
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਬਾਣੀ ਵਿਚਾਰ ਚੇਤਨਾ ਮੰਚ ਰਜਿ:

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਮੋਗਾ: ਬਾਣੀ ਵਿਚਾਰ ਚੇਤਨਾ ਮੰਚ ਰਜਿ: ਪੰਜਾਬ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਜੀਵਨ, ਬਾਣੀ ਤੇ ਫ਼ਲਸਫ਼ੇ ਨਾਲ ਸਬੰਧਤ ਅੱਠਵਾਂ ਅਕਾਦਮਿਕ ਸੈਮੀਨਾਰ ਮੋਗਾ ਨੇੜਲੇ ਪਿੰਡ ਬੁੱਘੀਪੁਰਾ ਵਿਚ ਗੁਰਦੁਆਰਾ ਬੇਗਮਪੁਰ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਲੈਫ. ਕਰਨਲ ਰਿਟਾ. ਬਾਬੂ ਸਿੰਘ ਦੀ ਅਗਵਾਈ ਵਿਚ ਸੰਪੰਨ ਹੋਇਆ। ਪਟਿਆਲਾ ਤੋਂ ਪੁੱਜੇ ਐਡੀਸ਼ਨਲ ਡਾਇਰੈਕਟਰ ਰਿਟਾ. ਸਤਨਾਮ ਸਿੰਘ ਦੀ ਪ੍ਰਧਾਨਗੀ ਵਿਚ ਹੋਏ ਇਸ ਸੈਮੀਨਾਰ ਵਿਚ ਪਟਿਆਲਾ ਤੋਂ ਵਿਸ਼ੇਸ਼ ਤੌਰ ’ਤੇ ਬਾਣੀ ਵਿਚਾਰ ਚੇਤਨਾ ਮੰਚ ਰਜਿ: ਪੰਜਾਬ ਦੇ ਪ੍ਰਧਾਨ ਗੁਰਨਾਮ ਸਿੰਘ ਅਕੀਦਾ, ਪ੍ਰਬੁੱਧ ਵਿਦਵਾਨ ਡਾ. ਗੁਰਮੀਤ ਕੱਲਰਮਾਜਰੀ ਤੇ ਖੋਜ ਅਫ਼ਸਰ ਡਾ. ਸੰਤੋਖ ਸੁੱਖੀ ਵਿਸ਼ੇਸ਼ ਤੌਰ ’ਤੇ ਪੁੱਜੇ। ਇਸ ਸੈਮੀਨਾਰ ਵਿਚ ਮੁੱਖ ਵਕਤਾ ਸ੍ਰੀ ਗੁਰੂ ਰਵਿਦਾਸ ਸਬੰਧੀ ਖੋਜਕਾਰ ਡਾ. ਸੁਰਜੀਤ ਸਿੰਘ ਦਾਉਧਰ ਨੇ ਪੇਪਰ ਪੜ੍ਹਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਸਾਰੇ ਬਾਣੀਕਾਰਾਂ ਦੀ ਬਾਣੀ ਵਿਚ ਮਨੁੱਖਤਾ ਨੂੰ ਪ੍ਰਮੁੱਖਤਾ ਦਿੱਤੀ ਹੈ। ਇਸ ਵੇਲੇ ਸੈਮੀਨਾਰ ਦੀ ਅਗਵਾਈ ਕਰ ਰਹੇ ਗੁਰਨਾਮ ਸਿੰਘ ਅਕੀਦਾ ਨੇ ਕਿਹਾ ਕਿ ਗੁਰੂ ਰਵਿਦਾਸ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਹ ਸੈਮੀਨਾਰ ਲੜੀ ਕਰਵਾਈ ਜਾ ਰਹੀ ਹੈ, ਉਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰਾਂ ਬਾਰੇ ਵੀ ਅਕਾਦਮਿਕ ਸੈਮੀਨਾਰ ਕਰਵਾਏ ਜਾਣਗੇ। ਇਸ ਵੇਲੇ ਸੈਮੀਨਾਰ ਦੀ ਪ੍ਰਧਾਨਗੀ ਕਰ ਰਹੇ ਡਾ. ਗੁਰਮੀਤ ਕੱਲਰਮਾਜਰੀ ਨੇ ਗੁਰੂ ਰਵਿਦਾਸ ਜੀ ਨੇ ਪੰਜਾਬ ਵਿਚ ਵੱਖ ਵੱਖ ਥਾਂਵਾਂ ’ਤੇ ਯਾਤਰਾਵਾਂ ਕਰਕੇ ਮਨੁੱਖਤਾ ਦਾ ਸੰਦੇਸ਼ ਦਿੱਤਾ। ਪੰਜਾਬ ਵਿਚ ਗੁਰੂ ਰਵਿਦਾਸ ਜੀ ਦਾ ਜੱਸ ਇਸ ਕਰਕੇ ਜ਼ਿਆਦਾ ਫੈਲਿਆ ਕਿਉਂਕਿ ਉਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਜ ਬਾਣੀਕਾਰਾਂ ਨਾਲ ਸਬੰਧਤ ਅਕਾਦਮਿਕ ਸੈਮੀਨਾਰ ਕਰਾਉਣੇ ਚਾਹੀਦੇ ਹਨ। ਇਸ ਵੇਲੇ ਸੈਮੀਨਾਰ ਦੀ ਪ੍ਰਧਾਨਗੀ ਕਰ ਰਹੇ ਸਤਨਾਮ ਸਿੰਘ ਐਡੀਸ਼ਨਲ ਡਾਇਰੈਕਟਰ ਭਾਸ਼ਾ ਵਿਭਾਗ ਨੇ ਕਿਹਾ ਕਿ ਗੁਰੂ ਰਵਿਦਾਸ ਦੇ ਜੀਵਨ ਦੇ ਫਲਸਫੇ ਦੀ ਮਿਸਾਲ ਸਾਰੇ ਪੰਜਾਬ ਵਿਚ ਸੈਮੀਨਾਰਾਂ ਦੇ ਰੂਪ ਵਿਚ ਆ ਰਹੀ ਹੈ ਇਸ ਦਾ ਸਵਾਗਤ ਕਰਨਾ ਸਾਡਾ ਸਭਾ ਦਾ ਫਰਜ਼ ਹੈ, ਇਸ ਵੇਲੇ ਭਾਸ਼ਾ ਵਿਭਾਗ ਦੇ ਖੋਜ ਅਫ਼ਸਰ ਡਾ. ਸੰਤੋਖ ਸਿੰਘ ਨੇ ਗੁਰੂ ਰਵਿਦਾਸ ਨਾਲ ਸਬੰਧਤ ਕਵਿਤਾ ਪੜ੍ਹੀ। ਇਸ ਵੇਲੇ ਜ਼ਿਲ੍ਹਾ ਮੋਗਾ ਵਿਚੋ ਮੈਟ੍ਰਿਕ ਵਿਚ ਟਾਪ ਦੇ ਆਈ ਬੇਟੀ ਹਰਜਸਪ੍ਰੀਤ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ, ਉਨ੍ਹਾਂ ਦਾ ਸਨਮਾਨ ਇਸ ਵੇਲੇ ਡਾ. ਅੰਬੇਡਕਰ ਮਿਸ਼ਨ ਭਾਰਤ ਵਲੋਂ ਪ੍ਰਧਾਨ ਸੂਬੇਦਾਰ ਬਲਦੇਵ ਸਿੰਘ ਸੁਖਾਨੰਦ ਤੇ ਸਾਥੀਆਂ ਵੱਲੋਂ ਵੀ ਸਨਮਾਨ ਕੀਤਾ ਗਿਆ।