ਮੋਗਾ ‘ਚ ਚੜ੍ਹਦੀ ਸਵੇਰ ਫੂਡ ਸੇਫਟੀ ਟੀਮ ਵੱਲੋਂ 90 ਕਿਲੋ ਪਨੀਰ ਜ਼ਬਤ ਲੋਕਾਂ ਨੂੰ ਸੁਰੱਖਿਅਤ, ਸਾਫ਼-ਸੁਥਰਾ
Publish Date: Tue, 13 Oct 2026 04:30 PM (IST)
Updated Date: Wed, 14 Oct 2026 04:04 AM (IST)
ਡੇਅਰੀਆਂ ਤੇ ਨਾਮਵਰ ਮਠਿਆਈ ਦੀਆਂ ਦੁਕਾਨਾਂ ਦੀ ਤੜਕਸਾਰ ਚੈਕਿੰਗ, ਕੀਤੀ ਸਖ਼ਤ ਹਦਾਇਤ ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ : ਲੋਕਾਂ ਨੂੰ ਸੁਰੱਖਿਅਤ, ਸਾਫ਼-ਸੁਥਰਾ ਅਤੇ ਮਿਆਰੀ ਭੋਜਨ ਪਦਾਰਥ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਕਨਵਲਪ੍ਰੀਤ ਕੌਰ ਬਰਾੜ ਦੀ ਅਗਵਾਈ ‘ਚ ਮੋਗਾ ਦੀ ਫੂਡ ਸੇਫਟੀ ਟੀਮ ਵੱਲੋਂ ਮੰਗਲਵਾਰ ਸਵੇਰੇ ਤੜਕਸਾਰ ਡੇਅਰੀਆਂ ਅਤੇ ਮਠਿਆਈਆਂ ਦੀਆਂ ਦੁਕਾਨਾਂ ਦੀ ਵਿਸ਼ੇਸ਼ ਚੈਕਿੰਗ ਕੀਤੀ ਗਈ। ਇਸ ਮੁਹਿੰਮ ਦੀ ਅਗਵਾਈ ਜ਼ਿਲ੍ਹਾ ਸਿਹਤ ਅਫ਼ਸਰ ਮੋਗਾ ਡਾ. ਸੰਦੀਪ ਸਿੰਘ ਵੱਲੋਂ ਕੀਤੀ ਗਈ। ਇਸ ਦੌਰਾਨ ਫੂਡ ਸੇਫਟੀ ਅਫ਼ਸਰ ਯੋਗੇਸ਼ ਗੋਇਲ ਤੇ ਫੂਡ ਸੇਫਟੀ ਅਫ਼ਸਰ ਲਵਦੀਪ ਸਿੰਘ ਵੀ ਮੌਜੂਦ ਸਨ। ਜਾਂਚ ਮੁਹਿੰਮ ਦੌਰਾਨ ਟੀਮ ਵੱਲੋਂ 90 ਕਿਲੋ ਪਨੀਰ ਜ਼ਬਤ ਕੀਤਾ ਗਿਆ। ਇਸ ਦੇ ਨਾਲ ਹੀ ਦੁੱਧ, ਪਨੀਰ ਅਤੇ ਮਠਿਆਈਆਂ ਦੀ ਗੁਣਵੱਤਾ ਦੀ ਜਾਂਚ ਲਈ ਕੁੱਲ ਚਾਰ ਸੈਂਪਲ ਲਏ ਗਏ, ਜਿਨ੍ਹਾਂ ਵਿਚ ਪਨੀਰ ਅਤੇ ਦੁੱਧ ਦੇ ਸੈਂਪਲਾਂ ਤੋਂ ਇਲਾਵਾ ਦੋ ਤਰ੍ਹਾਂ ਦੀਆਂ ਮਠਿਆਈਆਂ ਦੇ ਸੈਂਪਲ ਸ਼ਾਮਲ ਹਨ। ਮਠਿਆਈਆਂ ਦੇ ਸੈਂਪਲ ਨਾਮਵਰ ਮਠਿਆਈ ਦੀਆਂ ਦੁਕਾਨਾਂ ਤੋਂ ਵੀ ਲਏ ਗਏ, ਤਾਂ ਜੋ ਭੋਜਨ ਪਦਾਰਥਾਂ ਦੀ ਗੁਣਵੱਤਾ ਅਤੇ ਨਿਰਧਾਰਤ ਫੂਡ ਸੇਫਟੀ ਮਾਪਦੰਡਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾ ਸਕੇ। ਡੇਅਰੀਆਂ ਅਤੇ ਮਠਿਆਈਆਂ ਦੀਆਂ ਦੁਕਾਨਾਂ ਦੀ ਜਾਂਚ ਦੌਰਾਨ ਭੋਜਨ ਪਦਾਰਥਾਂ ਦੀ ਸਟੋਰੇਜ, ਸਫਾਈ ਅਤੇ ਸੁਰੱਖਿਅਤ ਢੰਗ ਨਾਲ ਤਿਆਰੀ ਸਬੰਧੀ ਪ੍ਰਬੰਧਾਂ ਦਾ ਨਿਰੀਖਣ ਕੀਤਾ ਗਿਆ। ਦੁੱਧ ਅਤੇ ਦੁੱਧ ਤੋਂ ਤਿਆਰ ਹੋਣ ਵਾਲੇ ਪਦਾਰਥ, ਖ਼ਾਸ ਕਰਕੇ ਪਨੀਰ, ਲੋਕਾਂ ਦੀ ਰੋਜ਼ਾਨਾ ਖੁਰਾਕ ਦਾ ਅਹਿਮ ਹਿੱਸਾ ਹਨ। ਇਸ ਲਈ ਇਨ੍ਹਾਂ ਦੀ ਗੁਣਵੱਤਾ ਤੇ ਸੁਰੱਖਿਆ ਨੂੰ ਯਕੀਨੀ ਬਣਾਉਣਾ ਬਹੁਤ ਜ਼ਰੂਰੀ ਹੈ। ਇਸ ਮੌਕੇ ਫੂਡ ਸੇਫਟੀ ਟੀਮ ਵੱਲੋਂ ਫੂਡ ਬਿਜ਼ਨਸ ਆਪਰੇਟਰਾਂ ਨੂੰ ਚੰਗੀਆਂ ਨਿਰਮਾਣ ਪ੍ਰਥਾਵਾਂ ਅਤੇ ਚੰਗੀਆਂ ਸਫਾਈ ਪ੍ਰਥਾਵਾਂ ਬਾਰੇ ਵਿਸਥਾਰ ਨਾਲ ਜਾਗਰੂਕ ਕੀਤਾ ਗਿਆ। ਉਨ੍ਹਾਂ ਨੂੰ ਦੱਸਿਆ ਗਿਆ ਕਿ ਭੋਜਨ ਪਦਾਰਥਾਂ ਦੀ ਤਿਆਰੀ, ਸਟੋਰੇਜ, ਪੈਕਿੰਗ ਅਤੇ ਵਿਕਰੀ ਦੌਰਾਨ ਸਫਾਈ ਦੇ ਨਿਰਧਾਰਤ ਮਾਪਦੰਡਾਂ ਦੀ ਪਾਲਣਾ ਕਰਨੀ ਲਾਜ਼ਮੀ ਹੈ। ਡੇਅਰੀ ਸੰਚਾਲਕਾਂ ਤੇ ਮਠਿਆਈ ਵਿਕਰੇਤਾਵਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਸਾਫ਼-ਸੁਥਰੇ ਬਰਤਨਾਂ ਅਤੇ ਉਪਕਰਣਾਂ ਦੀ ਵਰਤੋਂ ਕਰਨ, ਭੋਜਨ ਪਦਾਰਥਾਂ ਨੂੰ ਧੂੜ, ਗੰਦਗੀ, ਕੀੜੇ-ਮਕੌੜਿਆਂ ਅਤੇ ਹੋਰ ਦੂਸ਼ਿਤ ਕਰਨ ਵਾਲੇ ਤੱਤਾਂ ਤੋਂ ਬਚਾ ਕੇ ਰੱਖਣ ਅਤੇ ਦੁੱਧ ਤੇ ਦੁੱਧ ਤੋਂ ਬਣੇ ਪਦਾਰਥਾਂ ਨੂੰ ਲੋੜੀਂਦੇ ਤਾਪਮਾਨ ਤੇ ਸਟੋਰ ਕਰਨ। ਇਸ ਤੋਂ ਇਲਾਵਾ ਕਰਮਚਾਰੀਆਂ ਦੀ ਨਿੱਜੀ ਸਫਾਈ, ਸਾਫ਼ ਪਾਣੀ ਦੀ ਵਰਤੋਂ ਅਤੇ ਕੱਚੇ ਮਾਲ ਦੀ ਗੁਣਵੱਤਾ ਵੱਲ ਵਿਸ਼ੇਸ਼ ਧਿਆਨ ਦੇਣ ਲਈ ਵੀ ਕਿਹਾ ਗਿਆ। ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੰਦੀਪ ਸਿੰਘ ਨੇ ਕਿਹਾ ਕਿ ਫੂਡ ਸੇਫਟੀ ਵਿਭਾਗ ਵੱਲੋਂ ਭੋਜਨ ਪਦਾਰਥਾਂ ਦੀ ਗੁਣਵੱਤਾ ਦੀ ਜਾਂਚ ਦੇ ਨਾਲ-ਨਾਲ ਫੂਡ ਬਿਜ਼ਨਸ ਆਪਰੇਟਰਾਂ ਨੂੰ ਜਾਗਰੂਕ ਕਰਨ ਲਈ ਵੀ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਿਹਤ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਡੇਅਰੀਆਂ, ਮਠਿਆਈਆਂ ਦੀਆਂ ਦੁਕਾਨਾਂ ਅਤੇ ਹੋਰ ਭੋਜਨ ਕਾਰੋਬਾਰਾਂ ਦੀ ਜਾਂਚ ਮੁਹਿੰਮ ਭਵਿੱਖ ਵਿੱਚ ਵੀ ਜਾਰੀ ਰਹੇਗੀ। ਫੂਡ ਸੇਫਟੀ ਟੀਮ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਭੋਜਨ ਪਦਾਰਥ ਖਰੀਦਣ ਸਮੇਂ ਉਨ੍ਹਾਂ ਦੀ ਗੁਣਵੱਤਾ ਅਤੇ ਸਫਾਈ ਵੱਲ ਧਿਆਨ ਦੇਣ ਤੇ ਭੋਜਨ ਸੁਰੱਖਿਆ ਸਬੰਧੀ ਕਿਸੇ ਵੀ ਸ਼ੱਕ ਜਾਂ ਸ਼ਿਕਾਇਤ ਦੀ ਸੂਚਨਾ ਸਿਹਤ ਵਿਭਾਗ ਨੂੰ ਦੇਣ, ਤਾਂ ਜੋ ਸਮੇਂ ਸਿਰ ਲੋੜੀਂਦੀ ਕਾਰਵਾਈ ਕੀਤੀ ਜਾ ਸਕੇ।