ਫੂਡ ਸੇਫ਼ਟੀ ਵਿਭਾਗ ਨੇ ਖਾਧ ਪਦਾਰਥਾਂ ਦੇ ਸੈਂਪਲ ਭਰੇ
ਫੂਡ ਸੇਫ਼ਟੀ ਵਿਭਾਗ ਮੋਗਾ
Publish Date: Mon, 23 Mar 2026 04:24 PM (IST)
Updated Date: Tue, 24 Mar 2026 03:59 AM (IST)
ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਮੋਗਾ : ਫੂਡ ਸੇਫ਼ਟੀ ਵਿਭਾਗ ਮੋਗਾ ਅਤੇ ਸਿਵਲ ਸਰਜਨ ਡਾ. ਰਮਨਦੀਪ ਸਿੰਗਲਾ ਦੇ ਹੁਕਮਾਂ ਅਨੁਸਾਰ ਅਤੇ ਡਾ. ਸੰਦੀਪ ਸਿੰਘ ਦੀ ਅਗਵਾਈ ਹੇਠ ਸ਼ਹਿਰ ਵਿਚ ਖਾਣ-ਪੀਣ ਵਾਲੀਆਂ ਵਸਤਾਂ ਦੀ ਗੁਣਵੱਤਾ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਸੈਂਪਲਿੰਗ ਮੁਹਿੰਮ ਚਲਾਈ ਗਈ। ਇਸ ਦੌਰਾਨ ਫੂਡ ਸੇਫਟੀ ਟੀਮ ਜਿਸ ਵਿਚ ਯੋਗੇਸ਼ ਗੋਇਲ ਅਤੇ ਲਵਦੀਪ ਸਿੰਘ ਸ਼ਾਮਲ ਸਨ, ਵੱਲੋਂ ਕੁੱਲ 11 ਸੈਂਪਲ ਇਕੱਠੇ ਕੀਤੇ ਗਏ। ਇਕੱਠੇ ਕੀਤੇ ਗਏ ਸੈਂਪਲਾਂ ਵਿਚ ਪਨੀਰ, ਦੁੱਧ, ਬੇਸਨ, ਆਟਾ, ਵਰਤਿਆ ਹੋਇਆ ਕੂਕਿੰਗ ਆਇਲ, ਲਾਲ ਮਿਰਚ ਸਾਸ, ਆਈਸ ਕ੍ਰੀਮ ਅਤੇ ਮਿੱਠਾਈਆਂ ਜਿਵੇਂ ਕਿ ਲੱਡੂ ਅਤੇ ਮਿਲਕ ਕੇਕ ਸ਼ਾਮਲ ਹਨ। ਇਹ ਸੈਂਪਲ ਅੰਮ੍ਰਿਤਸਰ ਰੋਡ, ਬੱਸ ਸਟੈਂਡ ਦੇ ਨੇੜੇ ਕੱਚਾ ਦੋਸਾਂਝ ਰੋਡ, ਦੋਸਾਂਝ ਰੋਡ ਅਤੇ ਫਿਰੋਜ਼ਪੁਰ ਰੋਡ ਮੋਗਾ ਦੇ ਵੱਖ-ਵੱਖ ਇਲਾਕਿਆਂ ਤੋਂ ਇਕੱਠੇ ਕੀਤੇ ਗਏ। ਸਾਰੇ ਸੈਂਪਲ ਜਾਂਚ ਲਈ ਲੈਬੋਰਟਰੀ ਨੂੰ ਭੇਜੇ ਗਏ ਹਨ। ਲੈਬ ਦੀ ਰਿਪੋਰਟ ਪ੍ਰਾਪਤ ਹੋਣ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ। ਫੂਡ ਸੇਫ਼ਟੀ ਵਿਭਾਗ ਵੱਲੋਂ ਕਿਹਾ ਗਿਆ ਕਿ ਲੋਕਾਂ ਨੂੰ ਸੁਰੱਖਿਅਤ ਅਤੇ ਸਾਫ਼-ਸੁਥਰਾ ਖਾਣਾ ਪ੍ਰਦਾਨ ਕਰਨਾ ਵਿਭਾਗ ਦੀ ਪ੍ਰਥਮ ਤਰਜ਼ੀਹ ਹੈ ਅਤੇ ਅੱਗੇ ਵੀ ਇਸ ਤਰ੍ਹਾਂ ਦੀਆਂ ਕਾਰਵਾਈਆਂ ਲਗਾਤਾਰ ਜਾਰੀ ਰਹਿਣਗੀਆਂ।