ਸੁਪਰੀਮ ਕੌਨਵੈਂਟ ਸਕੂਲ ’ਚ ਰੈੱਡ ਡੇਅ ਦੀਆਂ ਰੌਣਕਾਂ ਸੁਪਰੀਮ ਕੌਨਵੈਂਟ ਸਕੂਲ ਬਿਲਾਸਪੁਰ
Publish Date: Thu, 22 Oct 2026 03:29 PM (IST)
Updated Date: Thu, 22 Oct 2026 03:30 PM (IST)
ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਨਿਹਾਲ ਸਿੰਘ ਵਾਲਾ: ਸੁਪਰੀਮ ਕੌਨਵੈਂਟ ਸਕੂਲ ਬਿਲਾਸਪੁਰ ਮੋਗਾ ਵਿਖੇ ਪ੍ਰੀ-ਪ੍ਰਾਇਮਰੀ ਵਿਭਾਗ ਦੇ ਨੰਨ੍ਹੇ-ਮੁੰਨੇ ਵਿਦਿਆਰਥੀਆਂ ਲਈ ਰੈੱਡ ਡੇਅ ਬੜੇ ਉਤਸ਼ਾਹ, ਚਾਅ ਅਤੇ ਖੁਸ਼ੀਆਂ ਭਰੇ ਮਾਹੌਲ ਵਿਚ ਮਨਾਇਆ ਗਿਆ। ਇਸ ਵਿਸ਼ੇਸ਼ ਦਿਨ ਮੌਕੇ ਸਕੂਲ ਦਾ ਸਮੁੱਚਾ ਪ੍ਰੀ-ਪ੍ਰਾਇਮਰੀ ਵਿੰਗ ਲਾਲ ਰੰਗ ਦੀਆਂ ਰੌਣਕਾਂ ਨਾਲ ਸਜਿਆ ਨਜ਼ਰ ਆਇਆ। ਲਾਲ ਰੰਗ ਦੇ ਮਨਮੋਹਕ ਪਹਿਰਾਵਿਆਂ ਵਿਚ ਸਜੇ ਬੱਚਿਆਂ ਦੀਆਂ ਮੁਸਕਰਾਹਟਾਂ ਨੇ ਸਮਾਗਮ ਨੂੰ ਹੋਰ ਵੀ ਯਾਦਗਾਰੀ ਬਣਾ ਦਿੱਤਾ। ਇਸ ਗਤੀਵਿਧੀ ਦਾ ਮੁੱਖ ਉਦੇਸ਼ ਬੱਚਿਆਂ ਨੂੰ ਲਾਲ ਰੰਗ ਦੀ ਪਛਾਣ ਕਰਵਾਉਣਾ ਅਤੇ ਖੇਡ-ਖੇਡ ਵਿਚ ਸਿੱਖਣ ਦੀ ਪ੍ਰਕਿਰਿਆ ਨੂੰ ਹੋਰ ਦਿਲਚਸਪ ਬਣਾਉਣਾ ਸੀ। ਅਧਿਆਪਕਾਂ ਵੱਲੋਂ ਬੱਚਿਆਂ ਨੂੰ ਲਾਲ ਰੰਗ ਨਾਲ ਸਬੰਧਤ ਵੱਖ-ਵੱਖ ਵਸਤੂਆਂ ਜਿਵੇਂ ਸੇਬ, ਅਨਾਰ, ਟਮਾਟਰ, ਗੁਲਾਬ, ਗੁਬਾਰੇ ਅਤੇ ਖਿਡੌਣਿਆਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਬੱਚਿਆਂ ਲਈ ਰੰਗਾਂ ਦੀ ਪਛਾਣ, ਚਿੱਤਰਕਾਰੀ, ਰੰਗ ਭਰਨ, ਵਸਤੂਆਂ ਦੀ ਪਛਾਣ ਅਤੇ ਹੋਰ ਮਨੋਰੰਜਕ ਗਤੀਵਿਧੀਆਂ ਕਰਵਾਈਆਂ ਗਈਆਂ। ਸਕੂਲ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਚਰਨ ਸਿੰਘ ਸਕੂਲ ਚੇਅਰਮੈਨ ਯੋਗਿੰਦਰ ਪ੍ਰਸਾਦ ਸ਼ਰਮਾ ਤੇ ਪ੍ਰਿੰਸੀਪਲ ਜਸਮੇਲ ਸਿੰਘ ਕਲਸੀ ਨੇ ਇਸ ਮੌਕੇ ਆਪਣੇ ਸੰਦੇਸ਼ ਵਿਚ ਕਿਹਾ ਕਿ ਮੁੱਢਲੀ ਸਿੱਖਿਆ ਦੌਰਾਨ ਬੱਚਿਆਂ ਨੂੰ ਸਿਰਫ਼ ਕਿਤਾਬਾਂ ਤੱਕ ਸੀਮਤ ਰੱਖਣ ਦੀ ਬਜਾਏ ਗਤੀਵਿਧੀਆਂ ਰਾਹੀਂ ਸਿਖਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਰੰਗਾਂ ਨਾਲ ਸਬੰਧਤ ਅਜਿਹੇ ਸਮਾਗਮ ਬੱਚਿਆਂ ਦੇ ਬੌਧਿਕ, ਮਾਨਸਿਕ, ਸਮਾਜਿਕ ਅਤੇ ਰਚਨਾਤਮਕ ਵਿਕਾਸ ਵਿਚ ਅਹਿਮ ਯੋਗਦਾਨ ਪਾਉਂਦੇ ਹਨ। ਜਦੋਂ ਬੱਚੇ ਖੁਸ਼ੀ-ਖੁਸ਼ੀ ਕਿਸੇ ਗਤੀਵਿਧੀ ਵਿਚ ਭਾਗ ਲੈਂਦੇ ਹਨ ਤਾਂ ਉਨ੍ਹਾਂ ਦੀ ਸਿੱਖਣ ਪ੍ਰਤੀ ਦਿਲਚਸਪੀ ਹੋਰ ਵਧਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸੁਪਰੀਮ ਕੌਨਵੈਂਟ ਸਕੂਲ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇ ਨਾਲ-ਨਾਲ ਅਜਿਹਾ ਖੁਸ਼ਨੁਮਾ ਅਤੇ ਸਿਰਜਣਾਤਮਕ ਮਾਹੌਲ ਪ੍ਰਦਾਨ ਕਰਨਾ ਹੈ, ਜਿੱਥੇ ਹਰ ਬੱਚਾ ਆਪਣੀ ਛੁਪੀ ਹੋਈ ਪ੍ਰਤਿਭਾ ਨੂੰ ਨਿਖਾਰ ਸਕੇ। ਅੰਤ ਵਿਚ ਪ੍ਰਿੰਸੀਪਲ ਸਾਹਿਬ ਨੇ ਪ੍ਰੀ-ਪ੍ਰਾਇਮਰੀ ਵਿਭਾਗ ਦੇ ਸਮੂਹ ਅਧਿਆਪਕਾਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਬੱਚਿਆਂ ਦੇ ਮਨਾਂ ਵਿਚ ਸਕੂਲ ਅਤੇ ਸਿੱਖਿਆ ਪ੍ਰਤੀ ਪਿਆਰ ਪੈਦਾ ਕਰਦੇ ਹਨ। ਇਸ ਤਰ੍ਹਾਂ ਰੈੱਡ ਡੇਅ ਦਾ ਇਹ ਸਮਾਗਮ ਨੰਨ੍ਹੇ-ਮੁੰਨੇ ਬੱਚਿਆਂ ਲਈ ਸਿੱਖਿਆ, ਮਨੋਰੰਜਨ ਅਤੇ ਖੁਸ਼ੀਆਂ ਦਾ ਸੁੰਦਰ ਸੁਮੇਲ ਹੋ ਨਿੱਬੜਿਆ।