- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਸਾਨੀ ਮੰਗਾਂ ਨੂੰ ਲੈ

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਕਿਸਾਨੀ ਮੰਗਾਂ ਨੂੰ ਲੈ ਕੇ ਜਾਰੀ ਮੋਰਚੇ ਦੇ ਪੰਜਵੇਂ ਦਿਨ ਵੀ ਜ਼ਿਲ੍ਹਾ ਮੋਗਾ ਦੀ ਸਮੁੱਚੀ ਟੀਮ ਸਮੇਤ ਕਿਸਾਨ ਆਗੂ ਪੂਰੇ ਦ੍ਰਿੜ ਇਰਾਦੇ ਨਾਲ ਮੋਰਚੇ ਵਿੱਚ ਡਟੇ ਰਹੇ। ਕਿਸਾਨ ਆਗੂਆਂ ਨੇ ਸਪੱਸ਼ਟ ਐਲਾਨ ਕੀਤਾ ਕਿ ਜਦੋਂ ਤੱਕ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਮੰਨ ਕੇ ਉਨ੍ਹਾਂ ਦਾ ਹੱਲ ਨਹੀਂ ਕੀਤਾ ਜਾਂਦਾ, ਉਦੋਂ ਤੱਕ ਸੰਘਰਸ਼ ਨੂੰ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ, ਜ਼ਿਲ੍ਹਾ ਜਨਰਲ ਸਕੱਤਰ ਰਵਿੰਦਰ ਸਿੰਘ ਭੋਲਾ, ਪੰਜਾਬ ਦੇ ਮੀਤ ਪ੍ਰਧਾਨ ਮੋਹਣ ਸਿੰਘ ਜਿੰਦੜਾ, ਜ਼ਿਲ੍ਹਾ ਮੀਤ ਪ੍ਰਧਾਨ ਲਾਭ ਸਿੰਘ ਮਾਣੂੰਕੇ, ਪ੍ਰੇਮ ਪੁਰੀ, ਹਰਨੇਕ ਸਿੰਘ ਫਤਿਹਗੜ੍ਹ, ਮੰਦਰਜੀਤ ਸਿੰਘ ਮਨਾਵਾਂ ਸਮੇਤ ਸਮੁੱਚੇ ਬਲਾਕਾਂ ਦੇ ਅਹੁਦੇਦਾਰ ਅਤੇ ਕਿਸਾਨ ਆਗੂ ਹਾਜ਼ਰ ਸਨ। ਕਿਸਾਨ ਆਗੂਆਂ ਨੇ ਕਿਹਾ ਕਿ ਇਸ ਸਮੇਂ ਝੋਨੇ ਦੀ ਫ਼ਸਲ ਪੂਰੇ ਜੋਬਨ ’ਤੇ ਹੈ ਅਤੇ ਫ਼ਸਲ ਨੂੰ ਲੋੜੀਂਦੇ ਪਾਣੀ ਦੀ ਬੇਹੱਦ ਜ਼ਰੂਰਤ ਹੈ। ਪਰ ਖੇਤੀਬਾੜੀ ਵਾਲੀਆਂ ਬਿਜਲੀ ਲਾਈਨਾਂ ’ਤੇ ਕਿਸਾਨਾਂ ਨੂੰ ਰੋਜ਼ਾਨਾ ਸਿਰਫ਼ 2 ਤੋਂ 3 ਘੰਟੇ ਹੀ ਬਿਜਲੀ ਸਪਲਾਈ ਮਿਲ ਰਹੀ ਹੈ। ਬਾਕੀ ਸਮੇਂ ਬਿਜਲੀ ਬੰਦ ਰਹਿਣ ਕਾਰਨ ਕਿਸਾਨਾਂ ਨੂੰ ਫ਼ਸਲਾਂ ਦੀ ਸਿੰਚਾਈ ਕਰਨ ਵਿਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਗੂਆਂ ਨੇ ਪੰਜਾਬ ਸਰਕਾਰ ਅਤੇ ਬਿਜਲੀ ਵਿਭਾਗ ਤੋਂ ਮੰਗ ਕੀਤੀ ਕਿ ਖੇਤੀਬਾੜੀ ਲਈ ਬਿਜਲੀ ਸਪਲਾਈ ਦੀ ਸਮੱਸਿਆ ਨੂੰ ਤੁਰੰਤ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਨੂੰ ਲੋੜ ਅਨੁਸਾਰ ਬਿਜਲੀ ਸਪਲਾਈ ਨਾ ਮਿਲੀ ਤਾਂ ਝੋਨੇ ਦੀ ਫ਼ਸਲ ਪ੍ਰਭਾਵਿਤ ਹੋ ਸਕਦੀ ਹੈ, ਜਿਸ ਨਾਲ ਕਿਸਾਨਾਂ ਨੂੰ ਆਰਥਿਕ ਨੁਕਸਾਨ ਝੱਲਣਾ ਪੈ ਸਕਦਾ ਹੈ। ਕਿਸਾਨ ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਲਿਆ ਜਾਵੇ ਅਤੇ ਬਿਜਲੀ ਸਪਲਾਈ ਸਮੇਤ ਹੋਰ ਮਸਲਿਆਂ ਦਾ ਤੁਰੰਤ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਮੰਗਾਂ ਪ੍ਰਤੀ ਅਣਦੇਖੀ ਜਾਰੀ ਰੱਖੀ ਤਾਂ ਮੋਰਚੇ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਉਨ੍ਹਾਂ ਦੁਹਰਾਇਆ ਕਿ ਕਿਸਾਨ ਆਪਣੇ ਹੱਕਾਂ ਦੀ ਲੜਾਈ ਤੋਂ ਪਿੱਛੇ ਨਹੀਂ ਹਟਣਗੇ ਅਤੇ ਮੰਗਾਂ ਦੀ ਪੂਰਤੀ ਹੋਣ ਤੱਕ ਪੂਰੀ ਮਜ਼ਬੂਤੀ ਨਾਲ ਮੋਰਚੇ ਵਿੱਚ ਡਟੇ ਰਹਿਣਗੇ। ਇਸ ਮੌਕੇ ਮੋਦਨ ਸਿੰਘ ਨਿਧਾ ਵਾਲਾ, ਸਾਹਿਬ ਸਿੰਘ ਬੋਗੇ ਵਾਲਾ, ਪਿਸ਼ੌਰਾ ਸਿੰਘ, ਬਲਾਕ ਪ੍ਰਧਾਨ ਜਗਸੀਰ ਸਿੰਘ ਜੱਗੀ, ਜਸਵੀਰ ਸਿੰਘ ਚੋਟੀਆਂ, ਸਹਿਜ ਸਿੰਘ, ਮੇਜਰ ਸਿੰਘ ਡਰੋਲੀ, ਸੁਖਦੇਵ ਸਿੰਘ ਸਮਾਧ ਭਾਈ, ਗਗਨ ਸਿੰਘ ਸਮਾਧ ਭਾਈ, ਅਮਰਜੀਤ ਸਿੰਘ ਸਮਾਧ ਭਾਈ ਅਤੇ ਗੁਰਦੇਵ ਸਿੰਘ ਫਤਿਹਗੜ੍ਹ ਸਮੇਤ ਹੋਰ ਕਿਸਾਨ ਆਗੂ ਵੀ ਮੌਜੂਦ ਸਨ।