ਈ-ਰਿਕਸ਼ਾ ਚਾਲਕਾਂ ਦੇ ਲਾਇਸੈਂਸਾਂ ਦੀ ਹੋਵੇ ਜਾਂਚ, ਉਮਰ ਦੀ ਵੀ ਕੀਤੀ ਜਾਵੇ ਪੜਤਾਲ ਸ਼ਹਿਰ ਵਿਚ ਈ-ਰਿਕਸ਼ਿਆਂ ਦੀ
Publish Date: Tue, 20 Oct 2026 03:54 PM (IST)
Updated Date: Wed, 21 Oct 2026 04:00 AM (IST)
ਆਧਾਰ ਕਾਰਡ ਦੇਖ ਕੇ ਕਿਰਾਏ ’ਤੇ ਦਿੱਤੇ ਜਾ ਰਹੇ ਹਨ ਈ-ਰਿਕਸ਼ੇ, ਟ੍ਰੈਫਿਕ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਦੀ ਲੋੜ ਕੁਲਵਿੰਦਰ ਸਿੰਘ ਸਹੋਤਾ, ਪੰਜਾਬੀ ਜਾਗਰਣ, ਮੋਗਾ : ਸ਼ਹਿਰ ਵਿਚ ਈ-ਰਿਕਸ਼ਿਆਂ ਦੀ ਵਧਦੀ ਗਿਣਤੀ ਅਤੇ ਟ੍ਰੈਫ਼ਿਕ ਵਿਵਸਥਾ ਨੂੰ ਲੈ ਕੇ ਪ੍ਰਸ਼ਾਸਨ ਨੂੰ ਇੰਨ੍ਹਾਂ ਦੇ ਚਾਲਕਾਂ ਦੇ ਡਰਾਈਵਿੰਗ ਲਾਇਸੈਂਸਾਂ ਦੀ ਜਾਂਚ ਕਰਨ ਅਤੇ ਉਨ੍ਹਾਂ ਦੀ ਉਮਰ ਦੀ ਪੜਤਾਲ ਕਰਨ ਦੀ ਲੋੜ ਹੈ। ਸ਼ਹਿਰ ’ਚ ਕਈ ਥਾਵਾਂ ’ਤੇ ਈ-ਰਿਕਸ਼ਿਆਂ ਕਾਰਨ ਟ੍ਰੈਫ਼ਿਕ ਜਾਮ ਦੀ ਸਮੱਸਿਆ ਪੈਦਾ ਹੋਣ ਅਤੇ ਆਵਾਜਾਈ ਪ੍ਰਭਾਵਿਤ ਹੋਣ ਦੀਆਂ ਸ਼ਿਕਾਇਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਸ ਦੇ ਮੱਦੇਨਜ਼ਰ ਪ੍ਰਸ਼ਾਸਨ ਨੂੰ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ। ਜਾਣਕਾਰੀ ਅਨੁਸਾਰ ਮੋਗਾ ਸ਼ਹਿਰ ਵਿਚ ਬਹੁਤ ਸਾਰੇ ਈ-ਰਿਕਸ਼ਾ ਚਾਲਕ ਆਪਣੇ ਵਾਹਨ ਦੇ ਮਾਲਕ ਨਹੀਂ ਹਨ, ਸਗੋਂ ਉਹ ਕਿਰਾਏ ’ਤੇ ਈ-ਰਿਕਸ਼ਾ ਲੈ ਕੇ ਚਲਾਉਂਦੇ ਹਨ। ਇਹ ਵੀ ਚਰਚਾ ਹੈ ਕਿ ਕੁੱਝ ਰਿਕਸ਼ਾ ਮਾਲਕ ਚਾਲਕਾਂ ਤੋਂ ਸਿਰਫ਼ ਆਧਾਰ ਕਾਰਡ ਦੇਖ ਕੇ ਹੀ ਵਾਹਨ ਕਿਰਾਏ ’ਤੇ ਦੇ ਦਿੰਦੇ ਹਨ। ਅਜਿਹੇ ਵਿਚ ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਵਾਹਨ ਚਲਾਉਣ ਵਾਲੇ ਵਿਅਕਤੀ ਦੀ ਉਮਰ, ਲੋੜੀਂਦੇ ਦਸਤਾਵੇਜ਼ ਅਤੇ ਵਾਹਨ ਚਲਾਉਣ ਸਬੰਧੀ ਕਾਨੂੰਨੀ ਯੋਗਤਾ ਨਿਯਮਾਂ ਅਨੁਸਾਰ ਹੋਵੇ। ਸ਼ਹਿਰ ਦੇ ਮੁੱਖ ਬਾਜ਼ਾਰਾਂ, ਭੀੜ-ਭੜੱਕੇ ਵਾਲੀਆਂ ਸੜਕਾਂ ਅਤੇ ਚੌਕਾਂ ਵਿਚ ਈ-ਰਿਕਸ਼ਿਆਂ ਦੀ ਆਵਾਜਾਈ ਕਾਰਨ ਕਈ ਵਾਰ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਹਨ। ਜੇਕਰ ਚਾਲਕ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਨਾ ਕਰਨ ਜਾਂ ਗਲਤ ਥਾਂ ’ਤੇ ਵਾਹਨ ਖੜ੍ਹੇ ਕਰਨ ਤਾਂ ਇਸ ਨਾਲ ਆਮ ਲੋਕਾਂ ਨੂੰ ਪ੍ਰੇਸ਼ਾਨੀ ਹੋਣ ਦੇ ਨਾਲ-ਨਾਲ ਸੜਕ ਹਾਦਸਿਆਂ ਦਾ ਖ਼ਤਰਾ ਵੀ ਵਧ ਸਕਦਾ ਹੈ। ਇਸ ਲਈ ਪ੍ਰਸ਼ਾਸਨ ਅਤੇ ਟ੍ਰੈਫ਼ਿਕ ਪੁਲਿਸ ਨੂੰ ਚਾਹੀਦਾ ਹੈ ਕਿ ਸ਼ਹਿਰ ਵਿਚ ਚੱਲ ਰਹੇ ਈ-ਰਿਕਸ਼ਿਆਂ ਦੀ ਵਿਸ਼ੇਸ਼ ਜਾਂਚ ਮੁਹਿੰਮ ਚਲਾਈ ਜਾਵੇ। ਇਸ ਦੌਰਾਨ ਚਾਲਕਾਂ ਦੇ ਲਾਇਸੈਂਸ, ਉਮਰ, ਵਾਹਨਾਂ ਦੇ ਲੋੜੀਂਦੇ ਦਸਤਾਵੇਜ਼ਾਂ ਅਤੇ ਲਾਗੂ ਨਿਯਮਾਂ ਅਨੁਸਾਰ ਹੋਰ ਜ਼ਰੂਰੀ ਸ਼ਰਤਾਂ ਦੀ ਜਾਂਚ ਕੀਤੀ ਜਾਵੇ। ਇਸ ਦੇ ਨਾਲ ਹੀ ਈ-ਰਿਕਸ਼ਾ ਮਾਲਕਾਂ ਨੂੰ ਵੀ ਜਾਗਰੂਕ ਕੀਤਾ ਜਾਵੇ ਕਿ ਉਹ ਵਾਹਨ ਕਿਰਾਏ ’ਤੇ ਦੇਣ ਸਮੇਂ ਲਾਗੂ ਕਾਨੂੰਨੀ ਨਿਯਮਾਂ ਦੀ ਪਾਲਣਾ ਕਰਨ। ਸ਼ਹਿਰ ਵਾਸੀਆਂ ਦੀ ਸੁਰੱਖਿਆ ਅਤੇ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਇਹ ਜ਼ਰੂਰੀ ਹੈ ਕਿ ਈ-ਰਿਕਸ਼ਾ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਜਾਵੇ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ। ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ ’ਤੇ ਕੀਤੀ ਜਾਣ ਵਾਲੀ ਜਾਂਚ ਨਾਲ ਟ੍ਰੈਫ਼ਿਕ ਵਿਵਸਥਾ ਵਿਚ ਸੁਧਾਰ ਲਿਆਉਣ ਅਤੇ ਸੜਕਾਂ ’ਤੇ ਸੁਰੱਖਿਆ ਯਕੀਨੀ ਬਣਾਉਣ ਵਿਚ ਮਦਦ ਮਿਲ ਸਕਦੀ ਹੈ।