29 ਅਕਤੂਬਰ ਨੂੰ ਪਤੀ ਦੀ ਲੰਮੀ ਉਮਰ ਅਤੇ ਸੁਖੀ ਵਿਆਹੁਤਾ ਜੀਵਨ ਦੀ ਕਾਮਨਾ ਲਈ ਸੁਹਾਗਣਾਂ ਰੱਖਣਗੀਆਂ ਵਰਤ ਪਤੀ-ਪਤਨੀ ਦੇ ਅਟੁੱਟ ਪਿਆਰ,
Publish Date: Tue, 27 Oct 2026 07:01 PM (IST)
Updated Date: Wed, 28 Oct 2026 04:05 AM (IST)
ਕਰਵਾ ਚੌਥ ਨੂੰ ਲੈ ਕੇ ਮੋਗਾ ਦੇ ਬਾਜ਼ਾਰਾਂ ’ਚ ਵਧੀ ਰੌਣਕ, ਚੂੜੀਆਂ, ਗਹਿਣਿਆਂ ਤੇ ਮੱਠੀਆਂ ਦੀ ਖ਼ਰੀਦਦਾਰੀ ਤੇਜ਼ ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ : ਪਤੀ-ਪਤਨੀ ਦੇ ਅਟੁੱਟ ਪਿਆਰ, ਵਿਸ਼ਵਾਸ ਅਤੇ ਸਮਰਪਣ ਦਾ ਪ੍ਰਤੀਕ ਕਰਵਾ ਚੌਥ ਦਾ ਤਿਉਹਾਰ 29 ਅਕਤੂਬਰ ਨੂੰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਤਿਉਹਾਰ ਨੂੰ ਲੈ ਕੇ ਮੋਗਾ ਦੇ ਬਾਜ਼ਾਰਾਂ ਵਿਚ ਰੌਣਕਾਂ ਵਧਣੀਆਂ ਸ਼ੁਰੂ ਹੋ ਗਈਆਂ ਹਨ। ਮੰਗਲਵਾਰ ਸਵੇਰ ਤੋਂ ਹੀ ਬਾਜ਼ਾਰਾਂ ਵਿਚ ਔਰਤਾਂ ਦੀ ਆਵਾਜਾਈ ਦੇਖਣ ਨੂੰ ਮਿਲੀ, ਜੋ ਦੇਰ ਸ਼ਾਮ ਤੱਕ ਜਾਰੀ ਰਹੀ। ਸੁਹਾਗਣ ਔਰਤਾਂ ਦੇ ਨਾਲ-ਨਾਲ ਮੁਟਿਆਰਾਂ ਨੇ ਵੀ ਕਰਵਾ ਚੌਥ ਦੀਆਂ ਤਿਆਰੀਆਂ ਲਈ ਜੰਮ ਕੇ ਖ਼ਰੀਦਦਾਰੀ ਕੀਤੀ। ਸ਼ਹਿਰ ਦੀਆਂ ਚੂੜੀਆਂ, ਗਹਿਣਿਆਂ, ਸ਼ਿੰਗਾਰ ਸਮੱਗਰੀ, ਕੱਪੜਿਆਂ, ਮਠਿਆਈਆਂ ਅਤੇ ਮਿੱਟੀ ਦੇ ਕਰਵੇ ਵੇਚਣ ਵਾਲੀਆਂ ਦੁਕਾਨਾਂ ’ਤੇ ਗਾਹਕਾਂ ਦੀ ਭੀੜ ਦਿਖਾਈ ਦਿੱਤੀ। ਇਸ ਦੇ ਨਾਲ ਹੀ ਮਹਿੰਦੀ ਲਗਾਉਣ ਵਾਲਿਆਂ ਦੇ ਸਟਾਲਾਂ ’ਤੇ ਵੀ ਔਰਤਾਂ ਅਤੇ ਮੁਟਿਆਰਾਂ ਆਪਣੇ ਹੱਥਾਂ ਨੂੰ ਸੁੰਦਰ ਡਿਜ਼ਾਈਨਾਂ ਨਾਲ ਸਜਾਉਂਦੀਆਂ ਨਜ਼ਰ ਆਈਆਂ। ਗਹਿਣਿਆਂ ਦੇ ਸ਼ੋਅਰੂਮਾਂ ਵਿਚ ਵੀ ਔਰਤਾਂ ਆਪਣੀ ਪਸੰਦ ਦੇ ਗਹਿਣੇ ਦੇਖਦੀਆਂ ਦਿਖਾਈ ਦਿੱਤੀਆਂ। ਦੂਜੇ ਪਾਸੇ, ਹਲਵਾਈਆਂ ਅਤੇ ਬੇਕਰੀ ਦੀਆਂ ਦੁਕਾਨਾਂ ’ਤੇ ਸਰਗੀ ਲਈ ਮਠੀਆਂ, ਫੇਣੀਆਂ ਅਤੇ ਹੋਰ ਖਾਣ-ਪੀਣ ਦੀਆਂ ਵਸਤਾਂ ਖ਼ਰੀਦਣ ਵਾਲਿਆਂ ਦੀ ਚਹਿਲ-ਪਹਿਲ ਰਹੀ। ਕਰਵਾ ਚੌਥ ਦੇ ਤਿਉਹਾਰ ’ਤੇ ਔਰਤਾਂ ਦੇ ਸ਼ਿੰਗਾਰ ਵਿਚ ਚੂੜੀਆਂ ਦਾ ਵਿਸ਼ੇਸ਼ ਸਥਾਨ ਹੁੰਦਾ ਹੈ। ਗਹਿਣਿਆਂ ਤੇ ਚੂੜੀਆਂ ਦੀ ਮਾਮਾ-ਭਾਂਜਾ ਦੁਕਾਨ ਦੇ ਗਗਨਦੀਪ ਰਾਜਾ ਨੇ ਦੱਸਿਆ ਕਿ ਤਿਉਹਾਰ ਨੂੰ ਲੈ ਕੇ ਵੱਖ-ਵੱਖ ਕਿਸਮਾਂ ਦੀਆਂ ਚੂੜੀਆਂ ਦੀ ਮੰਗ ਵਿਚ ਵਾਧਾ ਹੋਇਆ ਹੈ। ਬਾਜ਼ਾਰ ਵਿਚ ਕੱਚ, ਮੈਟਲ, ਲਾਖ, ਅਮਰੀਕਨ ਡਾਇਮੰਡ, ਕੁੰਦਨ, ਪੋਲਕੀ, ਏਡੀ ਅਤੇ ਬੋਰੋਸਿਲ ਗਲਾਸ ਨਾਲ ਬਣੀਆਂ ਚੂੜੀਆਂ ਦੀਆਂ ਕਈ ਕਿਸਮਾਂ ਉਪਲਬਧ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਚੂੜੀਆਂ ਦੀ ਕੀਮਤ 200 ਰੁਪਏ ਤੋਂ ਲੈ ਕੇ 2,000 ਰੁਪਏ ਤੱਕ ਹੈ। ਮਿੱਟੀ ਦੇ ਕਰਵਿਆਂ ਦੀ ਜੋੜੀ 100 ਰੁਪਏ ’ਚ ਪ੍ਰਤਾਪ ਰੋਡ ’ਤੇ ਮਿੱਟੀ ਦੇ ਕਰਵੇ ਵੇਚਣ ਵਾਲੀ ਮੰਜੂ ਦੇਵੀ ਨੇ ਦੱਸਿਆ ਕਿ ਬਾਜ਼ਾਰ ਵਿਚ ਮਿੱਟੀ ਦੇ ਕਰਵਿਆਂ ਦੀ ਇਕ ਜੋੜੀ 100 ਰੁਪਏ ਵਿਚ ਵਿਕ ਰਹੀ ਹੈ, ਜਦਕਿ ਛਾਣਨੀ ਦੀ ਕੀਮਤ 150 ਤੋਂ 350 ਰੁਪਏ ਤੱਕ ਹੈ। ਔਰਤਾਂ ਪੂਜਾ ਲਈ ਕਰਵੇ ਅਤੇ ਹੋਰ ਜ਼ਰੂਰੀ ਸਮੱਗਰੀ ਖ਼ਰੀਦ ਰਹੀਆਂ ਹਨ। ਸਰਗੀ ਵਿਚ ਫ਼ਲ, ਮਠਿਆਈਆਂ, ਮਠੀਆਂ, ਫੇਣੀਆਂ ਅਤੇ ਹੋਰ ਖਾਣ-ਪੀਣ ਦੀਆਂ ਵਸਤਾਂ ਸ਼ਾਮਲ ਕੀਤੀਆਂ ਜਾਂਦੀਆਂ ਹਨ। ਇਸ ਕਾਰਨ ਮਠਿਆਈਆਂ ਅਤੇ ਬੇਕਰੀ ਦੀਆਂ ਦੁਕਾਨਾਂ ’ਤੇ ਗਾਹਕਾਂ ਦੀ ਆਵਾਜਾਈ ਵਧ ਗਈ ਹੈ। ਬਿਗ ਬੇਨ ਦੇ ਐੱਮਡੀ ਅਮੋਲ ਸੂਦ ਨੇ ਦੱਸਿਆ ਕਿ ਕਰਵਾ ਚੌਥ ਲਈ ਸਾਧਾਰਨ ਮਠੀ 280 ਰੁਪਏ ਪ੍ਰਤੀ ਕਿੱਲੋ ਅਤੇ ਦੇਸੀ ਘਿਓ ਨਾਲ ਤਿਆਰ ਮਠੀ 550 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵਿਕ ਰਹੀ ਹੈ। ਇਸੇ ਤਰ੍ਹਾਂ ਦੇਸੀ ਘਿਓ ਨਾਲ ਤਿਆਰ ਫੇਣੀਆਂ ਦੀ ਕੀਮਤ 700 ਰੁਪਏ ਪ੍ਰਤੀ ਕਿੱਲੋ ਹੈ। ਕਰਵਾ ਚੌਥ ਦੀ ਪੂਜਾ ਵਿਚ ਚੰਦਰਮਾ ਦੇ ਦਰਸ਼ਨਾਂ ਦਾ ਵਿਸ਼ੇਸ਼ ਮਹੱਤਵ ਹੈ। ਚੰਦਰਮਾ ਨੂੰ ਅਰਘ ਦੇਣ ਤੋਂ ਬਾਅਦ ਪਤੀ ਦੀ ਲੰਮੀ ਉਮਰ ਅਤੇ ਪਰਿਵਾਰ ਦੀ ਸੁੱਖ-ਸਮ੍ਰਿੱਧੀ ਦੀ ਕਾਮਨਾ ਕੀਤੀ ਜਾਂਦੀ ਹੈ। ਸਨਾਤਨ ਧਰਮ ਸ਼ਿਵ ਮੰਦਰ ਦੇ ਪੁਜਾਰੀ ਪੰਡਤ ਪਵਨ ਗੌਤਮ ਨੇ ਦੱਸਿਆ ਕਿ ਕਰਵਾ ਚੌਥ ਵਾਲੇ ਦਿਨ ਚੰਦਰਮਾ ਦੇ ਦਰਸ਼ਨ ਰਾਤ 8 ਵੱਜ ਕੇ 14 ਮਿੰਟ ’ਤੇ ਹੋਣ ਦੀ ਸੰਭਾਵਨਾ ਹੈ।