ਬਾਬਾ ਘੋੜੇ ਵਾਲਾ ਜੀ ਦੇ ਅਸਥਾਨ ’ਤੇ ਸ਼ਰਧਾ ਤੇ ਉਤਸ਼ਾਹ ਨਾਲ ਲੱਗਿਆ ਮੇਲਾ ਪਿੰਡ ਘੱਲ ਕਲਾਂ ਵਿਖੇ ਧੰਨ-ਧੰਨ
Publish Date: Tue, 10 Nov 2026 04:04 PM (IST)
Updated Date: Wed, 11 Nov 2026 04:00 AM (IST)
ਗਾਇਕ ਲਾਭ ਹੀਰਾ ਨੇ ਆਪਣੇ ਗੀਤਾਂ ਨਾਲ ਬੰਨ੍ਹਿਆ ਰੰਗ, ਸੰਗਤਾਂ ਨੇ ਭਰੀ ਹਾਜ਼ਰੀ ਕੁਲਵਿੰਦਰ ਸਿੰਘ ਸਹੋਤਾ, ਪੰਜਾਬੀ ਜਾਗਰਣ, ਮੋਗਾ : ਪਿੰਡ ਘੱਲ ਕਲਾਂ ਵਿਖੇ ਧੰਨ-ਧੰਨ ਬਾਬਾ ਘੋੜੇ ਵਾਲਾ ਸਹੋਤਾ ਜੀ ਦੇ ਅਸਥਾਨ ’ਤੇ ਪਿੰਡ ਦੀ ਕਮੇਟੀ ਵੱਲੋਂ ਸਾਲਾਨਾ ਮੇਲਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਮੇਲੇ ਵਿਚ ਇਲਾਕੇ ਭਰ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਅਤੇ ਪਿੰਡ ਵਾਸੀਆਂ ਨੇ ਸ਼ਿਰਕਤ ਕਰਦਿਆਂ ਬਾਬਾ ਜੀ ਦੇ ਅਸਥਾਨ ’ਤੇ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ। ਮੇਲੇ ਦੌਰਾਨ ਧਾਰਮਿਕ ਮਾਹੌਲ ਦੇ ਨਾਲ-ਨਾਲ ਸੱਭਿਆਚਾਰਕ ਰੰਗ ਵੀ ਦੇਖਣ ਨੂੰ ਮਿਲੇ। ਮੇਲੇ ਦੀ ਸ਼ੁਰੂਆਤ ਮੁੱਖ ਮਹਿਮਾਨ ਵਜੋਂ ਪਹੁੰਚੀ ਮਾਲਵਿਕਾ ਸੂਦ, ਹਲਕਾ ਇੰਚਾਰਜ ਮੋਗਾ ਕਾਂਗਰਸ ਪਾਰਟੀ ਵੱਲੋਂ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਬਾਬਾ ਘੋੜੇ ਵਾਲਾ ਸਹੋਤਾ ਜੀ ਦੇ ਅਸਥਾਨ ’ਤੇ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਅਤੇ ਇਲਾਕੇ ਦੀ ਖੁਸ਼ਹਾਲੀ ਲਈ ਅਰਦਾਸ ਕੀਤੀ। ਉਨ੍ਹਾਂ ਪਿੰਡ ਦੀ ਕਮੇਟੀ ਵੱਲੋਂ ਕਰਵਾਏ ਗਏ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਧਾਰਮਿਕ ਮੇਲੇ ਸਾਡੇ ਅਮੀਰ ਸੱਭਿਆਚਾਰਕ ਵਿਰਸੇ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦੇ ਹਨ। ਇਨ੍ਹਾਂ ਸਮਾਗਮਾਂ ਨਾਲ ਨੌਜਵਾਨ ਪੀੜ੍ਹੀ ਨੂੰ ਵੀ ਆਪਣੇ ਵਿਰਸੇ ਅਤੇ ਧਾਰਮਿਕ ਮਾਨਤਾਵਾਂ ਨਾਲ ਜੁੜਨ ਦਾ ਮੌਕਾ ਮਿਲਦਾ ਹੈ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕੁਲਜਿੰਦਰ ਸਿੰਘ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਬਾਬਾ ਘੋੜੇ ਵਾਲਾ ਸਹੋਤਾ ਜੀ ਦੇ ਅਸਥਾਨ ਨਾਲ ਪਿੰਡ ਵਾਸੀਆਂ ਦੀ ਡੂੰਘੀ ਸ਼ਰਧਾ ਜੁੜੀ ਹੋਈ ਹੈ। ਅਜਿਹੇ ਮੇਲੇ ਲੋਕਾਂ ਨੂੰ ਧਰਮ ਅਤੇ ਸੱਭਿਆਚਾਰ ਦੇ ਨਾਲ ਜੋੜਨ ਦੇ ਨਾਲ-ਨਾਲ ਆਪਸੀ ਪਿਆਰ ਅਤੇ ਏਕਤਾ ਦਾ ਸੰਦੇਸ਼ ਵੀ ਦਿੰਦੇ ਹਨ। ਮੇਲੇ ਦਾ ਮੁੱਖ ਖਿੱਚ ਦਾ ਕੇਂਦਰ ਪੰਜਾਬੀ ਗਾਇਕ ਲਾਭ ਹੀਰਾ ਦਾ ਸੱਭਿਆਚਾਰਕ ਪ੍ਰੋਗਰਾਮ ਰਿਹਾ। ਉਨ੍ਹਾਂ ਨੇ ਆਪਣੇ ਮਕਬੂਲ ਗੀਤਾਂ ਰਾਹੀਂ ਸਰੋਤਿਆਂ ਦਾ ਖੂਬ ਮਨੋਰੰਜਨ ਕੀਤਾ ਅਤੇ ਮੇਲੇ ਵਿਚ ਪਹੁੰਚੇ ਲੋਕਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਗਾਇਕ ਲਾਭ ਹੀਰਾ ਨੇ ਆਪਣੀ ਦਮਦਾਰ ਗਾਇਕੀ ਨਾਲ ਖੂਬ ਰੰਗ ਬੰਨ੍ਹਿਆ ਅਤੇ ਦਰਸ਼ਕਾਂ ਨੇ ਤਾੜੀਆਂ ਮਾਰ ਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ। ਇਸ ਦੌਰਾਨ ਮੇਲੇ ਵਿੱਚ ਖਾਸ ਰੌਣਕ ਦੇਖਣ ਨੂੰ ਮਿਲੀ। ਪਿੰਡ ਦੀ ਕਮੇਟੀ ਵੱਲੋਂ ਪਹੁੰਚੇ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਤੇ ਮੇਲੇ ਨੂੰ ਸਫ਼ਲ ਬਣਾਉਣ ਲਈ ਸਹਿਯੋਗ ਦੇਣ ਵਾਲੇ ਸਮੂਹ ਸੱਜਣਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ ਗਿਆ, ਇਸ ਮੌਕੇ ਕਮੇਟੀ ਮੈਂਬਰ ਬਿੱਟੂ ਸਿੰਘ, ਬੂਟਾ ਸਿੰਘ, ਕੁਲਦੀਪ ਸਿੰਘ, ਰਜਿੰਦਰ ਸਿੰਘ ਸੋਢੀ ਅਤੇ ਚਮਕੌਰ ਸਿੰਘ ਸਮੇਤ ਹੋਰ ਪਤਵੰਤੇ ਸੱਜਣ ਅਤੇ ਬਹੁਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।