡੀ ਦੇ ਆਸ-ਪਾਸ ਕਈ ਥਾਵਾਂ ’ਤੇ ਸੜਕਾਂ ਦੀ ਹਾਲਤ ਕਾਫ਼ੀ ਸਮੇਂ ਤੋਂ ਖਸਤਾ ਬਣੀ ਹੋਈ ਸੀ। ਸੜਕਾਂ ਵਿਚਕਾਰ ਵੱਡੇ-ਵੱਡੇ ਖੱਡੇ ਪਏ ਹੋਣ ਕਾਰਨ ਆਉਣ-ਜਾਣ ਵਾਲੇ ਲੋਕਾਂ, ਵਾਹਨ ਚਾਲਕਾਂ ਅਤੇ ਆਮ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਖਾਸ ਕਰਕੇ ਮੀਂਹ ਪੈਣ ਤੋਂ ਬਾਅਦ ਇਨ੍ਹਾਂ ਖੱਡਿਆਂ ਵਿਚ ਪਾਣੀ ਭਰ ਜਾਣ ਕਾਰਨ ਸੜਕ ਦੀ ਅਸਲ ਹਾਲਤ ਦਾ ਪਤਾ ਲਗਾਉਣਾ ਵੀ ਮੁਸ਼ਕਲ ਹੋ ਜਾਂਦਾ ਹੈ, ਜਿਸ ਕਾਰਨ ਹਾਦਸੇ ਵਾਪਰਨ ਦਾ ਖ਼ਤਰਾ ਬਣਿਆ ਰਹਿੰਦਾ ਹੈ। ਹੁਣ 15 ਅਗਸਤ ਦੇ ਸਮਾਗਮ ਤੋਂ ਪਹਿਲਾਂ ਕੁਝ ਸੜਕਾਂ ’ਤੇ ਪੱਚ ਲਗਾ ਕੇ ਉਨ੍ਹਾਂ ਨੂੰ ਚਲਣਯੋਗ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਜਿਹੜੇ ਰਸਤੇ ਤੋਂ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਹੋਰ ਮਹਿਮਾਨਾਂ ਨੇ ਸਮਾਗਮ ਵਾਲੀ ਥਾਂ ਤੱਕ ਪਹੁੰਚਣਾ ਹੈ, ਉਸ ਪਾਸੇ ਸੜਕਾਂ ’ਤੇ ਪੱਚ ਲਗਾ ਕੇ ਮੁਰੰਮਤ ਦਾ ਕੰਮ ਕੀਤਾ ਗਿਆ ਹੈ। ਇਸ ਕਾਰਨ ਲੋਕਾਂ ਵਿਚ ਇਹ ਚਰਚਾ ਵੀ ਹੈ ਕਿ ਕੀ ਇਹ ਕੰਮ ਸਿਰਫ਼ 15 ਅਗਸਤ ਦੇ ਸਮਾਗਮ ਨੂੰ ਧਿਆਨ ਵਿਚ ਰੱਖਦਿਆਂ ਹੀ ਕੀਤਾ ਗਿਆ ਹੈ। ਦੂਜੇ ਪਾਸੇ ਜੇਕਰ ਮੰਡੀ ਦੇ ਵਿਚ ਹੀ ਜ਼ੀਰਾ ਰੋਡ ਵਾਲੇ ਪਾਸੇ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਸੜਕ ਦੀ ਹਾਲਤ ਅਜੇ ਵੀ ਚਿੰਤਾਜਨਕ ਬਣੀ ਹੋਈ ਹੈ। ਸਥਾਨਕ ਲੋਕਾਂ ਮੁਤਾਬਕ ਸੜਕ ਦੇ ਵਿਚਕਾਰ ਕਈ ਥਾਵਾਂ ’ਤੇ ਫੁੱਟਾਂ ਡੂੰਘੇ ਖੱਡੇ ਬਣੇ ਹੋਏ ਹਨ। ਇਨ੍ਹਾਂ ਖੱਡਿਆਂ ਕਾਰਨ ਵਾਹਨ ਚਾਲਕਾਂ ਨੂੰ ਆਪਣੇ ਵਾਹਨ ਕੱਢਣ ਸਮੇਂ ਬਹੁਤ ਸਾਵਧਾਨੀ ਵਰਤਣੀ ਪੈਂਦੀ ਹੈ। ਰਾਤ ਸਮੇਂ ਸਥਿਤੀ ਹੋਰ ਵੀ ਗੰਭੀਰ ਹੋ ਜਾਂਦੀ ਹੈ ਕਿਉਂਕਿ ਖੱਡੇ ਸਾਫ਼ ਦਿਖਾਈ ਨਾ ਦੇਣ ਕਾਰਨ ਹਾਦਸੇ ਦਾ ਖ਼ਤਰਾ ਵੱਧ ਜਾਂਦਾ ਹੈ। ਲੋਕਾਂ ਨੇ ਪ੍ਰਸ਼ਾਸਨ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਜੇਕਰ ਸੜਕਾਂ ਦੀ ਮੁਰੰਮਤ ਕਰਨੀ ਹੀ ਸੀ ਤਾਂ ਸਿਰਫ਼ ਉਸੇ ਪਾਸੇ ਪੱਚ ਕਿਉਂ ਲਗਾਇਆ ਗਿਆ, ਜਿੱਥੋਂ ਅਧਿਕਾਰੀਆਂ ਅਤੇ ਸਮਾਗਮ ਵਿਚ ਆਉਣ ਵਾਲੇ ਮਹਿਮਾਨਾਂ ਨੇ ਲੰਘਣਾ ਹੈ। ਲੋਕਾਂ ਦਾ ਕਹਿਣਾ ਹੈ ਕਿ ਸੜਕਾਂ ਦੀ ਮੁਰੰਮਤ ਕਿਸੇ ਖਾਸ ਦਿਨ ਜਾਂ ਸਮਾਗਮ ਨੂੰ ਧਿਆਨ ਵਿਚ ਰੱਖ ਕੇ ਨਹੀਂ, ਸਗੋਂ ਆਮ ਲੋਕਾਂ ਦੀ ਸਹੂਲਤ ਅਤੇ ਸੁਰੱਖਿਆ ਨੂੰ ਮੁੱਖ ਰੱਖ ਕੇ ਕੀਤੀ ਜਾਣੀ ਚਾਹੀਦੀ ਹੈ। ਸਥਾਨਕ ਵਸਨੀਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦਾਣਾ ਮੰਡੀ ਅਤੇ ਇਸ ਦੇ ਆਲੇ-ਦੁਆਲੇ ਦੀਆਂ ਸਾਰੀਆਂ ਸੜਕਾਂ ਦੀ ਹਾਲਤ ਦਾ ਮੌਕੇ ’ਤੇ ਜਾਇਜ਼ਾ ਲਿਆ ਜਾਵੇ ਅਤੇ ਜਿੱਥੇ ਵੀ ਵੱਡੇ ਖੱਡੇ ਬਣੇ ਹੋਏ ਹਨ, ਉੱਥੇ ਸਿਰਫ਼ ਪੱਚ ਲਗਾ ਕੇ ਖਾਨਾਪੂਰਤੀ ਕਰਨ ਦੀ ਬਜਾਏ ਮਿਆਰੀ ਢੰਗ ਨਾਲ ਸੜਕ ਦੀ ਮੁਰੰਮਤ ਕਰਵਾਈ ਜਾਵੇ।