ਖ਼ਾਲਸਾ ਸਕੂਲ ਤਖ਼ਤੂਪੁਰਾ 'ਚ ਮਾਹਿਰਾਂ ਨੇ ਦਿੱਤੇ ਪ੍ਰੇਰਣਾਤਮਕ ਭਾਸ਼ਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
Publish Date: Fri, 11 Sep 2026 06:03 PM (IST)
Updated Date: Sat, 12 Sep 2026 04:05 AM (IST)
ਕੈਰੀਅਰ ਗਾਈਡੈਂਸ ਬਾਰੇ ਵੀ ਦਿੱਤੀ ਭਰਵੀਂ ਜਾਣਕਾਰੀ ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਨਿਹਾਲ ਸਿੰਘ ਵਾਲਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੀ ਇਲਾਕੇ ਦੀ ਪੁਰਾਣੀ ਨਾਮੀ ਸੰਸਥਾ ਗੁਰੂ ਨਾਨਕ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਤਖ਼ਤੂਪੁਰਾ ਵਿਖੇ ਬਹੁਤ ਹੀ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਮੀਰੀ ਪੀਰੀ ਖ਼ਾਲਸਾ ਕਾਲਜ ਭਦੌੜ ਦੇ ਪ੍ਰੋਫ਼ੈਸਰ ਸੁਖਪਾਲ ਸਿੰਘ ਤੇ ਪ੍ਰੋਫ਼ੈਸਰ ਹਰਦੀਪ ਸਿੰਘ ਨੇ ਪ੍ਰੇਰਣਾਤਮਕ ਭਾਸ਼ਣ ਦਿੱਤੇ। ਮਾਹਿਰਾਂ ਨੇ ਵਿਦਿਆਰਥੀਆਂ ਨੂੰ ਸੁਚੱਜੀ ਜ਼ਿੰਦਗੀ ਜਿਉਣ, ਗੁਰਸਿੱਖ ਜੀਵਨ ਜਾਚ ਅਤੇ ਮਿਹਨਤ ਰਾਹੀਂ ਉਚੇ ਮੁਕਾਮ ਹਾਸਲ ਕਰਨ ਲਈ ਸਦਾਚਾਰਕ ਕਦਰਾਂ ਕੀਮਤਾਂ ਦੇ ਧਾਰਨੀ ਬਣਨ ਅਤੇ ਗੁਰਮਤਿ ਦੀ ਲੋਅ ਅਨੁਸਾਰ ਸੁੱਚੀ ਕਿਰਤ ਦੇ ਮਾਰਗ ’ਤੇ ਚੱਲਣ ਦੀ ਸਲਾਹ ਦਿੱਤੀ। ਦਸਤਾਰ ਦੀ ਮਹੱਤਤਾ ਬਾਰੇ ਰੌਸ਼ਨੀ ਪਾਉਂਦਿਆਂ ਉਨ੍ਹਾਂ ਦੱਸਿਆ ਕਿ ਗੁਰੂ ਸਾਹਿਬਾਨ ਨੇ ਦਸਤਾਰ ਨੂੰ ਸਿੱਖ ਦੀ ਵਿਲੱਖਣ ਪਛਾਣ ਵਜੋਂ ਸਥਾਪਿਤ ਕੀਤਾ ਹੈ। ਬੁਲਾਰਿਆਂ ਨੇ ਦੱਸਿਆ ਕਿ ਕਿਸੇ ਵੀ ਇਨਸਾਨ ਦੀ ਪਰਖ ਉਸ ਦੀ ਦਸਤਾਰ, ਰਫ਼ਤਾਰ ਅਤੇ ਗੁਫਤਾਰ ਤੋਂ ਸਹਿਜੇ ਹੀ ਕੀਤੀ ਜਾ ਸਕਦੀ ਹੈ। ਮਾਹਿਰਾਂ ਨੇ ਕੈਰੀਅਰ ਗਾਈਡੈਂਸ ਬਾਰੇ ਚਰਚਾ ਕਰਦਿਆਂ ਕਿਹਾ ਕਿ ਅਜੋਕੇ ਯੁੱਗ ਵਿਚ ਰੁਜ਼ਗਾਰ ਦੇ ਨਵੇਂ ਨਵੇਂ ਮੌਕੇ ਪੈਦਾ ਹੋ ਰਹੇ ਹਨ ਜਿਨ੍ਹਾਂ ਦੀ ਪਛਾਣ ਕਰਕੇ ਵਿਦਿਆਰਥੀ ਚੰਗੇ ਮੌਕੇ ਹਾਸਿਲ ਕਰਨ ਦੇ ਸਮਰੱਥ ਬਣ ਸਕਦੇ ਹਨ। ਪ੍ਰਿੰਸੀਪਲ ਸੰਦੀਪ ਸਿੰਘ ਵੋਹਰਾ ਨੇ ਦੋਵਾਂ ਮਾਹਿਰਾਂ ਦਾ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਤਰਫ਼ੋਂ ਧੰਨਵਾਦ ਕਰਦਿਆਂ ਸਕੂਲ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਵੱਲੋਂ ਦਿੱਤੇ ਗਏ ਅਣਮੋਲ ਸੁਝਾਵਾਂ ਨੂੰ ਅਮਲੀ ਜਾਮਾ ਪਹਿਨਾਉਣ ਦਾ ਸੱਦਾ ਦਿੱਤਾ ਤਾਂ ਕਿ ਸੁਚਿਆਰੇ ਮਨੁੱਖ ਵਜੋਂ ਸਮਾਜ ਵਿਚ ਮਾਣ ਪ੍ਰਾਪਤ ਕੀਤਾ ਜਾ ਸਕੇ। ਸਚਮੁੱਚ ਇਹ ਸਮਾਗਮ ਅਮਿੱਟ ਛਾਪ ਛੱਡਣ ਵਿੱਚ ਸਫ਼ਲ ਰਿਹਾ।