ਖੇਤਰੀ ਬਿਜਲੀ ਤੋਂ ਸਤਾਏ ਕਿਸਾਨਾਂ ਨੇ ਜਾਮ ਕੀਤਾ ਬਾਘਾਪੁਰਾਣਾ-ਮੋਗਾ ਰੋਡ ਖ਼ੇਤਰ ਵਿਚ ਬਿਜਲੀ ਦੀ ਸਮੱਸਿਆ ਤੋਂ ਪਰੇਸ਼ਾਨ
Publish Date: Thu, 10 Sep 2026 05:53 PM (IST)
Updated Date: Thu, 10 Sep 2026 05:55 PM (IST)
ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਧਰਨਾ, ਕਿਸਾਨਾਂ ਵੱਲੋਂ ਸਰਕਾਰ ਤੇ ਬਿਜਲੀ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਪਵਨ ਗਰਗ, ਪੰਜਾਬੀ ਜਾਗਰਣ ਬਾਘਾਪੁਰਾਣਾ : ਖ਼ੇਤਰ ਵਿਚ ਬਿਜਲੀ ਦੀ ਸਮੱਸਿਆ ਤੋਂ ਪਰੇਸ਼ਾਨ ਕਿਸਾਨਾਂ ਨੇ ਆਪਣੀਆਂ ਮੰਗਾਂ ਅਤੇ ਮੁਸ਼ਕਲਾਂ ਨੂੰ ਲੈ ਕੇ ਬਾਘਾਪੁਰਾਣਾ-ਮੋਗਾ ਰੋਡ ਜਾਮ ਕਰਕੇ 11 ਤੋਂ ਦੁਪਹਿਰ 2 ਵਜੇ ਤੱਕ ਰੋਸ ਪ੍ਰਦਰਸ਼ਨ ਕੀਤਾ। ਕਿਰਤੀ ਕਿਸਾਨ ਯੂਨੀਅਨ ਵੱਲੋਂ ਵੱਖ ਵੱਖ ਜਥੇਬੰਦੀਆਂ ਦੀ ਅਗਵਾਈ ਹੇਠ ਲਗਾਏ ਗਏ ਧਰਨੇ ਦੌਰਾਨ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਸ਼ਮੂਲੀਅਤ ਕਰਦਿਆਂ ਬਿਜਲੀ ਸਪਲਾਈ ਨੂੰ ਲੈ ਕੇ ਆਪਣਾ ਰੋਸ ਪ੍ਰਗਟ ਕੀਤਾ। ਧਰਨੇ ਦੌਰਾਨ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਚਮਕੌਰ ਸਿੰਘ ਰੋਡੇ ਅਤੇ ਬਲਕਰਨ ਸਿੰਘ ਵੈਰੋਕੇ ਆਦਿ ਕਿਸਾਨਾਂ ਨੇ ਕਿਹਾ ਕਿ ਖੇਤੀਬਾੜੀ ਲਈ ਬਿਜਲੀ ਦੀ ਨਿਰਵਿਘਨ ਸਪਲਾਈ ਬਹੁਤ ਜ਼ਰੂਰੀ ਹੈ ਪਰ ਬਿਜਲੀ ਸਬੰਧੀ ਆ ਰਹੀਆਂ ਮੁਸ਼ਕਲਾਂ ਕਾਰਨ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਬਿਜਲੀ ਦੀ ਘਾਟ ਜਾਂ ਅਣਸੁਖਾਵੀਂ ਸਪਲਾਈ ਕਾਰਨ ਖੇਤੀਬਾੜੀ ਦੇ ਕੰਮ ਪ੍ਰਭਾਵਿਤ ਹੋ ਰਹੇ ਹਨ ਅਤੇ ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਦੀ ਸਿੰਚਾਈ ਲਈ ਮੁਸ਼ਕਲਾਂ ਝੱਲਣੀਆਂ ਪੈ ਰਹੀਆਂ ਹਨ। ਇਸ ਮੌਕੇ ਕਿਸਾਨਾਂ ਵੱਲੋਂ ਬਿਜਲੀ ਵਿਭਾਗ ਅਤੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਰੋਡ ਜਾਮ ਹੋਣ ਕਾਰਨ ਬਾਘਾਪੁਰਾਣਾ-ਮੋਗਾ ਮਾਰਗ ’ਤੇ ਆਵਾਜਾਈ ਵੀ ਪ੍ਰਭਾਵਿਤ ਹੋਈ। ਧਰਨਾਕਾਰੀ ਕਿਸਾਨਾਂ ਨੇ ਮੰਗ ਕੀਤੀ ਕਿ ਖੇਤੀਬਾੜੀ ਲਈ ਲੋੜੀਂਦੀ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ ਅਤੇ ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਤੁਰੰਤ ਹੱਲ ਕੀਤਾ ਜਾਵੇ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਪਹਿਲਾਂ ਹੀ ਵੱਖ-ਵੱਖ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ, ਇਸ ਲਈ ਬਿਜਲੀ ਸਬੰਧੀ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲੈ ਕੇ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਧਰਨੇ ਦੌਰਾਨ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਕਿਸਾਨਾਂ ਦੇ ਹੱਕਾਂ ਅਤੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਲਈ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਿਆ ਅਤੇ ਖੇਤਰੀ ਬਿਜਲੀ ਦੀ ਸਪਲਾਈ ਨਿਰਵਿਘਨ 8 ਘੰਟੇ ਚਾਲੂ ਕਰਨ ਦੀ ਮੰਗ ਕੀਤੀ। ਇਸ ਮੌਕੇ ਐਕਸੀਅਨ ਵੱਲੋਂ ਭਰੋਸਾ ਦੁਆਇਆ ਗਿਆ ਕਿ ਕੱਲ੍ਹ ਤੱਕ ਬਿਜਲੀ ਦਾ ਪੂਰਨ ਪ੍ਰਬੰਧ ਕੀਤਾ ਜਾਵੇਗਾ। ਇਸ ਮੌਕੇ ਡੀਐੱਸਪੀ ਬਾਘਾਪੁਰਾਣਾ ਅਤੇ ਐੱਸਐੱਚਓ ਬਾਘਾਪੁਰਾਣਾ ਵੀ ਹਾਜ਼ਰ ਸੀ। ਇਸ ਦੌਰਾਨ ਕਿਸਾਨ ਜਥੇਬੰਦੀਆਂ ਵੱਲੋਂ ਫੈਸਲਾ ਇਹ ਕੀਤਾ ਗਿਆ ਹੈ ਕਿ ਜੇਕਰ ਕੱਲ੍ਹ ਤੱਕ ਬਿਜਲੀ ਦਾ ਕੋਈ ਪੁਖ਼ਤਾ ਪ੍ਰਬੰਧ ਨਹੀਂ ਹੁੰਦਾ ਹੈ ਤਾਂ 12 ਸਤੰਬਰ ਨੂੰ ਬਾਘਾਪੁਰਾਣਾ ਦੇ ਮੁੱਖ ਚੌਂਕ ’ਚ ਧਰਨਾ ਲਾਇਆ ਜਾਵੇਗਾ, ਜਿਸ ਦਾ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ, ਪੰਜਾਬ ਸਰਕਾਰ ਤੇ ਬਿਜਲੀ ਬੋਰਡ ਹੋਵੇਗਾ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਚਮਕੌਰ ਸਿੰਘ ਰੋਡੇ, ਯੂਥ ਵਿੰਗ ਆਗੂ ਬਲਕਰਨ ਸਿੰਘ ਵੈਰੋਕੇ, ਬੀਕੇਯੂ ਉਗਰਾਹਾ ਦੇ ਇਕਬਾਲ ਸਿੰਘ, ਨਛੱਤਰ ਸਿੰਘ ਡੇਮਰੂ, ਬਲਵੀਰ ਸਿੰਘ ਘਾਲੀ ਸਮਾਲਸਰ, ਬੀਕੇਯੂ ਖੋਸਾ ਦੇ ਕੋਮਲ ਸਿੰਘ ਆਲਮਵਾਲਾ,ਸਘੰਰਸ਼ ਕਮੇਟੀ ਦੇ ਜੀਰ ਸਿੰਘ ਆਲਮਵਾਲਾ, ਕਿਰਤੀ ਕਿਸਾਨ ਯੂਨੀਅਨ ਦੇ ਸਾਥੀ ਬੂਟਾ ਸਿੰਘ, ਕੁਲਵੰਤ ਸਿੰਘ ਰਾਜੇਆਣਾ, ਨਿਰਮਲ ਸਿੰਘ, ਕਰਨੈਲ ਸਿੰਘ, ਨੱਥੂਵਾਲਾ ਗਰਬੀ , ਅਮਨਪ੍ਰੀਤ ਸਿੰਘ, ਫ਼ਤਹਿ ਸਿੰਘ, ਅੰਗਰੇਜ ਸਿੰਘ, ਗੁਰਪ੍ਰੀਤ ਸਿੰਘ, ਸਤਨਾਮ ਸਿੰਘ ਵੈਰੋਕੇ ਮੋਹਲਾ ਸਿੰਘ, ਕੁਲਦੀਪ ਸਿੰਘ ਰੋਡੇ, ਹਰੀ ਸਿੰਘ, ਆਤਮਾ ਸਿੰਘ ਲੰਡੇ ਅਤੇ ਹੋਰ ਕਈ ਸਾਥੀ ਹਾਜ਼ਰ ਸਨ।