ਡੀਐੱਸਪੀ ਦਫ਼ਤਰ ਧਰਮਕੋਟ ਅੱਗੇ ਕਿਸਾਨਾਂ ਤੇ ਮਜ਼ਦੂਰਾਂ ਨੇ ਲਾਇਆ ਧਰਨਾ
ਕਿਸਾਨਾਂ ਅਤੇ ਮਜ਼ਦੂਰਾਂ ਨਾਲ ਹੋ ਰਹੀਆਂ
Publish Date: Mon, 30 Mar 2026 05:32 PM (IST)
Updated Date: Tue, 31 Mar 2026 04:05 AM (IST)

ਆੜ੍ਹਤੀਏ ਖ਼ਿਲਾਫ਼ ਸਖ਼ਤ ਕਾਰਵਾਈ ਤੇ ਜ਼ਮੀਨ ਵਾਪਸੀ ਦੀ ਮੰਗ ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ: ਕਿਸਾਨਾਂ ਅਤੇ ਮਜ਼ਦੂਰਾਂ ਨਾਲ ਹੋ ਰਹੀਆਂ ਨਾ ਇੰਨਸਾਫ਼ੀਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਕਿਸਾਨਾਂ, ਮਜ਼ਦੂਰਾਂ ਅਤੇ ਔਰਤਾਂ ਵੱਲੋਂ ਡੀਐੱਸਪੀ ਦਫ਼ਤਰ ਧਰਮਕੋਟ ਅੱਗੇ ਧਰਨਾ ਲਗਾਇਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਧਰਨਾ ਕਾਰੀ ਆਗੂਆਂ ਨੇ ਦੱਸਿਆ ਕਿ ਜੇਕਰ ਪ੍ਰਸ਼ਾਸਨ ਵੱਲੋਂ ਤੁਰੰਤ ਇਨਸਾਫ਼ ਨਾ ਦਿੱਤਾ ਗਿਆ ਤਾਂ ਇਸ ਧਰਨੇ ਨੂੰ ਰਾਤ-ਦਿਨ ਦੇ ਪੱਕੇ ਮੋਰਚੇ ਵਿਚ ਤਬਦੀਲ ਕਰ ਦਿੱਤਾ ਜਾਵੇਗਾ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਸਤਨਾਮ ਸਿੰਘ ਪੰਨੂ, ਸੂਬਾ ਜਨਰਲ ਸਕੱਤਰ ਰਾਣਾ ਰਣਬੀਰ ਸਿੰਘ ਠੱਠਾ ਅਤੇ ਹਰਮੰਦਰ ਸਿੰਘ ਡੇਮਰੂ ਨੇ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਕਿਸ਼ਨਪੁਰਾ ਕਲਾਂ ਦੇ ਕਿਸਾਨ ਜਸਵਿੰਦਰ ਸਿੰਘ ਨਾਲ ਆੜ੍ਹਤੀਏ ਮੱਘਰ ਸਿੰਘ ਵੱਲੋਂ ਕਰਜ਼ੇ ਦੇ ਨਾਂ ’ਤੇ ਧੋਖਾਧੜ੍ਹੀ ਕੀਤੀ ਗਈ। ਉਨ੍ਹਾਂ ਕਿਹਾ ਕਿ ਸਾਲ 2009 ਵਿਚ ਕਰਜ਼ਾ ਦੇਣ ਦੇ ਬਹਾਨੇ ਕਿਸਾਨ ਦੀ ਇਕ ਏਕੜ ਜ਼ਮੀਨ ਦੀ ਰਜਿਸਟਰੀ ਆਪਣੇ ਨਾਮ ਕਰਵਾ ਲਈ ਗਈ ਸੀ ਜੋ ਕਿ ਇਕ ਸੋਚੀ ਸਮਝੀ ਸਾਜ਼ਿਸ਼ ਦਾ ਹਿੱਸਾ ਸੀ। ਆਗੂਆਂ ਨੇ ਦੱਸਿਆ ਕਿ ਸਾਲ 2012 ਵਿਚ ਕਿਸਾਨ ਜਸਵਿੰਦਰ ਸਿੰਘ ਵੱਲੋਂ ਲਗਭਗ 10 ਲੱਖ ਰੁਪਏ ਵਾਪਸ ਕਰ ਦਿੱਤੇ ਗਏ ਸਨ ਪਰ ਇਸਦੇ ਬਾਵਜੂਦ ਆੜ੍ਹਤੀਏ ਨੇ ਆਪਣਾ ਵਾਅਦਾ ਤੋੜਦਿਆਂ ਜ਼ਮੀਨ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਧੋਖੇ ਅਤੇ ਲੰਬੇ ਸਮੇਂ ਤੱਕ ਚੱਲੀ ਮਾਨਸਿਕ ਪੀੜਾ ਕਾਰਨ ਕਿਸਾਨ ਜਸਵਿੰਦਰ ਸਿੰਘ 2019 ਵਿਚ ਖੁਦਕੁਸ਼ੀ ਕਰਨ ਲਈ ਮਜ਼ਬੂਰ ਹੋ ਗਿਆ ਜੋ ਕਿ ਇਕ ਬਹੁਤ ਹੀ ਦੁਖਦਾਈ ਅਤੇ ਸਮਾਜ ਲਈ ਚਿੰਤਾਜਨਕ ਘਟਨਾ ਸੀ। ਉਨ੍ਹਾਂ ਅੱਗੇ ਦੱਸਿਆ ਕਿ ਕਿਸਾਨ ਦੀ ਮੌਤ ਤੋਂ ਬਾਅਦ ਪਰਿਵਾਰ ਵੱਲੋਂ ਆੜ੍ਹਤੀਏ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਗਈ ਸੀ ਪਰ ਉਸ ਸਮੇਂ ਪਿੰਡ ਦੇ ਕੁੱਝ ਮੱਧਸਥਾਂ ਨੇ ਦਖ਼ਲ ਦੇ ਕੇ ਜ਼ਮੀਨ ਵਾਪਸ ਕਰਵਾਉਣ ਅਤੇ ਪਰਿਵਾਰ ਦੀ ਮਦਦ ਕਰਨ ਦਾ ਭਰੋਸਾ ਦਿੱਤਾ, ਜਿਸ ਦੇ ਆਧਾਰ ’ਤੇ ਮ੍ਰਿਤਕ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਪਰ ਦੁੱਖ ਦੀ ਗੱਲ ਇਹ ਹੈ ਕਿ ਅੱਜ ਤੱਕ ਨਾ ਤਾਂ ਆੜ੍ਹਤੀਏ ਨੇ ਆਪਣਾ ਵਾਅਦਾ ਨਿਭਾਇਆ ਹੈ ਅਤੇ ਨਾ ਹੀ ਪ੍ਰਸ਼ਾਸਨ ਨੇ ਕੋਈ ਢੰਗ ਦੀ ਕਾਰਵਾਈ ਕੀਤੀ ਹੈ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਪੀੜਤ ਪਰਿਵਾਰ ਵਿਧਵਾ ਹਰਜੀਤ ਕੌਰ ਅਤੇ ਉਸਦੇ ਬੱਚੇ ਪਿਛਲੇ ਕਈ ਸਾਲਾਂ ਤੋਂ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ। ਉਨ੍ਹਾਂ ਵੱਲੋਂ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੂੰ ਬਾਰਬਾਰ ਲਿਖ਼ਤੀ ਬੇਨਤੀਆਂ ਦੇਣ ਦੇ ਬਾਵਜ਼ੂਦ ਵੀ ਕੋਈ ਇਨਸਾਫ਼ ਨਹੀਂ ਮਿਲਿਆ ਜਿਸ ਕਾਰਨ ਲੋਕਾਂ ਵਿਚ ਪ੍ਰਸ਼ਾਸਨ ਖ਼ਿਲਾਫ਼ ਗੁੱਸਾ ਵਧਦਾ ਜਾ ਰਿਹਾ ਹੈ। ਧਰਨਾਕਾਰੀਆਂ ਨੇ ਮੁੱਖ ਮੰਗਾਂ ਰੱਖਦਿਆਂ ਕਿਹਾ ਕਿ ਆੜ੍ਹਤੀਏ ਮੱਘਰ ਸਿੰਘ ਖ਼ਿਲਾਫ਼ ਤੁਰੰਤ ਫੌਜਦਾਰੀ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਕਿਸਾਨ ਦੀ ਇਕ ਏਕੜ ਜ਼ਮੀਨ ਤੁਰੰਤ ਉਸਦੇ ਪਰਿਵਾਰ ਦੇ ਨਾਮ ਵਾਪਸ ਕੀਤੀ ਜਾਵੇ। ਇਸ ਤੋਂ ਇਲਾਵਾ ਮੰਜ਼ਲੀ ਪਿੰਡ ਵਿਚ ਰੇਤਾ ਸਬੰਧੀ ਦਰਜ ਕੀਤੇ ਮਾਮਲੇ ਅਤੇ ਪਰਾਲੀ ਸਾੜਨ ਦੇ ਕੇਸਾਂ ਨੂੰ ਵੀ ਮੰਨੀ ਮੰਗਾਂ ਅਨੁਸਾਰ ਰੱਦ ਕਰਨ ਦੀ ਮੰਗ ਕੀਤੀ ਗਈ। ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਾ ਲਿਆ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਇਹ ਧਰਨਾ ਪੂਰੇ ਇਲਾਕੇ ਵਿਚ ਵੱਡੇ ਪੱਧਰ ’ਤੇ ਅੰਦੋਲਨ ਦਾ ਰੂਪ ਧਾਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਜ਼ਿਲ੍ਹਾ ਆਗੂ ਅਵਤਾਰ ਸਿੰਘ, ਧਰਮ ਸਿੰਘ ਵਾਲਾ, ਗੁਰਦੇਵ ਸਿੰਘ ਸਾਹ ਵਾਲਾ, ਗੁਰਮੇਲ ਸਿੰਘ ਲੋਹਗੜ੍ਹ, ਸੋਹਣ ਸਿੰਘ ਰਾਮੂਵਾਲਾ, ਰਣਜੀਤ ਸਿੰਘ ਬੁੱਟਰ, ਬਲਵੰਤ ਸਿੰਘ ਕਿਸ਼ਨਪੁਰਾ, ਗੁਰਭੇਜ ਸਿੰਘ ਸਾਹ ਵਾਲਾ, ਕਪੂਰ ਸਿੰਘ ਕੰਬੋਜ, ਹੀਰਾ ਸਿੰਘ, ਬਲਵਿੰਦਰ ਸਿੰਘ ਕੋਕਰੀ, ਨਛੱਤਰ ਸਿੰਘ ਹੇਰ ਅਤੇ ਹਰਨੇਕ ਸਿੰਘ ਡੇਮਰੂ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ, ਮਜ਼ਦੂਰ ਅਤੇ ਔਰਤਾਂ ਮੌਜੂਦ ਸਨ।