- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਮੁਲਾ ਜ਼ਮਾ ਅਤੇ

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ : ਪੰਜਾਬ ਮੁਲਾਜ਼ਮਾ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਤੇ ਸਾਂਝਾ ਮੁਲਾਜ਼ਮ ਮੰਚ ਦੀ ਤਾਲਮੇਲ ਕਮੇਟੀ ਜ਼ਿਲ੍ਹਾ ਮੋਗਾ ਦੀ ਮੀਟਿੰਗ ਕਾਮਰੇਡ ਸਤੀਸ਼ ਲੂੰਬਾ ਹਾਲ ਮੋਗਾ ਵਿਖੇ ਹੋਈ। ਮੀਟਿੰਗ ਦੀ ਪ੍ਰਧਾਨਗੀ ਸੁਰਜੀਤ ਸਿੰਘ ਗਗੜਾ ਨੇ ਕੀਤੀ। ਮੀਟਿੰਗ ਦੀ ਕਾਰਵਾਈ ਸ਼ੁਰੂ ਕਰਦੇ ਹੋਏ ਪ੍ਰਧਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਬਿਲਕੁਲ ਹੀ ਅੱਖੋਂ ਪਰੋਖੇ ਕੀਤਾ ਹੋਇਆ ਹੈ। ਮੁਲਾਜ਼ਮਾਂ ਤੇ ਪੈਨਸ਼ਨਾਂ ਦੀਆਂ ਜਾਇਜ਼ ਮੰਗਾਂ ਦੀ ਵੀ ਕੋਈ ਸੁਣਵਾਈ ਨਹੀਂ ਹੋ ਰਹੀ। ਇਸ ਸਰਕਾਰ ਨੂੰ ਅਸੀਂ ਆਸ ਨਾਲ ਲੈ ਕੇ ਆਏ ਸੀ ਕਿ ਸ਼ਾਇਦ ਸਰਕਾਰ ਦੇ ਰਵਈਏ ਵਿੱਚ ਤਬਦੀਲੀ ਹੋਵੇਗੀ ਅਤੇ ਇਹ ਸਰਕਾਰ ਲੋਕਾਂ ਦੇ ਮਸਲੇ ਹੱਲ ਕਰੇਗੀ ਪਰ ਇਸ ਸਰਕਾਰ ਵਿੱਚ ਸ਼ਾਮਿਲ ਵਿਧਾਇਕਾਂ ਮੰਤਰੀਆਂ ਨੇ ਤਾਂ ਅੰਨੀ ਲੁੱਟ ਮਚਾਈ ਹੋਈ ਹੈ, ਲੋਕ ਤਰਾਹ ਤਰਾਹ ਕਰ ਰਹੇ ਹਨ। ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਵੀ ਆਪਣੀਆਂ ਮੰਗਾਂ ਲਈ ਵੱਡੀਆਂ ਵੱਡੀਆਂ ਰੈਲੀਆਂ ਕੀਤੀਆਂ ਪਰ ਇਸ ਸਰਕਾਰ ਦੇ ਕੰਨਾਂ ਤੇ ਜੂੰ ਨਹੀਂ ਸਰਕੀ। ਇਸ ਮੌਕੇ ਸੂਬਾ ਕਨਵੀਨਰ ਭਜਨ ਸਿੰਘ ਗਿੱਲ ਨੇ ਕਿਹਾ ਕਿ ਮੁਲਾਜ਼ਮਾਂ ਨੇ ਇਸ ਸਰਕਾਰ ਦੇ ਹੋਂਦ ਵਿੱਚ ਆਉਣ ਸਮੇਂ ਫੁੱਲਾਂ ਦੀ ਵਰਖਾ ਕੀਤੀ ਸੀ ਪਰ ਹੁਣ ਅੱਕ ਕੇ ਇਹ ਸਰਕਾਰ ਦੇ ਫੁੱਲ ਪਾਉਣ ਦੀ ਤਿਆਰੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬਾ ਕਮੇਟੀ ਦੇ ਫੈਸਲੇ ਮੁਤਾਬਕ ਸਾਰੇ ਹੀ ਵਿਧਾਇਕਾਂ ਦੇ ਪੁਤਲੇ ਫੂਕੇ ਜਾਣਗੇ ਅਤੇ ਫੁੱਲ ਲੁਧਿਆਣਾ ਦੇ ਗੰਦੇ ਨਾਲੇ ਵਿੱਚ ਪਾਏ ਜਾਣਗੇ। ਇਸ ਮੌਕੇ ਹਾਜ਼ਰ ਆਗੂਆਂ ਸੁਰਿੰਦਰ ਰਾਮ ਕੁੱਸਾ, ਸੁਖਮੰਦਰ ਸਿੰਘ ਬਾਘਾ ਪੁਰਾਣਾ, ਭੁਪਿੰਦਰ ਸਿੰਘ ਸੇਖੋਂ, ਬਲਵਿੰਦਰ ਸਿੰਘ, ਰਣਜੀਤ ਸਿੰਘ, ਰਾਜਪਾਲ ਸਿੰਘ, ਨਰੇਸ਼ ਕੁਮਾਰ, ਜਗਰੂਪ ਸਿੰਘ, ਰਾਮ ਕ੍ਰਿਸ਼ਨ, ਗੁਰਮੇਲ ਸਿੰਘ ਨਾਹਰ, ਜਗਦੇਵ ਸਿੰਘ ਗਿੱਲ, ਸੁਖਦੇਵ ਸਿੰਘ ਬਰਾੜ, ਜਸਵਿੰਦਰ ਸਿੰਘ ਬਰਾੜ, ਪ੍ਰੇਮ ਕੁਮਾਰ ਆਦਿ ਨੇ ਸਰਬ ਸੰਮਤੀ ਨਾਲ ਫੈਸਲਾ ਕੀਤਾ ਕਿ ਮੋਗਾ ਜ਼ਿਲ੍ਹੇ ਵਿਚ ਦੋ ਦਸੰਬਰ ਨੂੰ ਨਿਹਾਲ ਸਿੰਘ ਵਾਲਾ ਵਿਖੇ 11 ਵਜੇ ਕਾਮਰੇਡ ਸੱਭਿਆਚਾਰ ਸੱਘੜ ਸਿੰਘ ਹਾਲ ਮੂਹਰੇ ਇਕੱਠੇ ਹੋ ਕੇ ਮਾਰਚ ਕਰਦੇ ਹੋਏ ਹਲਕੇ ਦੇ ਵਿਧਾਇਕ ਦੀ ਰਿਹਾਇਸ਼ ਦੇ ਮੂਹਰੇ ਉਸਦਾ ਪੁਤਲਾ ਫੂਕਿਆ ਜਾਵੇਗਾ ਅਤੇ ਚਾਰ ਦਸੰਬਰ ਨੂੰ 11 ਵਜੇ ਦੁਸਾਂਝ ਰੋਡ ਮੋਗਾ ਤੇ ਗੁਰਦੁਆਰਾ ਨਾਨਕਪੁਰਾ ਮਹੱਲਾ ਦੇ ਸਾਹਮਣੇ ਇਕੱਠੇ ਹੋ ਕੇ ਮਾਰਚ ਕਰਕੇ ਮੋਗਾ ਦੇ ਵਿਧਾਇਕ ਦੀ ਰਿਹਾਇਸ਼ ਮੂਹਰੇ ਪੁਤਲਾ ਫੂਕਿਆ ਜਾਵੇਗਾ।