- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈਜ਼

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ : ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈਜ਼ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਬੁੱਧਵਾਰ ਨੂੰ ਮੋਗਾ ਦੀ ਅਨਾਜ ਮੰਡੀ ਦਾ ਦੌਰਾ ਕਰਕੇ ਝੋਨੇ ਦੀ ਖ਼ਰੀਦ ਅਤੇ ਲਿਫਟਿੰਗ ਸੰਬੰਧੀ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਮੰਡੀ ਵਿਚ ਝੋਨਾ ਵੇਚਣ ਆਏ ਕਿਸਾਨਾਂ ਨਾਲ ਗੱਲਬਾਤ ਕਰਕੇ ਖ਼ਰੀਦ ਪ੍ਰਕਿਰਿਆ ਸਬੰਧੀ ਉਨ੍ਹਾਂ ਦੀਆਂ ਮੁਸ਼ਕਲਾਂ ਅਤੇ ਸੁਝਾਅ ਵੀ ਸੁਣੇ। ਇਸ ਮੌਕੇ ਵਿਧਾਇਕ ਮੋਗਾ ਡਾ. ਅਮਨਦੀਪ ਕੌਰ ਅਰੋੜਾ, ਵਿਧਾਇਕ ਧਰਮਕੋਟ ਦਵਿੰਦਰਜੀਤ ਸਿੰਘ ਲਾਡੀ ਢੋਸ, ਚੇਅਰਮੈਨ ਮਾਰਕੀਟ ਕਮੇਟੀ ਹਰਜਿੰਦਰ ਸਿੰਘ ਰੋਡੇ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਸਮੀਰ ਜੈਨ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ। ਇਸ ਮੌਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਖ਼ਰੀਦ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਅਤੇ ਇੰਨ੍ਹਾਂ ਪ੍ਰਬੰਧਾਂ ਦੀ ਲਗਾਤਾਰ ਸਮੀਖਿਆ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਇਸ ਵਾਰ ਝੋਨੇ ਦੀ ਬੰਪਰ ਫ਼ਸਲ ਹੋਣ ਦੀ ਸੰਭਾਵਨਾ ਹੈ ਅਤੇ ਮੰਡੀਆਂ ਵਿਚ ਲਗਾਤਾਰ ਫ਼ਸਲ ਦੀ ਆਮਦ ਹੋ ਰਹੀ ਹੈ। ਸਰਕਾਰ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਕਿਸਾਨਾਂ ਨੂੰ ਮੰਡੀ ਵਿਚ ਆਪਣੀ ਫ਼ਸਲ ਵੇਚਣ ਸਮੇਂ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਕਟਾਰੂਚੱਕ ਨੇ ਦੱਸਿਆ ਕਿ ਹੁਣ ਤੱਕ ਮੰਡੀਆਂ ਦੇ ਅੰਦਰ 8.50 ਲੱਖ ਮੀਟ੍ਰਿਕ ਟਨ ਝੋਨਾ ਪਹੁੰਚਿਆ ਹੈ ਜਿਸ ’ਚੋਂ 7.67 ਲੱਖ ਮੀਟ੍ਰਿਕ ਟਨ ਝੋਨਾ ਖ਼ਰੀਦਿਆ ਜਾ ਚੁੱਕਾ ਹੈ। ਕਿਸਾਨਾਂ ਨੂੰ 1221 ਕਰੋੜ ਰੁਪਏ ਫ਼ਸਲ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਕਿਸਾਨ ਮਜ਼ਦੂਰ ਆੜ੍ਹਤੀਏ, ਮਿਲਰਜ ਕਿਸੇ ਨੂੰ ਵੀ ਦਿੱਕਤ ਨਹੀਂ ਆਵੇਗੀ। ਖ਼ਰੀਦੀ ਗਈ ਫਸਲ ਦੀ ਅਦਾਇਗੀ ਵੀ ਕਿਸਾਨਾਂ ਦੇ ਖਾਤਿਆਂ ਵਿਚ ਨਿਰਧਾਰਤ ਸਮੇਂ ਅੰਦਰ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਾਰਦਾਨੇ, ਕੈਸ਼ ਕ੍ਰੈਡਿਟ ਲਿਮਟ ਸਮੇਤ ਖ਼ਰੀਦ ਨਾਲ ਸਬੰਧਤ ਲੋੜੀਂਦੇ ਪ੍ਰਬੰਧ ਪਹਿਲਾਂ ਹੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਕੇਂਦਰੀ ਪੂਲ ਲਈ ਪੰਜਾਬ ਤੋਂ 180 ਲੱਖ ਮੀਟ੍ਰਿਕ ਟਨ ਚੌਲ ਦੇਣ ਦਾ ਟੀਚਾ ਹੈ, ਜਿਸ ਨੂੰ ਪੂਰਾ ਕਰਨ ਲਈ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ 42786 ਕਰੋੜ ਰੁਪਏ ਆਰਬੀਆਈ ਵੱਲੋਂ ਸੀਸੀਐੱਲ ਮਿਲੀ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਸਪੱਸ਼ਟ ਨਿਰਦੇਸ਼ ਹਨ ਕਿ ਮੰਡੀਆਂ ਵਿਚ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਨਾ ਆਵੇ। ਉਨ੍ਹਾਂ ਕਿਹਾ ਕਿ ਕਿਸਾਨ, ਮਜ਼ਦੂਰ, ਆੜ੍ਹਤੀਏ ਅਤੇ ਮਿਲਰ ਸਾਰੇ ਖ਼ਰੀਦ ਸੀਜ਼ਨ ਦੇ ਅਹਿਮ ਹਿੱਸੇਦਾਰ ਹਨ ਅਤੇ ਕਿਸੇ ਨੂੰ ਵੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਮਿਹਨਤ ਨਾਲ ਪੈਦਾ ਕੀਤੇ ਝੋਨੇ ਦਾ ਇਕ-ਇਕ ਦਾਣਾ ਖ਼ਰੀਦਣ ਲਈ ਵਚਨਬੱਧ ਹੈ ਅਤੇ ਖ਼ਰੀਦੀ ਫ਼ਸਲ ਦੀ ਅਦਾਇਗੀ ਨਿਰਵਿਘਨ ਢੰਗ ਨਾਲ ਯਕੀਨੀ ਬਣਾਈ ਜਾ ਰਹੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਫ਼ਸਲ ਪੂਰੀ ਤਰ੍ਹਾਂ ਪੱਕਣ ਉਪਰੰਤ ਅਤੇ ਨਿਰਧਾਰਤ ਨਮੀ ਦੇ ਮਾਪਦੰਡਾਂ ਅਨੁਸਾਰ ਸੁਕਾ ਕੇ ਹੀ ਮੰਡੀਆਂ ਵਿਚ ਲੈ ਕੇ ਆਉਣ ਤਾਂ ਜੋ ਖ਼ਰੀਦ ਪ੍ਰਕਿਰਿਆ ਵਿਚ ਕਿਸੇ ਕਿਸਮ ਦੀ ਦੇਰੀ ਨਾ ਹੋਵੇ। ਉਨ੍ਹਾਂ ਕਿਹਾ ਕਿ ਜਿੱਥੇ ਵੀ ਕਿਸੇ ਖ਼ਰੀਦ ਕੇਂਦਰ ਵਿਚ ਪ੍ਰਬੰਧਾਂ ਸਬੰਧੀ ਕੋਈ ਕਮੀ ਸਾਹਮਣੇ ਆ ਰਹੀ ਹੈ, ਉਸ ਨੂੰ ਤੁਰੰਤ ਦੂਰ ਕਰਨ ਲਈ ਉਹ ਖੁਦ ਮੰਡੀਆਂ ਦਾ ਦੌਰਾ ਕਰ ਰਹੇ ਹਨ। ਮੋਗਾ ਜ਼ਿਲ੍ਹੇ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਮੋਗਾ ਦੀ ਮੰਡੀ ਵਿਚ ਹੁਣ ਤੱਕ 2,736 ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ ਹੈ, ਜਿਸ ਵਿਚੋਂ 2,048 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ।