ਝੋਨੇ ਨੂੰ ਪੱਤਾ ਲਪੇਟ ਸੁੰਡੀ ਨੇ ਘੇਰਿਆ, ਕਿਸਾਨ ਪਰੇਸ਼ਾਨ ਪਿਛਲੇ ਸਾਲ ਝੋਨੇ ਦੀ ਫ਼ਸਲ ਨੂੰ
Publish Date: Fri, 18 Sep 2026 03:40 PM (IST)
Updated Date: Fri, 18 Sep 2026 03:41 PM (IST)
ਖੇਤੀਬਾੜੀ ਵਿਭਾਗ ਤੋਂ ਪ੍ਰਵਾਨਿਤ ਕੀਟਨਾਸ਼ਕਾਂ ਦੀ ਹੀ ਵਰਤੋਂ ਕਰਨ ਕਿਸਾਨ ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ : ਪਿਛਲੇ ਸਾਲ ਝੋਨੇ ਦੀ ਫ਼ਸਲ ਨੂੰ ਵੱਖ-ਵੱਖ ਬਿਮਾਰੀਆਂ ਅਤੇ ਕੀਟਾਂ ਕਾਰਨ ਹੋਏ ਨੁਕਸਾਨ ਤੋਂ ਬਾਅਦ ਇਸ ਵਾਰ ਕਿਸਾਨਾਂ ਨੇ ਝੋਨੇ ਦੀ ਫ਼ਸਲ ਤੋਂ ਵਧੀਆ ਝਾੜ ਦੀ ਉਮੀਦ ਲਾਈ ਹੋਈ ਸੀ। ਮੌਜੂਦਾ ਸੀਜ਼ਨ ਦੌਰਾਨ ਕਈ ਖੇਤਰਾਂ ਵਿਚ ਝੋਨੇ ਦੀ ਫ਼ਸਲ ਚੰਗੀ ਹਾਲਤ ਵਿਚ ਹੋਣ ਕਾਰਨ ਕਿਸਾਨਾਂ ਦੇ ਚਿਹਰਿਆਂ ’ਤੇ ਖੁਸ਼ੀ ਨਜ਼ਰ ਆ ਰਹੀ ਸੀ ਅਤੇ ਇਸ ਵਾਰ ਬੰਪਰ ਪੈਦਾਵਾਰ ਹੋਣ ਦੀਆਂ ਆਸਾਂ ਬਣੀਆਂ ਹੋਈਆਂ ਸਨ। ਪਰ ਹੁਣ ਪਸੇਤੇ ਝੋਨੇ ਦੇ ਖੇਤਾਂ ਵਿਚ ਪੱਤਾ ਲਪੇਟ ਸੁੰਡੀ ਦਾ ਹਮਲਾ ਨਜ਼ਰ ਆਉਣ ਕਾਰਨ ਕਿਸਾਨਾਂ ਦੀ ਚਿੰਤਾ ਵਧ ਗਈ ਹੈ। ਕਿਸਾਨ ਜਥੇਬੰਦੀਆਂ ਦੇ ਆਗੂ ਬੇਅੰਤ ਸਿੰਘ ਮੱਲੇਆਣਾ ਨੇ ਦੱਸਿਆ ਕਿ ਪਸੇਤੇ ਝੋਨੇ ਦੀ ਫ਼ਸਲ ਇਸ ਸਮੇਂ ਪੱਕਣ ਵੱਲ ਵਧ ਰਹੀ ਹੈ। ਅਜਿਹੇ ਸਮੇਂ ਵਿਚ ਕਿਸਾਨਾਂ ਵੱਲੋਂ ਆਪਣੇ ਖੇਤਾਂ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ। ਕਈ ਖੇਤਾਂ ਵਿਚ ਝੋਨੇ ਦੇ ਪੱਤੇ ਲਪੇਟੇ ਹੋਏ ਦਿਖਾਈ ਦੇ ਰਹੇ ਹਨ, ਜਿਸ ਕਾਰਨ ਕਿਸਾਨ ਪੱਤਾ ਲਪੇਟ ਸੁੰਡੀ ਦੇ ਹਮਲੇ ਨੂੰ ਲੈ ਕੇ ਚਿੰਤਤ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਇਸ ਕੀਟ ਦੀ ਪਛਾਣ ਕਰਕੇ ਢੁੱਕਵੇਂ ਕਦਮ ਨਾ ਚੁੱਕੇ ਗਏ ਤਾਂ ਇਸ ਦਾ ਅਸਰ ਫ਼ਸਲ ਦੇ ਝਾੜ ’ਤੇ ਪੈ ਸਕਦਾ ਹੈ। ਕਿਸਾਨ ਅਵਤਾਰ ਸਿੰਘ ਅਤੇ ਸਿੰਦਰ ਸਿੰਘ ਨੇ ਕਿਹਾ ਪੱਤਾ ਲਪੇਟ ਸੁੰਡੀ ਵੱਲੋਂ ਝੋਨੇ ਦੇ ਪੱਤਿਆਂ ਨੂੰ ਲਪੇਟ ਕੇ ਉਨ੍ਹਾਂ ਦੇ ਅੰਦਰ ਰਹਿ ਕੇ ਪੱਤੇ ਦੇ ਹਰੇ ਹਿੱਸੇ ਨੂੰ ਖਾਣ ਕਾਰਨ ਪੌਦੇ ਦੀ ਖੁਰਾਕ ਤਿਆਰ ਕਰਨ ਦੀ ਸਮਰੱਥਾ ਪ੍ਰਭਾਵਿਤ ਹੋ ਸਕਦੀ ਹੈ। ਇਸ ਕਾਰਨ ਕਿਸਾਨਾਂ ਲਈ ਖੇਤਾਂ ਵਿਚ ਕੀਟ ਦੀ ਮੌਜੂਦਗੀ ਦੀ ਸਮੇਂ ਸਿਰ ਪਛਾਣ ਕਰਨਾ ਅਹਿਮ ਹੋ ਜਾਂਦਾ ਹੈ। ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਸਿਰਫ਼ ਪੱਤੇ ਲਪੇਟੇ ਹੋਣ ਦੇ ਆਧਾਰ ’ਤੇ ਤੁਰੰਤ ਸਪਰੇਅ ਕਰਨ ਦੀ ਬਜਾਏ ਖੇਤੀਬਾੜੀ ਮਾਹਿਰਾਂ ਦੀ ਸਲਾਹ ਲੈਣ। ਖੇਤੀਬਾੜੀ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਕਿਸੇ ਵੀ ਕੀਟ ਦੀ ਮੌਜੂਦਗੀ ਦੇਖਦਿਆਂ ਆਪਣੀ ਮਰਜ਼ੀ ਨਾਲ ਦਵਾਈ ਦੀ ਚੋਣ ਨਾ ਕੀਤੀ ਜਾਵੇ। ਖੇਤ ਵਿੱਚ ਕੀਟ ਦੀ ਸਹੀ ਪਛਾਣ ਅਤੇ ਹਮਲੇ ਦੀ ਗੰਭੀਰਤਾ ਦੇਖਣ ਤੋਂ ਬਾਅਦ ਹੀ ਵਿਭਾਗ ਦੀ ਸਿਫ਼ਾਰਸ਼ ਅਨੁਸਾਰ ਕਾਰਵਾਈ ਕੀਤੀ ਜਾਵੇ। ਬੇਲੋੜੀ ਅਤੇ ਵਾਰ-ਵਾਰ ਕੀਤੀ ਜਾਣ ਵਾਲੀ ਸਪਰੇਅ ਨਾਲ ਕਿਸਾਨਾਂ ਦਾ ਖ਼ਰਚਾ ਵਧਣ ਦੇ ਨਾਲ-ਨਾਲ ਲਾਭਦਾਇਕ ਕੀਟਾਂ ’ਤੇ ਵੀ ਮਾੜਾ ਪ੍ਰਭਾਵ ਪੈ ਸਕਦਾ ਹੈ। ਕਿਸਾਨਾਂ ਨੂੰ ਵਿਸ਼ੇਸ਼ ਤੌਰ ’ਤੇ ਹਦਾਇਤ ਕੀਤੀ ਜਾ ਰਹੀ ਹੈ ਕਿ ਝੋਨੇ ਵਿੱਚ ਕਿਸੇ ਵੀ ਕੀਟਨਾਸ਼ਕ ਦੀ ਵਰਤੋਂ ਕਰਨ ਤੋਂ ਪਹਿਲਾਂ ਖੇਤੀਬਾੜੀ ਵਿਭਾਗ ਜਾਂ ਖੇਤੀਬਾੜੀ ਮਾਹਿਰਾਂ ਤੋਂ ਸਲਾਹ ਜ਼ਰੂਰ ਲਈ ਜਾਵੇ। ਸਿਰਫ਼ ਖੇਤੀਬਾੜੀ ਵਿਭਾਗ ਤੋਂ ਪ੍ਰਵਾਨਿਤ ਅਤੇ ਸਿਫ਼ਾਰਸ਼ ਕੀਤੇ ਕੀਟਨਾਸ਼ਕਾਂ ਦੀ ਹੀ ਵਰਤੋਂ ਕੀਤੀ ਜਾਵੇ ਅਤੇ ਦਵਾਈ ਦੀ ਮਾਤਰਾ ਅਤੇ ਸਪਰੇਅ ਕਰਨ ਦੇ ਢੰਗ ਸਬੰਧੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ। ਕਿਸਾਨਾਂ ਦੀ ਬੰਪਰ ਝਾੜ ਦੀ ਆਸ ਨੂੰ ਝਟਕਾ ਨਾ ਲੱਗੇ ਕਿਸਾਨਾਂ ਨੇ ਕਿਹਾ ਕਿ ਇਸ ਵਾਰ ਝੋਨੇ ਦੀ ਫ਼ਸਲ ਦੀ ਸ਼ੁਰੂਆਤੀ ਹਾਲਤ ਚੰਗੀ ਹੋਣ ਕਾਰਨ ਉਨ੍ਹਾਂ ਨੂੰ ਬੰਪਰ ਝਾੜ ਦੀ ਉਮੀਦ ਸੀ। ਪਿਛਲੇ ਸਾਲ ਹੋਏ ਨੁਕਸਾਨ ਦੀ ਭਰਪਾਈ ਕਰਨ ਲਈ ਵੀ ਕਿਸਾਨ ਇਸ ਵਾਰ ਚੰਗੀ ਪੈਦਾਵਾਰ ਦੀ ਉਡੀਕ ਕਰ ਰਹੇ ਹਨ। ਅਜਿਹੇ ਵਿਚ ਪਸੇਤੇ ਝੋਨੇ ਵਿਚ ਪੱਤਾ ਲਪੇਟ ਸੁੰਡੀ ਦੀ ਸਮੱਸਿਆ ਸਾਹਮਣੇ ਆਉਣ ਨਾਲ ਕਿਸਾਨਾਂ ਵਿੱਚ ਚਿੰਤਾ ਪੈਦਾ ਹੋਣਾ ਸੁਭਾਵਿਕ ਹੈ। ਕਿਸਾਨਾਂ ਨੇ ਖੇਤੀਬਾੜੀ ਵਿਭਾਗ ਤੋਂ ਮੰਗ ਕੀਤੀ ਹੈ ਕਿ ਪਿੰਡ ਪੱਧਰ ’ਤੇ ਖੇਤਾਂ ਦਾ ਨਿਰੀਖਣ ਕਰਕੇ ਕਿਸਾਨਾਂ ਨੂੰ ਕੀਟ ਦੀ ਪਛਾਣ, ਰੋਕਥਾਮ ਅਤੇ ਸਪਰੇਅ ਸਬੰਧੀ ਵਿਗਿਆਨਕ ਜਾਣਕਾਰੀ ਦਿੱਤੀ ਜਾਵੇ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਮਾਹਿਰਾਂ ਦੀ ਸਲਾਹ ਅਤੇ ਸਹੀ ਤਕਨੀਕੀ ਜਾਣਕਾਰੀ ਮਿਲਦੀ ਰਹੇ ਤਾਂ ਫ਼ਸਲ ਨੂੰ ਬੇਲੋੜੇ ਨੁਕਸਾਨ ਤੋਂ ਬਚਾਇਆ ਜਾ ਸਕਦਾ ਹੈ। ਖੇਤੀਬਾੜੀ ਮਾਹਿਰਾਂ ਅਨੁਸਾਰ ਕਿਸਾਨ ਇਸ ਸਮੇਂ ਘਬਰਾਉਣ ਦੀ ਬਜਾਏ ਖੇਤਾਂ ਦਾ ਨਿਯਮਤ ਨਿਰੀਖਣ ਕਰਨ ਅਤੇ ਕਿਸੇ ਵੀ ਸ਼ੱਕੀ ਕੀਟ ਜਾਂ ਬਿਮਾਰੀ ਦੇ ਲੱਛਣ ਨਜ਼ਰ ਆਉਣ ’ਤੇ ਤੁਰੰਤ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕਰਨ। ਇਸ ਨਾਲ ਜਿੱਥੇ ਫ਼ਸਲ ਦੀ ਸਹੀ ਸੰਭਾਲ ਹੋ ਸਕੇਗੀ, ਉੱਥੇ ਬਿਨਾਂ ਲੋੜ ਕੀਤੀ ਜਾਣ ਵਾਲੀ ਸਪਰੇਅ ਅਤੇ ਵਾਧੂ ਖ਼ਰਚੇ ਤੋਂ ਵੀ ਬਚਿਆ ਜਾ ਸਕੇਗਾ।