ਮੁਲਾਜ਼ਮਾਂ ਵੱਲੋਂ ਜ਼ਿਲ੍ਹੇ ਦੇ ਸਾਰੇ ਸੇਵਾ ਕੇਂਦਰ ਬੰਦ: ਤਨਖ਼ਾਹਾਂ, ਬੋਨਸ ਤੇ ਟੀ.ਏ. ਦੀ ਮੰਗ ਨੂੰ ਲੈ ਕੇ DC ਦਫ਼ਤਰ ਅੱਗੇ ਦਿੱਤਾ ਧਰਨਾ
ਉਨ੍ਹਾਂ ਕਿਹਾ ਕਿ ਮੁਲਾਜ਼ਮ ਆਪਣੀਆਂ ਡਿਊਟੀਆਂ ਪੂਰੀ ਜ਼ਿੰਮੇਵਾਰੀ ਨਾਲ ਨਿਭਾਅ ਰਹੇ ਹਨ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਬਣਦੇ ਵਿੱਤੀ ਲਾਭ ਸਮੇਂ ਸਿਰ ਨਹੀਂ ਮਿਲ ਰਹੇ। ਉਨ੍ਹਾਂ ਕਿਹਾ ਕਿ ਸੁਰੱਖਿਆ ਗਾਰਡਾਂ ਦੀਆਂ ਦੋ ਤਨਖ਼ਾਹਾਂ ਬਕਾਇਆ ਸਨ, ਜਿਨ੍ਹਾਂ ਵਿੱਚੋਂ ਸਿਰਫ਼ ਇੱਕ ਤਨਖ਼ਾਹ ਦੀ ਹੀ ਅਦਾਇਗੀ ਕੀਤੀ ਗਈ ਹੈ। ਇੱਕ ਤਨਖ਼ਾਹ ਅਜੇ ਵੀ ਬਕਾਇਆ ਹੋਣ ਕਾਰਨ ਸੁਰੱਖਿਆ ਗਾਰਡਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Publish Date: Mon, 12 Oct 2026 01:05 PM (IST)
Updated Date: Mon, 12 Oct 2026 01:12 PM (IST)
ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ। ਸੇਵਾ ਕੇਂਦਰ ਮੁਲਾਜ਼ਮ ਯੂਨੀਅਨ ਜ਼ਿਲ੍ਹਾ ਮੋਗਾ ਵੱਲੋਂ ਮੁਲਾਜ਼ਮਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਸੋਮਵਾਰ ਨੂੰ ਜ਼ਿਲ੍ਹਾ ਮੋਗਾ ਦੇ ਸਾਰੇ ਸੇਵਾ ਕੇਂਦਰ ਬੰਦ ਕਰ ਦਿੱਤੇ ਗਏ ਹਨ। ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਸਥਿਤ ਸੇਵਾ ਕੇਂਦਰ ’ਚ ਇਕੱਠੇ ਹੋ ਕੇ ਧਰਨਾ ਦਿੱਤਾ ਗਿਆ। ਇਸ ਮੌਕੇ ਸੇਵਾ ਕੇਂਦਰ ਮੁਲਾਜ਼ਮ ਯੂਨੀਅਨ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਅਤੇ ਪੰਜਾਬ ਯੂਨੀਅਨ ਦੇ ਕੈਸ਼ੀਅਰ ਦਵਿੰਦਰ ਬਾਂਸਲ ਅਤੇ ਸੂਬਾ ਪ੍ਰਧਾਨ ਬਲਜਿੰਦਰ ਸਿੰਘ ਮਾਝਾ
ਯੂਨੀਅਨ ਆਗੂਆਂ ਨੇ ਦੱਸਿਆ ਕਿ ਮੁਲਾਜ਼ਮਾਂ ਨੂੰ ਪੂਰੀਆਂ ਤਨਖ਼ਾਹਾਂ ਨਾ ਮਿਲਣ, ਬੋਨਸ ਦੀ ਅਦਾਇਗੀ ਲਟਕਣ ਅਤੇ ਸੇਵਾ ਸਹਾਇਕਾਂ ਤੇ ਐੱਲ.ਆਰ. ਆਪਰੇਟਰਾਂ ਦੇ ਟੀ.ਏ. ਦੀ ਰਕਮ ਬਕਾਇਆ ਹੋਣ ਕਾਰਨ ਮੁਲਾਜ਼ਮਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਮੁਲਾਜ਼ਮ ਆਪਣੀਆਂ ਡਿਊਟੀਆਂ ਪੂਰੀ ਜ਼ਿੰਮੇਵਾਰੀ ਨਾਲ ਨਿਭਾਅ ਰਹੇ ਹਨ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਬਣਦੇ ਵਿੱਤੀ ਲਾਭ ਸਮੇਂ ਸਿਰ ਨਹੀਂ ਮਿਲ ਰਹੇ। ਉਨ੍ਹਾਂ ਕਿਹਾ ਕਿ ਸੁਰੱਖਿਆ ਗਾਰਡਾਂ ਦੀਆਂ ਦੋ ਤਨਖ਼ਾਹਾਂ ਬਕਾਇਆ ਸਨ, ਜਿਨ੍ਹਾਂ ਵਿੱਚੋਂ ਸਿਰਫ਼ ਇੱਕ ਤਨਖ਼ਾਹ ਦੀ ਹੀ ਅਦਾਇਗੀ ਕੀਤੀ ਗਈ ਹੈ। ਇੱਕ ਤਨਖ਼ਾਹ ਅਜੇ ਵੀ ਬਕਾਇਆ ਹੋਣ ਕਾਰਨ ਸੁਰੱਖਿਆ ਗਾਰਡਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਆਗੂਆਂ ਨੇ ਮੰਗ ਕੀਤੀ ਹੈ ਕਿ ਮੁਲਾਜ਼ਮਾਂ ਦੀਆਂ ਬਕਾਇਆ ਤਨਖ਼ਾਹਾਂ, ਬੋਨਸ ਅਤੇ ਟੀ.ਏ. ਦੀ ਅਦਾਇਗੀ ਬਿਨਾਂ ਕਿਸੇ ਹੋਰ ਦੇਰੀ ਦੇ ਕੀਤੀ ਜਾਵੇ ਤਾਂ ਜੋ ਮੁਲਾਜ਼ਮਾਂ ਨੂੰ ਆਰਥਿਕ ਪਰੇਸ਼ਾਨੀਆਂ ਤੋਂ ਰਾਹਤ ਮਿਲ ਸਕੇ।
ਇਸ ਤੋਂ ਇਲਾਵਾ ਯੂਨੀਅਨ ਵੱਲੋਂ ਜ਼ਿਲ੍ਹਾ ਪਠਾਨਕੋਟ ’ਚ ਸੇਵਾ ਕੇਂਦਰ ਦੇ ਬਰਖ਼ਾਸਤ ਕੀਤੇ ਗਏ ਮੁਲਾਜ਼ਮ ਨੂੰ ਤੁਰੰਤ ਨੌਕਰੀ ’ਤੇ ਬਹਾਲ ਕਰਨ ਦੀ ਮੰਗ ਵੀ ਉਠਾਈ ਗਈ ਹੈ। ਆਗੂਆਂ ਨੇ ਕਿਹਾ ਕਿ ਸਬੰਧਤ ਮੁਲਾਜ਼ਮ ਦੀ ਬਹਾਲੀ ਦਾ ਮਾਮਲਾ ਵੀ ਗੰਭੀਰਤਾ ਨਾਲ ਹੱਲ ਕੀਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਜ਼ੋਰ ਦਿੱਤਾ ਕਿ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਅਣਗੌਲਿਆ ਕਰਨ ਦੀ ਬਜਾਏ ਉਨ੍ਹਾਂ ਨਾਲ ਗੱਲਬਾਤ ਕਰਕੇ ਮਸਲਿਆਂ ਦਾ ਹੱਲ ਕੱਢਿਆ ਜਾਵੇ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਸਬੰਧਤ ਵਿਭਾਗ ਅਤੇ ਕੰਪਨੀ ਪ੍ਰਬੰਧਨ ਦਾ ਧਿਆਨ ਦਿਵਾਉਣ ਲਈ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਮੰਗਾਂ ਦਾ ਜਲਦੀ ਨਿਪਟਾਰਾ ਨਾ ਕੀਤਾ ਗਿਆ ਅਤੇ ਪਠਾਨਕੋਟ ਦੇ ਬਰਖ਼ਾਸਤ ਮੁਲਾਜ਼ਮ ਨੂੰ ਬਹਾਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਦੀ ਜ਼ਿੰਮੇਵਾਰੀ ਸਬੰਧਤ ਵਿਭਾਗ ਅਤੇ ਕੰਪਨੀ ਪ੍ਰਬੰਧਨ ਦੀ ਹੋਵੇਗੀ।