- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ

ਗੁਰਦੇਵ ਮਨੇਸ ਪੰਜਾਬੀ ਜਾਗਰਣ ਕੋਟ ਈਸੇ ਖਾਂ : ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਕੋਟ ਈਸੇ ਖਾਂ ਵੱਲੋਂ ਵਿਦਿਆਰਥਣਾਂ ਦੇ ਸਰਵਪੱਖੀ ਵਿਕਾਸ ਨੂੰ ਧਿਆਨ ਵਿਚ ਰੱਖਦਿਆਂ ਲੁਧਿਆਣਾ ਸਥਿਤ ਹਾਰਡੀਜ਼ ਵਰਲਡ ਵਿਖੇ ਇਕ ਵਿਸ਼ੇਸ਼ ਵਿਦਿਅਕ ਅਤੇ ਮਨੋਰੰਜਕ ਟ੍ਰਿਪ ਦਾ ਆਯੋਜਨ ਕੀਤਾ ਗਿਆ। ਸਕੂਲ ਜੋ ਗੁਣਵੱਤਾ ਭਰਪੂਰ ਸਿੱਖਿਆ ਦੇ ਨਾਲ-ਨਾਲ ਵਿਦਿਆਰਥੀਆਂ ਦੇ ਬੌਧਿਕ, ਮਾਨਸਿਕ ਅਤੇ ਸਮਾਜਿਕ ਵਿਕਾਸ ਲਈ ਹਮੇਸ਼ਾ ਯਤਨਸ਼ੀਲ ਰਹਿੰਦਾ ਹੈ, ਵੱਲੋਂ ਕਰਵਾਇਆ ਗਿਆ ਇਹ ਟ੍ਰਿਪ ਵਿਦਿਆਰਥਣਾਂ ਲਈ ਯਾਦਗਾਰ ਸਾਬਤ ਹੋਇਆ। ਸਕੂਲ ਪ੍ਰਬੰਧਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਰਡੀਜ਼ ਵਰਲਡ ਜੋ ਪੰਜਾਬ ਦੇ ਪ੍ਰਸਿੱਧ ਐਮਿਊਜ਼ਮੈਂਟ ਅਤੇ ਵਾਟਰ ਪਾਰਕਾਂ ਵਿਚੋਂ ਇਕ ਹੈ ਵਿਖੇ ਵਿਦਿਆਰਥਣਾਂ ਨੇ ਜਾਇੰਟ ਵੀਲ, ਕੋਲੰਬਸ, ਬ੍ਰੇਕ ਡਾਂਸ, ਟਵਿਸਟਰ, ਡਰੈਗਨ ਟ੍ਰੇਨ ਸਮੇਤ ਕਈ ਰੋਮਾਂਚਕ ਰਾਈਡਾਂ ਦਾ ਭਰਪੂਰ ਆਨੰਦ ਮਾਣਿਆ। ਇਸ ਦੇ ਨਾਲ ਹੀ ਵੇਵ ਪੂਲ, ਰੇਨ ਡਾਂਸ, ਵੱਖ-ਵੱਖ ਵਾਟਰ ਸਲਾਈਡਾਂ ਅਤੇ ਹੋਰ ਜਲ-ਖੇਡਾਂ ਵਿਚ ਵੀ ਉਤਸ਼ਾਹ ਨਾਲ ਭਾਗ ਲਿਆ। ਪਾਰਕ ਦਾ ਸਾਫ਼-ਸੁਥਰਾ, ਹਰਾ-ਭਰਾ ਅਤੇ ਮਨਮੋਹਕ ਵਾਤਾਵਰਣ ਵਿਦਿਆਰਥਣਾਂ ਲਈ ਖ਼ਾਸ ਆਕਰਸ਼ਣ ਦਾ ਕੇਂਦਰ ਰਿਹਾ। ਟ੍ਰਿਪ ਦੌਰਾਨ ਵਿਦਿਆਰਥਣਾਂ ਨੇ ਆਪਣੇ ਅਧਿਆਪਕਾਂ ਅਤੇ ਸਹੇਲੀਆਂ ਨਾਲ ਯਾਦਗਾਰੀ ਪਲ ਬਿਤਾਏ, ਸਮੂਹਿਕ ਤਸਵੀਰਾਂ ਖਿੱਚਵਾਈਆਂ ਅਤੇ ਸੁਆਦੀ ਭੋਜਨ ਦਾ ਵੀ ਆਨੰਦ ਮਾਣਿਆ। ਇਸ ਯਾਤਰਾ ਨੇ ਮਨੋਰੰਜਨ ਦੇ ਨਾਲ-ਨਾਲ ਆਪਸੀ ਸਹਿਯੋਗ, ਟੀਮ ਵਰਕ, ਅਨੁਸ਼ਾਸਨ ਅਤੇ ਜ਼ਿੰਮੇਵਾਰੀ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ। ਸਕੂਲ ਦੇ ਅਧਿਆਪਕਾਂ ਦੀ ਦੇਖ-ਰੇਖ ਅਤੇ ਮਾਰਗਦਰਸ਼ਨ ਹੇਠ ਸਾਰੀਆਂ ਗਤੀਵਿਧੀਆਂ ਸੁਚਾਰੂ ਅਤੇ ਸੁਰੱਖਿਅਤ ਢੰਗ ਨਾਲ ਸੰਪੰਨ ਹੋਈਆਂ। ਵਿਦਿਆਰਥਣਾਂ ਨੇ ਹਰ ਗਤੀਵਿਧੀ ਵਿੱਚ ਪੂਰੇ ਉਤਸ਼ਾਹ ਨਾਲ ਭਾਗ ਲੈਂਦਿਆਂ ਸੁਰੱਖਿਆ ਨਿਯਮਾਂ ਦੀ ਪੂਰੀ ਪਾਲਣਾ ਕੀਤੀ। ਸਫ਼ਲ ਅਤੇ ਸੁਚੱਜੇ ਪ੍ਰਬੰਧਾਂ ਕਾਰਨ ਪੂਰਾ ਟ੍ਰਿਪ ਖੁਸ਼ਗਵਾਰ ਅਤੇ ਯਾਦਗਾਰ ਬਣਿਆ ਅਤੇ ਸਾਰੀਆਂ ਵਿਦਿਆਰਥਣਾਂ ਖੁਸ਼ੀ ਭਰੇ ਚਿਹਰਿਆਂ ਨਾਲ ਵਾਪਸ ਪਰਤੀਆਂ। ਇਸ ਮੌਕੇ ਸਕੂਲ ਪ੍ਰਿੰਸੀਪਲ ਰਮਨਜੀਤ ਕੌਰ ਨੇ ਕਿਹਾ ਕਿ ਅਜਿਹੇ ਵਿਦਿਅਕ ਅਤੇ ਮਨੋਰੰਜਕ ਟ੍ਰਿਪ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਮਹੱਤਵਪੂਰਨ ਹੁੰਦੇ ਹਨ। ਇਨ੍ਹਾਂ ਰਾਹੀਂ ਵਿਦਿਆਰਥੀ ਕਿਤਾਬੀ ਗਿਆਨ ਦੇ ਨਾਲ-ਨਾਲ ਵਿਹਾਰਕ ਜੀਵਨ ਦੇ ਤਜਰਬੇ ਵੀ ਹਾਸਲ ਕਰਦੇ ਹਨ, ਜਿਸ ਨਾਲ ਉਨ੍ਹਾਂ ਦਾ ਆਤਮ-ਵਿਸ਼ਵਾਸ ਵਧਦਾ ਹੈ ਅਤੇ ਸ਼ਖ਼ਸੀਅਤ ਨੂੰ ਨਿਖਾਰ ਮਿਲਦਾ ਹੈ। ਸਕੂਲ ਦੇ ਚੇਅਰਮੈਨ ਸ. ਕੁਲਵੰਤ ਸਿੰਘ ਸੰਧੂ ਅਤੇ ਐੱਮਡੀ ਰਣਜੀਤ ਕੌਰ ਸੰਧੂ ਨੇ ਕਿਹਾ ਕਿ ਹੇਮਕੁੰਟ ਸਕੂਲ ਦਾ ਮਕਸਦ ਵਿਦਿਆਰਥੀਆਂ ਨੂੰ ਉੱਚ ਪੱਧਰੀ ਸਿੱਖਿਆ ਦੇ ਨਾਲ-ਨਾਲ ਅਜਿਹੇ ਮੌਕੇ ਵੀ ਪ੍ਰਦਾਨ ਕਰਨਾ ਹੈ, ਜੋ ਉਨ੍ਹਾਂ ਦੇ ਸਰੀਰਕ, ਮਾਨਸਿਕ ਅਤੇ ਸਮਾਜਿਕ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਉਣ। ਉਨ੍ਹਾਂ ਵਿਦਿਆਰਥਣਾਂ ਨੂੰ ਹਰ ਮੌਕੇ ਦਾ ਲਾਭ ਉਠਾਉਂਦੇ ਹੋਏ ਨਵਾਂ ਸਿੱਖਣ, ਅਨੁਸ਼ਾਸਨ ਨਾਲ ਅੱਗੇ ਵਧਣ ਅਤੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪ੍ਰੇਰਿਤ ਕੀਤਾ।